9876071600
ਚੰਡੀਗੜ੍ਹ : ਇਨ੍ਹੀਂ ਦਿਨੀਂ ਵਿਧਾਨ ਸਭਾ ਚੋਣ ਸਰਗਰਮੀਆਂ ਦੌਰਾਨ ਰੌਲਾ ਰੱਪਾ ਜੋਰਾਂ ‘ਤੇ ਹੈ ਅਤੇ ਇਸ ਦੌਰਾਨ ਹਰ ਇਲਾਕੇ ਵਿਚ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਭਰੇ ਜਾ ਰਹੇ ਨਾਮਜ਼ਦਗੀ ਪੱਤਰਾਂ ਦੇ ਸਿਲਸਲੇ ਦੌਰਾਨ ਸ਼ਕਤੀ ਪ੍ਰਦਰਸ਼ਨਾਂ ਦਾ ਦੌਰ ਵੀ ਖੂਬ ਚੱਲ ਰਿਹਾ ਹੈ। ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਪਾਰਟੀ ਦੇ ਨਾਲ ਪੰਜਾਬ ਵਿਚੋਂ ਗੁੰਡਾਗਰਦੀ ਖਤਮ ਕਰਕੇ ਸ਼ਾਂਤੀਪੂਰਵਕ ਪ੍ਰਬੰਧ ਦੇਣ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਵੱਡੇ ਇਕੱਠ ਕੀਤੇ ਜਾ ਰਹੇ ਹਨ।
ਚੋਣਾ ਵਿਚ ਹਿੱਸਾ ਲੈਣ ਲਈ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਨਾ ਇਕ ਸੰਵਿਧਾਨਕ ਪ੍ਰਬੰਧ ਦਾ ਹਿੱਸਾ ਹੈ ਅਤੇ ਇਸ ਮੌਕੇ ਉਮੀਦਵਾਰ ਨੇ ਆਪਣੀ ਨਿੱਜੀ ਪਹਿਚਾਣ ਦੇ ਨਾਲ ਨਾਲ ਆਪਣੇ ਚਰਿੱਤਰ ਅਤੇ ਯੋਗਤਾ ਬਾਰੇ ਸਬੂਤ ਪੇਸ਼ ਕਰਨੇ ਹੁੰਦੇ ਹਨ। ਇਸ ਲਈ ਭਾਰਤੀ ਚੋਣ ਕਮਿਸ਼ਨ ਵਲੋਂ ਨਿਯੁਕਤ ਰਿਟਰਨਿੰਗ ਅਫਸਰ ਵਲੋਂ ਉਮੀਦਵਾਰ ਦੇ ਸਾਰੇ ਦਸਤਾਵੇਜ਼ਾਂ ਦੀ ਪੜਤਾਲ ਕਰਕੇ ਸਬੰਧਿਤ ਉਮੀਦਵਾਰਾਂ ਨੂੰ ਚੋਣਾ ਲੜਨ ਲਈ ਯੋਗ ਕਰਾਰ ਦੇਣਾ ਹੁੰਦਾ ਹੈ ਅਤੇ ਉਮੀਦਵਾਰ ਵਜੋਂ ਸੂਚੀਕ੍ਰਿਤ ਕਰਨਾ ਹੁੰਦਾ ਹੈ। ਹੈਰਾਨੀ ਉਸ ਵੇਲੇ ਹੁੰਦੀ ਹੈ ਜਦੋਂ ਉਮੀਦਵਾਰਾਂ ਵਲੋਂ ਇਸ ਦਫਤਰੀ ਜਾਂ ਸਰਕਾਰੀ ਕੰਮ ਵਾਸਤੇ ਸ਼ਕਤੀਪ੍ਰਦਰਸ਼ਨ ਕੀਤਾ ਜਾਂਦਾ ਹੈ ਅਤੇ ਪੂਰਾ ਜੋਰ ਲਗਾ ਕੇ ਵੱਡਾ ਇਕੱਠ ਕੀਤਾ ਜਾਂਦਾ ਹੈ। ਸਮਝ ਨਹੀਂ ਆ ਰਹੀ ਕਿ ਇਹ ਇਕੱਠ ਰਿਟਰਨਿੰਗ ਅਫਸਰ ਨੂੰ ਡਰਾਉਣ ਲਈ ਕੀਤਾ ਜਾਂਦਾ ਹੈ ਜਾਂ ਫਿਰ ਲੋਕਾਂ ਵਿਚ ਗੁੰਡਾਗਰਦੀ ਦੀ ਧਾਂਕ ਜਮਾਉਣ ਲਈ ਕੀਤਾ ਜਾਂਦਾ ਹੈ। ਕਿਉਂਕਿ ਇਹ ਚੋਣ ਪ੍ਰਚਾਰ ਦਾ ਹਿੱਸਾ ਤਾਂ ਜਾਪ ਨਹੀਂ ਰਿਹਾ, ਕਿਉਂਕਿ ਚੋਣ ਰੈਲੀਆਂ ਦਾ ਸਿਲਸਲਾ ਤਾਂ ਚੱਲ ਹੀ ਰਿਹਾ ਹੁੰਦਾ ਹੈ ਅਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਨਾਲ ਚੋਣ ਰੈਲੀ ਦਾ ਕੋਈ ਸਬੰਧ ਵੀ ਨਹੀਂ ਹੁੰਦਾ। ਸਗੋਂ ਇਸ ਨਾਲ ਰਿਟਰਨਿੰਗ ਅਫਸਰ ਦੇ ਕੰਮ ਵਿਚ ਵਿਘਨ ਹੀ ਪੈਂਦਾ ਹੈ। ਕਈ ਵਾਰ ਰਿਟਰਨਿੰਗ ਅਫਸਰ ਦੇ ਸੁਰੱਖਿਆ ਅਮਲੇ ਨੂੰ ਉਮੀਦਵਾਰਾਂ ਦੇ ਸਮਰੱਥਕਾਂ ਨਾਲ ਝਗੜਨਾ ਵੀ ਪੈ ਜਾਂਦਾ ਹੈ। ਇਸ ਸਬੰਧੀ ਕੁੱਝ ਦੋਸਤਾਂ ਨਾਲ ਵਿਚਾਰ ਸਾਂਝੇ ਕੀਤੇ ਤਾਂ ਉਨ੍ਹਾਂ ਨੇ ਦਲੀਲ ਦਿੱਤੀ ਕਿ ਜਿਸ ਤਰਾਂ ਵਿਆਹ ਸ਼ਾਦੀ ਦੇ ਜਸ਼ਨਾਂ ਮੌਕੇ ਇਕੱਠ ਕੀਤਾ ਜਾਂਦਾ ਹੈ, ਜਿਸਦੀ ਵੈਸੇ ਕੋਈ ਤੁਕ ਨਹੀਂ ਹੁੰਦੀ, ਉਸੇ ਤਰਾਂ ਹੀ ੳੁਮੀਦਵਾਰ ਲਈ ਇਹ ਵੀ ਇਕ ਖੁਸ਼ੀ ਦਾ ਮੌਕੇ ਹੁੰਦਾ ਹੈ ਅਤੇ ਉਸ ਵਲੋਂ ਮਨਾਏ ਜਾਂਦੇ ਜਸ਼ਨਾਂ ਦਾ ਹਿੱਸਾ ਹੀ ਹੈ। ਮੇਰਾ ਸੁਆਲ ਇਥੇ ਇਹ ਹੈ ਕਿ ਵਿਆਹ ਦਾ ਸ਼ਗਨ ਮੁਢਲੇ ਰਸਮੋ ਰਿਵਾਜਾਂ ਤੋਂ ਬਾਅਦ ਮਨਾਏ ਜਾਂਦੇ ਹਨ, ਜਦੋਂ ਵਿਆਹ ਦਾ ਮੁਢਲਾ ਪੜਾਅ ਮੁਕੰਮਲ ਹੋ ਜਾਂਦਾ ਹੈ। ਮੇਰਾ ਦੋਸਤਾਂ ਨੂੰ ਵੀ ਇਹੀ ਸੁਆਲ ਸੀ ਕਿ ਵਿਆਹ ਦੇ ਸ਼ਗਨਾਂ ‘ਤੇ ਤਾਂ ਇਕੱਠ ਕਰਨ ਦੀ ਤੁਕ ਬਣ ਗਈ, ਪਰ ਜਦੋਂ ਲੜਕੀ ਦੇਖਣ ਜਾਂਦੇ ਹਾਂ ਤਾਂ ਉਸ ਵੇਲੇ ਸਾਰੇ ਪਿੰਡ ਨੂੰ ਤਾਂ ਨਹੀਂ ਨਾਲ ਲੈ ਕੇ ਜਾਂਦੇ, ਫਿਰ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਸ਼ਕਤੀ ਪ੍ਰਦਰਸ਼ਨ ਦੀ ਕੀ ਤੁਕ? ਜਦੋਂ ਉਮੀਦਵਾਰ ਦੀ ਜਿੱਤ ਹੋ ਜਾਂਦੀ ਹੈ ਤਾਂ ਸ਼ਗਨ ਮਨਾਉਣੇ ਵੀ ਜਾਇਜ਼ ਜਾਪਦੇ ਹਨ।
ਆਮ ਤੌਰ ‘ਤੇ ਰਿਟਰਨਿੰਗ ਅਫਸਰ ਦਾ ਦਫਤਰ ਸ਼ਹਿਰ ਦੇ ਸੰਘਣੇ ਇਲਾਕੇ ਵਿਚ ਹੁੰਦਾ ਹੈ। ਇਸ ਲਈ ਨਾਮਜ਼ਦਗੀਆਂ ਮੌਕੇ ਸ਼ਕਤੀ ਪ੍ਰਦਰਸ਼ਨ ਨਾਲ ਆਮ ਲੋਕਾਂ ਨੂੰ ਜਿਹੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉਸ ਦਾ ਕੌਣ ਜੁੰਮੇਵਾਰ ਹੈ? ਪੰਜਾਬ ਵਿਚ ਸ਼ੋ੍ਮਣੀ ਅਕਾਲੀ ਦਲ ਦਾ ਤਾਂ ਇਕ ਤਰਾਂ ਵਿਰਸਾ ਹੀ ਅਜਿਹਾ ਹੈ ਕਿ ਜੇਕਰ ਮੁੱਖ ਮੰਤਰੀ ਸਾਹਿਬ ਕਿਸੇ ਦੀ ਮੌਤ ਦਾ ਅਫਸੋਸ ਕਰਨ ਵੀ ਕਿਸੇ ਦੇ ਘਰ ਜਾਂਦੇ ਹਨ, ਤਾਂ ਉਥੇ ਅਕਾਲੀ ਦਲ ਦੀ ਰੈਲੀ ਵਾਲਾ ਹੋ ਜਾਂਦਾ ਹੈ। ਪਰ ਆਮ ਲੋਕਾਂ ਦੀ ਗੱਲ ਕਰਨ ਅਤੇ ਸ਼ਾਂਤੀਪੂਰਨ ਪ੍ਰਬੰਧ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਵੀ ਇਸ ਮਾਮਲੇ ਵਿਚ ਸਭ ਤੋਂ ਮੂਹਰੇ ਹੈ। ਆਖਰ ਸ਼ਾਂਤੀਪੂਰਨ ਪ੍ਰਬੰਧ ਦੇ ਸਮਰੱਕ ਆਗੂਆਂ ਨੂੰ ਵੀ ਨਾਮਜ਼ਦਗੀਆਂ ਵੇਲੇ ਸ਼ਕਤੀਪ੍ਰਦਰਸ਼ਨ ਕਰਨ ਦੀ ਕੀ ਲੋੜ ਪੈ ਜਾਂਦੀ ਹੈ? ਮੇਰੀ ਸਮਝ ਅਨੁਸਾਰ ਤਾਂ ਇਸ ਨੂੰ ਵੀ ਗੁੰਡਾਗਰਦੀ ਦਾ ਖੁੱਲ੍ਹਾ ਪ੍ਰਦਰਸ਼ਨ ਹੀ ਕਿਹਾ ਜਾਣਾ ਚਾਹੀਦਾ ਹੈ। ਇਸ ਲਈ ਬੁੱਧੀਜੀਵੀਆਂ ਨੂੰ ਵੀ ਇਸ ਵਰਤਾਰੇ ਬਾਰੇ ਵਿਚਾਰ ਕਰਨੀ ਚਾਹੀਦੀ ਹੈ ਅਤੇ ਚੋਣ ਕਮਿਸ਼ਨ ਨੂੰ ਵੀ ਅਪੀਲ ਹੈ ਕਿ ਇਸ ਮਾਮਲੇ ਬਾਰੇ ਗੰਭੀਰਤਾ ਨਾਲ ਸੋਚਿਆ ਜਾਵੇ।