best platform for news and views

ਨਸ਼ੇ ਦੀ ਉਵਰਡੋਜ਼ ਨਾਲ ਮੁੰਡੇ-ਕੁੜੀਆਂ ਦੀਆਂ ਮੌਤਾਂ ਨੇ ਕੈਪਟਨ ਸਰਕਾਰ ਦਾ ਪਰਦਾਫਾਸ਼ ਕੀਤਾ-ਹਰਪਾਲ ਸਿੰਘ ਚੀਮਾ

Please Click here for Share This News

ਚੰਡੀਗੜ੍ਹ 19 ਜੂਨ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਨਸ਼ਿਆਂ ਦੀ ਬਿਮਾਰੀ ਬੇਕਾਬੂ ਹੋ ਗਈ ਹੈ। ਨੌਜਵਾਨਾਂ ਦੇ ਨਾਲ-ਨਾਲ ਲੜਕੀਆਂ ਦਾ ਵੀ ਨਸ਼ੇ ਦੀ ਓਵਰ ਡੋਜ਼ ਨਾਲ ਮਰਨਾ ਬੇਕਾਬੂ ਹਲਾਤਾਂ ਦਾ ਨਤੀਜਾ ਹੈ। ਪਿਛਲੀ ਬਾਦਲ ਸਰਕਾਰ ਵਾਂਗ ਕੈਪਟਨ ਸਰਕਾਰ ਵੀ ਨਸ਼ਿਆਂ ‘ਤੇ ਕਾਬੂ ਪਾਉਣ ‘ਚ ਬੁਰੀ ਤਰ੍ਹਾਂ ਫਲਾਪ ਸਾਬਤ ਹੋਈ ਹੈ, ਜਦਕਿ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਸੱਤਾ ਸੰਭਾਲਣ ਦੇ 4 ਹਫ਼ਤਿਆਂ ‘ਚ ਸੂਬੇ ਅੰਦਰ ਨਸ਼ਿਆਂ ਅਤੇ ਤਸਕਰਾਂ ਦੇ ਨੈੱਟਵਰਕ ਨੂੰ ਜੜ੍ਹੋਂ ਪੁੱਟਣ ਦਾ ਵਾਅਦਾ ਕੀਤਾ ਸੀ। ਢਾਈ ਸਾਲ ਬੀਤ ਜਾਣ ਦੇ ਬਾਵਜੂਦ ਜੋ ਹਾਲਤ ਪੰਜਾਬ ‘ਚ ਬਣੇ ਹੋਏ ਹਨ, ਉਹ ਬੇਹੱਦ ਚਿੰਤਾ ਦਾ ਵਿਸ਼ਾ ਹਨ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਠਿੰਡਾ ‘ਚ 24 ਸਾਲਾ ਲੜਕੀ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਮੰਡੀ ਲੱਖੇਵਾਲੀ ‘ਚ ਨਸ਼ੇ ਦੀ ਉਵਰਡੋਜ ਨਾਲ ਮਰਨਾ ਸਾਧਾਰਨ ਘਟਨਾਵਾਂ ਨਹੀਂ ਹਨ, ਪਰੰਤੂ ਫਿਰ ਵੀ ਸਰਕਾਰ ਨੇ ਨਸ਼ਾ ਤਸਕਰਾਂ ਨੂੰ ਖੁੱਲ ਦੇ ਰੱਖੀ ਹੈ।
ਚੀਮਾ ਨੇ ਯਾਦ ਕਰਵਾਇਆ ਕਿ ਢਾਈ-ਤਿੰਨ ਮਹੀਨੇ ਪਹਿਲਾਂ ਰਾਮਾ ਮੰਡੀ (ਬਠਿੰਡਾ) ਦੀ ਇੱਕ ਸਕੂਲੀ ਵਿਦਿਆਰਥਣ ਨੇ ਖ਼ੁਲਾਸੇ ਕੀਤੇ ਸਨ ਕਿ ਨਸ਼ੇ ਦੇ ਵਪਾਰੀ ਕਿਵੇਂ ਗਲੀ-ਮੁਹੱਲਿਆਂ ਤੱਕ ਨਸ਼ੇ ਦੀ ‘ਹੋਮਡਿਲਵਰੀ’ ਕਰਦੇ ਹਨ ਅਤੇ ਸਕੂਲੀ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਤੱਕ ਨੂੰ ਨਸ਼ੇ ਦੇ ਚੁੰਗਲ ‘ਚ ਫਸਾਉਂਦੇ ਹਨ।
ਚੀਮਾ ਨੇ ਕਿਹਾ ਕਿ ਨਸ਼ੇ ਦਾ ਕਾਲਾ ਕਾਰੋਬਾਰ ਸਿਆਸੀ ਅਤੇ ਪੁਲਸ ਪ੍ਰਸ਼ਾਸਨ ਦੀ ਸਰਪ੍ਰਸਤੀ ਬਗੈਰ ਚੱਲ ਹੀ ਨਹੀਂ ਸਕਦਾ। ਹਾਲ ਹੀ ਦੌਰਾਨ ਫ਼ਿਰੋਜ਼ਪੁਰ ਦੇ ਐਸਐਸਪੀ ਸੰਦੀਪ ਗੋਇਲ ਵੱਲੋਂ ਨਸ਼ਾ ਮਾਫ਼ੀਆ ‘ਚ ਪੁਲਸ ਵਿਭਾਗ ਦੀਆਂ ‘ਕਾਲੀਆਂ ਭੇਡਾਂ’ ਦੀ ਮਿਲੀਭੁਗਤ ਬਾਰੇ ਕੀਤੇ ਦਾਅਵਿਆਂ ਨੇ ਸਭ ਕੁੱਝ ਸਾਫ਼ ਕਰ ਦਿੱਤਾ ਹੈ। ਚੀਮਾ ਮੁਤਾਬਿਕ ਅਫ਼ਸੋਸ ਇਸ ਗੱਲ ਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਨਸ਼ਿਆਂ ਵਿਰੁੱਧ ਜਿੰਨੀ ਸਖ਼ਤੀ ਅਤੇ ਫੁਰਤੀ ਨਾਲ ਕਦਮ ਚੁੱਕਣੇ ਚਾਹੀਦੇ ਸਨ ਅਤੇ ਨਸ਼ੇ ਦੇ ਵੱਡੇ ਤਸਕਰਾਂ ਨੂੰ ਨੱਪ ਕੇ ਸਪਲਾਈ ਚੇਨ ਤੋੜਨੀ ਚਾਹੀਦੀ ਸੀ, ਅਜਿਹਾ ਕੁੱਝ ਨਹੀਂ ਕੀਤਾ, ਸਗੋਂ ਬਾਦਲਾਂ ਵਾਂਗ ਨਸ਼ਾ ਮਾਫ਼ੀਆ ਅੱਗੇ ਗੋਡੇ ਟੇਕ ਦਿੱਤੇ।
ਚੀਮਾ ਨੇ ਕਿਹਾ ਕਿ ਐਨਸੀਬੀ (ਨਾਰਕੋਟਿਕਸ ਕੰਟਰੋਲ ਬਿਊਰੋ) ਦਾ ਪੰਜਾਬ ‘ਚ ਬੈਠ ਕੇ ਨਸ਼ਿਆਂ ਖ਼ਿਲਾਫ਼ ਮੁਹਿੰਮ ਛੇੜਨਾ ਜਿੱਥੇ ਸਵਾਗਤ ਯੋਗ ਕਦਮ ਹੈ। ਉੱਥੇ ਇਸ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ‘ਚ ਸੂਬਾ ਸਰਕਾਰ ਦੀ ਢਿੱਲਮੱਠ ਅਤੇ ਨਸ਼ਾ ਮਾਫ਼ੀਆ ਦੀਆਂ ਡੂੰਘੀਆਂ ਜੜ੍ਹਾਂ ਕਾਰਨ ਨਸ਼ਾ ਇਸ ਕਦਰ ਫੈਲ ਗਿਆ ਹੈ। ਜਿਸ ‘ਤੇ ਕਾਬੂ ਪਾਉਣਾ ਕੈਪਟਨ ਸਰਕਾਰ ਦੇ ਵੀ ਵੱਸ ‘ਚ ਨਹੀਂ ਰਿਹਾ।
ਚੀਮਾ ਨੇ ਸਾਰੀਆਂ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਸਮੇਤ ਸਮੁੱਚੇ ਪੰਜਾਬ ਨੂੰ ਸੱਦਾ ਦਿੱਤਾ ਕਿ ਜਿੰਨਾ ਚਿਰ ਸਮਾਜ ਨਸ਼ਿਆਂ ਅਤੇ ਨਸ਼ਾ ਤਸਕਰਾਂ ਵਿਰੁੱਧ ਖ਼ੁਦ ਨਹੀਂ ਡਟੇਗਾ, ਉਨ੍ਹਾਂ ਚਿਰ ਨਸ਼ਿਆਂ ‘ਤੇ ਕਾਬੂ ਪਾਉਣਾ ਮੁਸ਼ਕਲ ਰਹੇਗਾ।

Please Click here for Share This News

Leave a Reply

Your email address will not be published. Required fields are marked *