ਸਰਦੂਲਗੜ੍ਹ, 21 ਸਤੰਬਰ- ਨਿਊ ਢੰਡਾਲ ਨਹਿਰ ਵਿੱਚੋਂ ਪਿੰਡ ਆਹਲੂਪੁਰ ਕੋਲੋਂ ਨਿਕਲਦਾ ਰੋੜਕੀ ਮਾਇਨਰ ਪਾਣੀ ਨਾ ਆਉਣ ਕਰਕੇ ਪਿਛਲੇ ਇੱਕ ਸਾਲ ਤੋਂ ਡੋਬੇ ਸੋਕੇ ਹੈ। ਵਾਰ ਵਾਰ ਟੁੱਟਣ ਕਰਕੇ ਨਹਿਰ ਵਿੱਚ ਪਾਣੀ ਹੀ ਨਹੀਂ ਛੱਡਿਆ ਜਾਂਦਾ ਜਿਸ ਕਰਕੇ ਸਾਧੂਵਾਲਾ ,ਰੋੜਕੀ, ਫੂਸ ਮੰਡੀ , ਕੌੜੀ ਸਰਦੂਲਗੜ੍ਹ ਅਤੇ ਝੰਡਾ ਖੁਰਦ ਦੇ ਲੋਕ ਪੀਣ ਅਤੇ ਸਿੰਜਾਈ ਦੇ ਪਾਣੀ ਨੂੰ ਤਰਸ ਗਏ ਹਨ। ਸਾਧੂਵਾਲਾ ਪਿੰਡ ਦੇ ਜਲਵੰਤ ਸਿੰਘ ਅਤੇ ਮੇਜਰ ਸਿੰਘ ਨੇ ਦੱਸਿਆ ਅਸੀਂ ਇਸ ਨਹਿਰ ਦੀ ਮਗਨਰੇਗਾ ਤਹਿਤ ਕੌੜੀ ਪਿੰਡ ਤੱਕ ਸਫਾਈ ਵੀ ਖੁਦ ਕਰਵਾ ਦਿੱਤੀ ਸੀ ਪਰ ਪਾਣੀ ਸਾਡੇ ਖੇਤਾਂ ਤੱਕ ਫਿਰ ਵੀ ਨਹੀਂ ਪੁੱਜਾ । ਸਾਧੂਵਾਲਾ ਦੇ ਜਲਵੰਤ ਸਿੰਘ , ਮੇਜਰ , ਫੂਸ ਮੰਡੀ ਦੇ ਭਗਵਾਨ ਸਿੰਘ, ਰੋੜਕੀ ਦੇ ਪਰਮਜੀਤ ਸਿੰਘ ਅਤੇ ਕਾਮਰੇਡ ਲਾਲ ਚੰਦ ਨੇ ਦੱਸਿਆ ਮਹਿਕਮੇ ਨੇ ਕੌੜੀ ਤੋਂ ਆਹਲੁਪਰ ਦਾ ਟੋਟਾ ਸਫਾ ਹੀ ਨਹੀਂ ਕਰਵਾਇਆ ਜਿਸ ਕਰਕੇ ਵਾਰ ਵਾਰ ਨਹਿਰ ਟੁੱਟ ਰਹੀ ਹੈ। ਲੋਕਾਂ ਕਿਹਾ ਮਹਿਮਕੇ ਨੇ ਸਫਾਈ ਕਰਨ ਦੀ ਥਾਂ ਮੋਘੇ ਵਿੱਚ ਹੀ ਪੱਥਰ ਰੱਖ ਕੇ ਨਹਿਰ ਹੀ ਬੰਦ ਕਰ ਰੱਖੀ ਹੈ। ਨਿਊ ਢੰਡਾਲ ਵਿੱਚੋਂ ਨਿਕਲਦੇ ਇਸ ਮਾਇਨਰ ਦੇ ਵਾਰ ਵਾਰ ਟੁੱਟਣ ਕਰਕੇ ਆਹਲੂਪਰ ਕੋਲ ਨਿਊ ਢੰਡਾਲ ਅਤੇ ਸੁਖਚੈਨ ਨਹਿਰ ਦੇ ਵਿਚਕਾਰ ਵੱਡਾ ਟੋਭਾ ਬਣ ਗਿਆ ਹੈ । ਰੋੜਕੀ ਮਾਇਨਰ ਦਾ ਪਾਣੀ ਖੇਤਾਂ ਵਿੱਚ ਜਾਣ ਦੀ ਥਾਂ ਇਸ ਟੋਭੇ ਵਿੱਚ ਹੀ ਸਮਾ ਰਿਹਾ ਹੈ। ਲੋਕਾਂ ਦੱਸਿਆ ਇੱਕ ਪਾਸੇ ਅਸੀਂ ਅਤੇ ਸਾਡੇ ਖੇਤ ਪਿਆਸੇ ਹਨ ਪਰ ਦੂਸਰੇ ਪਾਸੇ ਮਹਿਕਮੇ ਦੀ ਅਣਗਹਿਲੀ ਅਤੇ ਸੁਸਤੀ ਕਾਰਨ ਨਹਿਰ ਦਾ ਪਾਣੀ ਗੰਦੇ ਛੱਪੜ ਵਿੱਚ ਡਿੱਗ ਰਿਹਾ ਹੈ। ਲੋਕਾਂ ਮੰਗ ਕੀਤੀ ਹੈ ਕਿ ਨਹਿਰ ਦੀ ਮਰੁੰਮਤ ਅਤੇ ਸਫਾਈ ਕਰਕੇ ਲੋੜੀਂਦੀ ਮਾਤਰਾ ਅਨੁਸਾਰ ਪਾਣੀ ਦਿੱਤਾ ਜਾਵੇ। ਨਿਹਰ ਵਿਭਾਗ ਦੇ ਜੇਈ ਪ੍ਰਵੀਨ ਕੁਮਾਰ ਨੇ ਕਿਹਾ ਕਈ ਥਾਂ ਤੋਂ ਟੁੱਟੀ ਨਹਿਰ ਦੀ ਮੁਰੰਮਤ ਲਈ ਸੁੱਕਰਵਾਰ ਤੋਂ ਠੇਕੇਦਾਰ ਕੰਮ ਸ਼ੁਰੂ ਕਰਗੇ ।ਮੁਰੰਮਤ ਤੋਂ ਬਾਅਦ ਨਹਿਰ ਦੀ ਸਫਾਈ ਆਦਿ ਕਰਵਾ ਕੇ ਚਾਰ ਅਕਤੂਬਰ ਤੋਂ ਪਾਣੀ ਛੱਡ ਦਿੱਤਾ ਜਾਵੇਗਾ ।