best platform for news and views

ਨਗਰ ਸੁਧਾਰ ਟਰੱਸਟ ਘੁਟਾਲਾ ਵਿਚ ਸ਼ਾਮਿਲ 7 ਅਧਿਕਾਰੀਆਂ ’ਤੇ ਕੇਸ ਦਰਜ

Please Click here for Share This News

ਚੋਰ ਅਤੇ ਚੋਰ ਦੀ ਮਾਂ ਤੱਕ ਕੀਤੀ ਜਾਵੇਗੀ ਕਾਰਵਾਈ-ਨਵਜੋਤ ਸਿੰਘ ਸਿੱਧੂ

ਰਾਜਨ ਮਾਨ

ਅੰਮਿ੍ਰਤਸਰ, 10 ਸਤੰਬਰ : ਹਾਲ ਹੀ ਵਿਚ ਸਾਹਮਣੇ ਆਏ ਅੰਮਿ੍ਰਤਸਰ ਨਗਰ ਸੁਧਾਰ ਟਰੱਸਟ ਦੇ ਘੁਟਾਲੇ ਦੀਆਂ ਪਰਤਾਂ ਸਥਾਨਕ ਸਰਕਾਰਾਂ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਗਈ ਪਹਿਲਕਦਮੀ ਨਾਲ ਖੁੱਲਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਵਿਭਾਗੀ ਜਾਂਚ ਤੋਂ ਬਾਅਦ ਇਹ ਜਾਂਚ ਹੁਣ ਅੰਮਿ੍ਰਤਸਰ ਪੁਲਿਸ ਦੇ ਹਵਾਲੇ ਕਰ ਦਿੱਤੀ ਗਈ ਹੈ। ਅੱਜ ਇਸ ਬਾਬਤ ਖੁਲਾਸਾ ਕਰਦੇ ਸ. ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਢਲੀ ਜਾਂਚ ਤਿੰਨ ਬੈਂਕ ਖਾਤਿਆਂ ਤੋਂ ਤੁਰੀ ਸੀ, ਜਿਸ ਵਿਚ 2-3 ਕਰੋੜ ਰੁਪਏ ਦੇ ਘਪਲੇ ਦਾ ਅੰਦਾਜ਼ੀ ਸੀ, ਦੀ ਜਦ ਵਿਭਾਗੀ ਅਧਿਕਾਰੀਆਂ ਨੇ ਜਾਂਚ ਕੀਤੀ ਤਾਂ ਇਹ 70 ਬੈਂਕ ਖਾਤਿਆਂ ਤੱਕ ਪਹੁੰਚ ਗਈ ਹੈ ਅਤੇ ਹੁਣ ਤੱਕ ਲਗਭਗ 80 ਕਰੋੜ ਰੁਪਏ ਖੁਰਦ-ਬੁਰਦ ਹੋਣ ਦੀ ਸੰਭਾਵਨਾ ਹੈ। ਉਨਾਂ ਦੱਸਿਆ ਕਿ ਇਸ ਘਪਲੇ ਵਿਚ ਸ਼ਾਮਿਲ ਕਥਿਤ ਵਿਭਾਗੀ ਅਧਿਕਾਰੀ ਸਰਕਾਰੀ ਖਾਤਿਆਂ ਵਿਚੋਂ ਪੈਸਾ ਆਪਣੇ ਰਿਸ਼ਤੇਦਾਰਾਂ ਦੇ ਨਾਮ ਟਰਾਂਸਫਰ ਕਰਦੇ ਰਹੇ ਹਨ ਅਤੇ ਵਿਭਾਗ ਦੀ ਕੋਈ ਆਡਿਟ ਨਾ ਹੋਣ ਕਾਰਨ ਘੁਟਾਲਾ ਛੁਪਿਆ ਰਿਹਾ।

ਸ. ਨਵਜੋਤ ਸਿੰਘ ਸਿੱਧੂ, ਜਿੰਨਾ ਕੋਲ ਇਹ ਵਿਭਾਗ ਆਉਂਦਾ ਹੈ, ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਵਿਭਾਗ ਦੇ ਮੁੱਖ ਵਿਜੀਲੈਂਸ ਅਧਿਕਾਰੀ ਸ੍ਰੀ ਸੁਦੀਪ ਸਿੰਘ ਮਾਣਕ ਦੀ ਅਗਵਾਈ ਹੇਠ ਕੀਤੀ ਗਈ ਜਾਂਚ ਦੇ ਅਧਾਰ ’ਤੇ ਈ. ਓ. ਅਰਵਿੰਦ ਸ਼ਰਮਾ, ਈ. ਓ. ਡੀ. ਸੀ. ਗਰਗ, ਈ. ਓ. ਪਰਮਜੀਤ ਸਿੰਘ, ਡੀ. ਸੀ. ਐਫ. ਏ. ਦਮਨ ਭੱਲਾ, ਸ੍ਰੀਮਤੀ ਟੀਨਾ ਵੋਹਰਾ, ਸੀ. ਏ. ਸੰਜੈ ਕਪੂਰ ਅਤੇ ਬਿਲ ਕਲਰਕ ਸਤਨਾਮ ਸਿੰਘ ਵਿਰੁੱਧ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਉਨਾਂ ਦੱਸਿਆ ਕਿ ਅਰਵਿੰਦਰ ਸ਼ਰਮਾ ਦੇ ਦਸਤਖਤਾਂ ਹੇਠ 49 ਚੈਕ, ਸ੍ਰੀ ਗਰਗ ਵੱਲੋਂ 2, ਪਰਮਜੀਤ ਸਿੰਘ ਵੱਲੋਂ ਤਿੰਨ ਚੈਕ ਆਪਣੇ ਦਸਤਖਤਾਂ ਹੇਠ ਜਾਰੀ ਕਰਕੇ ਇਹ ਪੈਸਾ ਕਢਵਾਇਆ ਗਿਆ ਹੈ। ਉਨਾਂ ਦੱਸਿਆ ਕਿ ਸਾਰੇ ਕਥਿਤ ਦੋਸ਼ੀਆਂ ਨੂੰ ਮੁਅੱਤਲ ਕਰਕੇ ਦੋਸ਼ ਪੱਤਰ ਜਾਰੀ ਕੀਤਾ ਜਾਵੇਗਾ। ਉਨਾਂ ਸਪੱਸ਼ਟ ਕੀਤਾ ਕਿ ਘੁਟਾਲੇ ਵਿਚ ਦੋਸ਼ੀ ਸਾਬਿਤ ਹੋਏ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ, ਚਾਹੇ ਉਹ ਨੇਤਾ ਹੋਵੇ ਜਾਂ ਅਧਿਕਾਰੀ ਸਾਰਿਆਂ ਨੂੰ ਸਜ਼ਾ ਦਿੱਤੀ ਜਾਵੇਗੀ। ਸ. ਸਿੱਧੂ ਨੇ ਕਿਹਾ ਕਿ ਜਾਂਚ ਵਿਚ ਪੁਲਿਸ ਨੂੰ ਖੁਦਮਖਤਾਰੀ ਦਿੱਤੀ ਗਈ ਹੈ ਕਿ ਉਹ ਚੋਰ ਨੂੰ ਫੜਨ ਦੇ ਨਾਲ-ਨਾਲ ‘ਚੋਰ ਦੀ ਮਾਂ’ ਨੂੰ ਤੱਕ ਪਹੁੰਚਣ, ਤਾਂ ਜੋ ਲੋਕਾਂ ਦੇ ਪੈਸਿਆਂ ਨੂੰ ਲੁੱਟਣ ਵਾਲੇ ਇਸ ਟੋਲੇ ਨੂੰ ਬੇਪਰਦ ਕਰਦੇ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾ ਸਕੇ।

ਸ. ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਮਹਿਕਮੇ ਦੀ ਸੀ. ਏ. ਨੇ ਕਦੇ ਇਸ ਘੁਟਾਲੇ ਦੀ ਜਾਂਚ ਨਹੀਂ ਕੀਤੀ, ਜਦਕਿ ਸਰਕਾਰ ਦੇ ਆਡੀਟਰ ਨੇ ਇੰਨਾਂ ਵੱਲੋਂ ਕੀਤੇ ਗਏ ਕੰਮਾਂ ’ਤੇ 631 ਇਤਰਾਜ਼ ਲਗਾਏ ਸਨ। ਉਨਾਂ ਦੱਸਿਆ ਕਿ ਇਹ ਨਗਰ ਸੁਧਾਰ ਟਰੱਸਟ ਦਾ ਹੁਣ ਤੱਕ ਦਾ ਵੱਡਾ ਘੁਟਾਲਾ ਹੋ ਸਕਦਾ ਹੈ, ਜਿਸ ਵਿਚ ਲੋਕਾਂ ਦੇ ਪੈਸੇ ਦੀ ਇੰਨੀ ਖੁੱਲੀ ਲੁੱਟ ਕੀਤੀ ਗਈ ਹੋਵੇ। ਸ. ਸਿੱਧੂ ਨੇ ਭਵਿੱਖ ਵਿਚ ਅਜਿਹੇ ਘੁਟਾਲੇ ਰੋਕਣ ਦਾ ਐਲਾਨ ਕਰਦੇ ਕਿਹਾ ਕਿ ਸਾਰੇ ਟਰੱਸਟਾਂ ਦੀ ਥਰਡ ਪਾਰਟੀ ਆਡਿਟ ਲਾਜ਼ਮੀ ਕੀਤੀ ਜਾਵੇਗੀ ਅਤੇ ਸੱਚ ਸਾਹਮਣੇ ਲਿਆਂਦਾ ਜਾਵੇਗਾ। ਸ. ਸਿੱਧੂ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਨੇ ਪਿਛਲੇ ਸਮੇਂ ਵਿਚ ਜਿੰਨੇ ਵੀ ਕੰਮ ਕੀਤੇ ਹਨ, ਉਹ ਚੰਡੀਗੜ ਅਤੇ ਹਰਿਆਣਾ ਨਾਲੋਂ ਬਹੁਤ ਵੱਧ ਮੁੱਲ ’ਤੇ ਕਰਕੇ ਵਿਭਾਗ ਨੂੰ ਚੂਨਾ ਲਗਾਇਆ ਗਿਆ ਹੈ। ਉਨਾਂ ਦੱਸਿਆ ਕਿ ਵਾਹਗਾ ਸਰਹੱਦ ’ਤੇ ਲਗਾਏ ਗਏ ਦੇਸ਼ ਦੇ ਸਭ ਤੋਂ ਉਚੇ ਤਿਰੰਗੇ ਨੂੰ ਲਗਾਉਣ ਵਿਚ ਵੀ ਘਪਲਾ ਹੋਣ ਦਾ ਪਤਾ ਲੱਗਾ ਸੀ ਅਤੇ ਉਸਦੀ ਜਾਂਚ ਵੀ ਕੀਤੀ ਜਾ ਰਹੀ ਹੈ। ਉਨਾਂ ਸਪੱਸ਼ਟ ਕੀਤਾ ਕਿ ਉਹ ਪੰਜਾਬ ਨੂੰ ਲੁੱਟਣ ਵਾਲਿਆਂ ਤੋਂ ਡਰਦੇ ਨਹੀਂ ਅਤੇ ਇਹ ਲੜਾਈ ਲੋਕ ਮਨਾਂ ਤੱਕ ਲੈ ਕੇ ਜਾਣਗੇ।

ਇਸ ਮੌਕੇ ਸੰਬੋਧਨ ਕਰਦੇ ਵਿਭਾਗ ਦੇ ਮੁੱਖ ਵਿਜੀਲੈਂਸ ਅਧਿਕਾਰੀ ਸ੍ਰੀ ਸੁਦੀਪ ਸਿੰਘ ਮਾਣਕ ਨੇ ਦੱਸਿਆ ਕਿ ਇਸ ਘੁਟਾਲੇ ਲਈ ਕਥਿਤ ਦੋਸ਼ੀ ਨਗਰ ਸੁਧਾਰ ਟਰਸੱਟ ਦਾ ਪੈਸਾ ਵੱਖ-ਵੱਖ ਬੈਂਕ ਖਾਤੇ, ਜੋ ਕਿ ਟਰੱਸਟ ਦੇ ਨਾਮ ’ਤੇ ਹੀ ਹੁੰਦੇ ਸਨ, ਵਿਚ ਜਮਾ ਕਰਵਾਉਂਦੇ ਸਨ ਅਤੇ ਉਥੋਂ ਵੱਖ-ਵੱਖ ਕੰਮਾਂ, ਜਿਸ ਵਿਚ ਤਨਖਾਹਾਂ ਦੇਣੀਆਂ ਅਤੇ ਹੋਰ ਕੰਮ ਸ਼ਾਮਿਲ ਹਨ, ਸਬੰਧੀ ਬੈਂਕ ਨੂੰ ਪੱਤਰ ਲਿਖਕੇ ਪੈਸੇ ਕਢਵਾ ਲੈਂਦੇ ਸਨ। ਇਸ ਤੋਂ ਇਲਾਵਾ ਇੰਨਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਮ ’ਤੇ ਵੀ ਡਰਾਫਟ ਬਣਾਏ ਅਤੇ ਕੈਸ਼ ਕੀਤੇ ਹੋਣ ਦਾ ਪਤਾ ਮੁੱਢਲੀ ਜਾਂਚ ਵਿਚ ਲੱਗਾ ਹੈ। ਸ੍ਰੀ ਮਾਣਕ ਨੇ ਦੱਸਿਆ ਕਿ ਕਈ ਬੈਂਕ ਖਾਤੇ ਵਿਭਾਗ ਦੀ ਕੈਸ਼ ਬੁੱਕ ਵਿਚ ਦਰਜ ਹੀ ਨਹੀਂ ਹਨ।  ਉਨਾਂ ਦੱਸਿਆ ਕਿ ਅਜੇ ਜਾਂਚ ਵਿਚ ਹੋਰ ਵੀ ਪਰਤਾਂ ਖੁੱਲਣਗੀਆਂ ਅਤੇ ਹੋਰ ਦੋਸ਼ੀ ਵੀ ਸਾਹਮਣੇ ਆ ਸਕਦੇ ਹਨ।

ਇਸ ਮੌਕੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਐਸ. ਸ੍ਰੀਵਾਸਤਵ ਵੀ ਪ੍ਰੈਸ ਕਾਨਫਰੰਸ ਵਿਚ ਹਾਜ਼ਰ ਰਹੇ।

 

ਕੈਪਸ਼ਨ-ਨਗਰ ਸੁਧਾਰ ਟਰੱਸਟ ਦੇ ਘਪਲੇ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਸ. ਨਵਜੋਤ ਸਿੰਘ ਸਿੱਧੂ। ਨਾਲ ਹਨ ਡਿਪਟ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਐਸ. ਸ੍ਰੀਵਾਸਤਵ।

Please Click here for Share This News

Leave a Reply

Your email address will not be published. Required fields are marked *