
ਚੰਡੀਗੜ੍ਹ, 8 ਫ਼ਰਵਰੀ: ਵਿਜੀਲੈਂਸ ਬਿਊਰੋ, ਪੰਜਾਬ ਨੇ ਮਿਊਂਸੀਪਲ ਕੌਂਸਲ ਗਿੱਦੜਬਾਹਾ ਦੇ ਇੱਕ ਐਸ.ਡੀ.ਓ., 2 ਜੇ.ਈ. ਅਤੇ ਕਲਰਕ ਨੂੰ 60,000 ਰੁਪਏ ਦੀ ਰਿਸ਼ਵਤ ਦੀ ਰਾਸ਼ੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਅਨੁਸਾਰ ਠੇਕੇਦਾਰ ਰਣਜੀਤ ਸਿੰਘ ਮੈਸਰਜ਼ ਗਰੀਨ ਅਰਥ, ਬਿਲਡਰਜ਼, ਪਰਸਰਾਮ ਨਗਰ, ਬਠਿੰਡਾ ਦੀ ਸ਼ਿਕਾਇਤ ਦੇ ਆਧਾਰ ‘ਤੇ ਇਹ ਛਾਪਾਮਾਰੀ ਕੀਤੀ ਗਈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸ ਨੇ ਮਿਊਂਸੀਪਲ ਕੌਂਸਲ ਗਿੱਦੜਬਾਹਾ ਵਿਖੇ ਗਲੀਆਂ ਦੇ ਪੇਵਰ ਲਾਉਣ ਲਈ 90 ਲੱਖ ਦੇ ਠੇਕੇ ਲਏ ਹੋਏ ਹਨ, ਜਿਸ ਵਿੱਚ 30 ਲੱਖ ਰੁਪਏ ਦੇ ਕੰਮ ਮੁਕੰਮਲ ਹੋ ਚੁੱਕੇ ਹਨ। ਇਸ ਕੰਮ ਦੇ ਬਿਲ ਪਾਸ ਕਰਾਉਣ ਲਈ ਉਹ ਮਿਊਂਸੀਪਲ ਇੰਜੀਨੀਅਰ/ਐਸ.ਡੀ.ਓ ਪਰਲਾਦ, ਜੇ.ਈ. ਨਵਦੀਪ ਕੁਮਾਰ, ਜੇ.ਈ. ਗੌਰਵ ਧੀਰ ਅਤੇ ਕਲਰਕ ਕਰਨ ਕੁਮਾਰ ਨੂੰ 13 ਫ਼ੀਸਦੀ ਕਮਿਸ਼ਨ ਦੇ ਰੂਪ ਵਿੱਚ ਰਿਸ਼ਵਤ ਦਿੰਦਾ ਸੀ ਪਰ ਹੁਣ ਦੋਸ਼ੀ 15 ਫ਼ੀਸਦੀ ਕਮਿਸ਼ਨ ਦੀ ਮੰਗ ਕਰ ਰਹੇ ਸਨ। ਸ਼ਿਕਾਇਤਕਰਤਾ ਦੀ ਸੂਹ ‘ਤੇ ਕਰਵਾਈ ਕਰਦਿਆਂ ਬਿਊਰੋ ਦੀ ਟੀਮ ਨੇ ਮਿਊਂਸੀਪਲ ਕੌਂਸਲ ਗਿੱਦੜਬਾਹਾ ਦੇ ਦਫ਼ਤਰ ਵਿਖੇ ਟਰੈਪ ਲਾਇਆ ਅਤੇ ਛਾਪਾਮਾਰੀ ਕੀਤੀ। ਇਸ ਦੌਰਾਨ ਉਕਤ ਦੋਸ਼ੀ ਇੱਕਠੇ ਮਿਲੇ ਅਤੇ ਉਨ੍ਹਾਂ ਕੋਲੋਂ ਰਿਸ਼ਵਤ ਦੇ 60,000 ਰੁਪਏ ਦੇ ਕਰੰਸੀ ਨੋਟ ਬਰਾਮਦ ਹੋਏ।