ਕਿੰਨਾ ਚੰਗਾ ਹੁੰਦਾ
ਤੂੰ ਮੈਨੂੰ ਮਿਲੀ ਨਾ ਹੁੰਦੀ
ਮੇਰੀ ਜ਼ਿੰਦਗੀ ਵਿੱਚ ਨਾ ਆਉਂਦੀ
ਮੇਰੇ ਨਾਲ ਰਿਸ਼ਤਾ ਨਾ ਬਣਾਉਂਦੀ
ਤੂੰ ਮੇਰੇ ਨਾਲ ਦੋਸਤੀ ਨਾ ਕਰਦੀ
ਤੂੰ ਮੇਰੇ ਨਾਲ ਪਿਆਰ ਨਾ ਵਧਾਉਂਦੀ
ਅਗਰ ਛੱਡ ਕੇ ਤੁਰ ਜਾਣਾ ਸੀ
ਇਕ ਦਿਨ
ਤੇ ਮੈਂ ਤੇਰੇ ਨਾਲ ਹਰ ਦੁੱਖ ਸੁੱਖ
ਸਾਂਝੇ ਨਾ ਕੀਤੇ ਹੁੰਦੇ
ਕਿਸੇ ਝੂਠੀ ਹਮਦਰਦੀ ਦੀ
ਉਡੀਕ ਤੇ ਨਾ ਹੁੰਦੀ
ਹਰ ਪੱਲ ਤੇਰਾ ਇੰਤਜ਼ਾਰ
ਤੇ ਨਾ ਕਰਦੀ ਕਿ ਸ਼ਾਇਦ
ਤੂੰ ਵਾਪਸ ਮੁੜ ਆਏਂ ਕਦੀ
ਤੇ ਪਿਆਰ ਗਲ਼ਵੱਕੜੀ ਪਾ
ਪੁੱਛਾਂ ਤੂੰ ਕਿਉਂ ਚਲੇ ਗਈ ਸੀ
ਹੁਣ ਮੈਨੂੰ ਛੱਡ ਕੇ ਤੇ
ਨਹੀਂ ਜਾਏਂਗੀ ਕਦੀ
ਕਿੰਨਾ ਚੰਗਾ ਹੁੰਦਾ
ਤੂੰ ਮੈਨੂੰ ਮਿਲੀ ਨਾ ਹੁੰਦੀ
ਇਹ ਦਰਦ ਵਿਛੋੜਾ ਤੇ
ਨਾ ਸਹਿਣਾ ਪੈਂਦਾ
ਹਰ ਵੇਲੇ ਹਉਕੇ ਤੇ ਨਾ ਭਰਦੀ
ਰਾਤਾਂ ਨੂੰ ਤ੍ਰਬਕ ਕੇ ਤੇ ਨਾ ਉੱਠਦੀ
ਅੱਖਾਂ ਤੇਰੇ ਮੈਸੇਜ ਪੜ੍ਹਣ ਨੂੰ
ਤਰਸ ਗਈਆਂ ਨੇ
ਕੰਨਾਂ ਵਿੱਚ ਹਰ ਵੇਲੇ
ਤੇਰੇ ਫ਼ੋਨ ਦੀ ਰਿੰਗ
ਸੁਣਾਈ ਦਿੰਦੀ ਹੈ
ਮੈਂ ਲਿਖਦੀ ਤੇ ਤੂੰ ਪੜ੍ਹਦੀ
ਤੇ ਫਿਰ ਗੁਣਗੁਣਾਉਂਦੀ
ਆਪਣੀ ਸੁਰੀਲੀ ਅਵਾਜ਼ ਵਿੱਚ
ਸੁਣਕੇ ਖ਼ੁਸ਼ੀ ਵਿੱਚ ਮੈਂ
ਫੁਲੀ ਨਾ ਸਮਾਉਂਦੀ
ਪਰ ਲੱਗਦਾ ਹੁਣ ਮੇਰੇ ਕੋਲ
ਕੋਈ ਸ਼ਬਦ ਨਹੀਂ
ਕੀ ਲਿਖਾਂ ਤੇ ਕੀ ਨਾ ਲਿਖਾਂ
ਮੇਰੇ ਸ਼ਬਦ ਤੂੰ ਨਾਲ ਲੈ ਗਈ
ਮੇਰੀ ਕਲਮ ਨੇ ਵੀ ਲਿਖਣਾ
ਬੰਦ ਕਰ ਦਿੱਤਾ
ਪਿਆਰ , ਮੁੱਹਬਤ , ਦੋਸਤੀ
ਇਹਨਾਂ ਸੱਭ ਤੋਂ ਹੁਣ
ਭਰੋਸਾ ਉੱਠ ਗਿਆ
ਕਦੀ ਲੱਗਦਾ ਸੀ ਕਿ
ਇਹ ਤੇ ਰੂਹਾਂ ਦੇ ਰਿਸ਼ਤੇ ਨੇ
ਤੂੰ ਮੇਰੀ ਜ਼ਿੰਦਗੀ ਵਿੱਚ
ਬਹਾਰ ਬਣ ਕੇ ਆਈ
ਇਹ ਨਹੀਂ ਸੀ ਪਤਾ ਕਿ
ਇਸ ਬਹਾਰ ਨੇ ਹੀ ਮੈਨੂੰ
ਵੀਰਾਨ ਕਰ ਦਿੱਤਾ
ਤੂੰ ਮੇਰੀ ਖ਼ਾਮੋਸ਼ੀ ਨੂੰ
ਨਹੀਂ ਪੜ੍ਹ ਸਕੀ
ਮੇਰੇ ਦਰਦਾਂ ਤੇ ਆ ਕੇ ਤੂੰ
ਮਲ੍ਹਮ ਨਹੀਂ ਲਗਾਈ
ਤੇਰੇ ਖਰਵੇ ਬੋਲ ਸੁਣ
ਮੇਰਾ ਹਿਰਦਾ ਵਲੂੰਧਰ ਗਏ
ਤੂੰ ਪਿੱਛੇ ਮੁੜ ਕੇ ਵੀ ਨਾ ਦੇਖਿਆ
ਕਿ ਜ਼ਿੰਦਾ ਹਾਂ ਕਿ ਮਰ ਗਏ
ਇਹ ਜੀਊਣਾ ਵੀ ਕੋਈ
ਜੀਊਣਾ ਹੁੰਦਾ
ਫਿਰ ਵੀ ਮੇਰੇ ਦੋਸਤ
ਹਰ ਪੱਲ ਤੇਰੀ ਸਲਾਮਤੀ ਦੀ
ਤੇਰੀ ਕਾਮਯਾਬੀ ਦੀ
ਤੇਰੀ ਖ਼ੁਸ਼ੀ ਦੀ
ਦੁਆ ਕਰਦੇ ਹਾਂ
ਜਿੱਥੇ ਰਹੇ ਸੁਖੀ ਵੱਸੇ
ਮੁੱਦਤਾਂ ਬਾਦ ਅੱਜ
ਕਲਮ ਪਕੜੀ ਤੇ ਤੂੰ
ਫਿਰ ਮੇਰੀਆਂ ਯਾਦਾਂ ਵਿੱਚ
ਆ ਗਈ
ਤੇ ਫਿਰ ਇਹ ਨਜ਼ਮ
ਤੇਰੇ ਨਾਮ ਲਿੱਖ ਬੈਠੀ
ਕਿੰਨਾ ਚੰਗਾ ਹੁੰਦਾ
ਤੂੰ ਮੈਨੂੰ ਮਿਲੀ ਨਾ ਹੁੰਦੀ
ਮੈਂ ਹਾਲੋਂ ਬੇਹਾਲ ਨਾ
ਹੋਈ ਹੁੰਦੀ
ਤੇਰੀਆਂ ਮਿੱਠੀਆਂ ਯਾਦਾਂ
ਮੈਨੂੰ ਬੇਚੈਨ ਨਾ ਕਰਦੀਆਂ
ਕਾਸ਼ ਤੂੰ ਵੀ ਕਦੀ
ਮੇਰੀ ਖ਼ਾਮੋਸ਼ੀ ਪੜ੍ਹ ਸਕਦੀ
ਮੇਰਾ ਦਰਦ ਪਹਿਚਾਣ
ਮੇਰੀ ਮੁੱਹਬਤ ਯਾਦ ਕਰ
ਭੱਜੀ ਆਉਂਦੀ ਮਿਲਣ
ਕਿੰਨਾ ਚੰਗਾ ਹੁੰਦਾ
ਤੂੰ ਮੈਨੂੰ ਮਿਲੀ ਨਾ ਹੁੰਦੀ
ਕਿਸੇ ਝੂਠੀ ਉਡੀਕ ਦੀ
ਆਸ ਤੇ ਨਾ ਹੁੰਦੀ
ਕਿ ਸ਼ਾਇਦ ਤੂੰ ਵਾਪਿਸ
ਆ ਮੈਨੂੰ ਕਲਾਵੇ ਵਿੱਚ ਭਰ
ਕਹੇਂ ਹੁਣ ਮੈਂ ਤੈਨੂੰ ਛੱਡਕੇ
ਕਦੀ ਨਹੀਂ ਜਾਵਾਂਗੀ
ਤੈਥੋਂ ਵਿੱਛੜ ਕੇ ਤੇ ਮੈਂ ਵੀ
ਕਦੀ ਖ਼ੁਸ਼ ਨਹੀਂ ਰਹਿ ਸਕੀ
ਕਿੰਨਾ ਚੰਗਾ ਹੁੰਦਾ
ਤੂੰ ਮੈਨੂੰ ਮਿਲੀ ਨਾ ਹੁੰਦੀ
( ਰਮਿੰਦਰ ਰਮੀ )