
ਚੰਡੀਗੜ੍ਹ : ਭਾਵੇਂ ਕਾਂਗਰਸ ਵਲੋਂ ਅਜੇ ਤੱਕ ਭਾਜਪਾ ਛੱਡ ਚੁੱਕੇ ਨਵਜੋਤ ਸਿੰਘ ਸਿੱਧੂ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ, ਪਰ ਸ੍ਰੀ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਅੱਜ ਸਪਸਟ ਕੀਤਾ ਹੈ ਕਿ ਸ੍ਰੀ ਸਿੱਧੂ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜਨਗੇ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਸਿੱਧੂ ਨੇ ਕਿਹਾ ਕਿ ਅਗਲੇ ਦਿਨਾਂ ਵਿਚ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਹਾਜਰੀ ਵਿਚ ਐਲਾਨ ਕੀਤਾ ਜਾਵੇਗਾ ਅਤੇ ਅਗਲੀ ਰਣਨੀਤੀ ਤਹਿ ਕੀਤੀ ਜਾਵੇਗੀ। ਸ੍ਰੀਮਤੀ ਸਿੱਧੂ ਨੇ ਕਿਹਾ ਕਿ ਉਹ ਖੁਦ ਅਤੇ ਉਨ੍ਹਾਂ ਦੇ ਸਮਰੱਥਕ ਸ੍ਰੀ ਸਿੱਧੂ ਦੀ ਚੋਣ ਮੁਹਿੰਮ ਵਿਚ ਚੋਣ ਪ੍ਰਚਾਰ ਕਰਨਗੇ। ਵਰਨਣਯੋਗ ਹੈ ਕਿ ਅਜੇ ਤੱਕ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਪਾਰਟੀ ਵਿਚ ਪੁਜੀਸਨ ਬਾਰੇ ਭੰਬਲਭੂਸਾ ਬਣਿਆ ਹੋਇਆ ਹੈ। ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਨੇ ਸ੍ਰੀ ਸਿੱਧੂ ਬਾਰੇ ਕੁਮੈਂਟ ਕੀਤਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਆਮ ਆਦਮੀ ਪਾਰਟੀ ਵਲੋਂ ਉੱਪ ਮੁੱਖ ਮੰਤਰੀ ਦੇ ਆਹੁਦੇ ਦੀ ਆਫਰ ਕੀਤੀ ਗਈ ਸੀ, ਪਰ ਉਹ ਮੁੱਖ ਮੰਤਰੀ ਬਨਣਾ ਚਾਹੁੰਦੇ ਸਨ। ਇਸ ਲਈ ਹੁਣ ਕਾਂਗਰਸ ਪਾਰਟੀ ਵਿਚ ਨਵਜੋਤ ਸਿੰਘ ਸਿੱਧੂ ਦੀ ਸਥਿੱਤੀ ਕੀ ਰਹਿੰਦੀ ਹੈ, ਇਹ ਅਗਲੇ ਕੁੱਝ ਦਿਨਾਂ ਵਿਚ ਸਪਸਟ ਹੋ ਜਾਵੇਗਾ।