best platform for news and views

ਨਕੋਦਰ ਬੇਅਦਬੀ ਕਾਂਡ ਬਾਰੇ ਬਾਦਲ ਦੀ ਟਿੱਪਣੀ ਸ਼ਰਮਨਾਕ-ਹਰਪਾਲ ਸਿੰਘ ਚੀਮਾ

Please Click here for Share This News

ਚੰਡੀਗੜ੍ਹ, 11 ਮਈ 2019
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਨਕੋਦਰ ਬੇਅਦਬੀ ਕਾਂਡ ‘ਤੇ ਕੀਤੀ ਟਿੱਪਣੀ ਦੀ ਸਖ਼ਤ ਨਿਖੇਧੀ ਕਰਦੇ ਹੋਏ ਕਿਹਾ ਕਿ ਬਾਦਲ ਪਰਿਵਾਰ ਦੀ ਇਸੇ ਮਾਨਸਿਕਤਾ ਕਾਰਨ ਉਨ੍ਹਾਂ ਨੇ ਰਾਜ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਹੋਈ ਅਤੇ ਕੋਟਕਪੂਰਾ ਬਹਿਬਲ ਕਲਾਂ ਕਾਂਡ ਵਰਗੀਆਂ ਸ਼ਰਮਨਾਕ ਘਟਨਾਵਾਂ ਘਟੀਆਂ ਹਨ।
‘ਆਪ’ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਹ ਕਹਿਣਾ ਕਿ ਨਕੋਦਰ ਬੇਅਦਬੀ ਵਰਗੇ ਕਾਂਡ ਤਾਂ ਵਾਪਰਦੇ ਹੀ ਰਹਿੰਦੇ ਨੇ ਬੇਹੱਦ ਸ਼ਰਮਨਾਕ ਅਤੇ  ਮੰਦਭਾਗਾ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਬਾਰੇ ਨਿਹਾਇਤ ਨੀਚ ਟਿੱਪਣੀ ‘ਹੋਇਆ ਤਾਂ ਹੋਇਆ’ ਕਾਂਗਰਸੀ ਆਗੂ ਸੈਮ ਪਿਤਰੋਦਾ ਨੇ ਕੀਤੀ ਹੈ, ਪ੍ਰਕਾਸ਼ ਸਿੰਘ ਬਾਦਲ ਦਾ ਨਕੋਦਰ ਬੇਅਦਬੀ ਕਾਂਡ ਬਾਰੇ ‘ਨਕੋਦਰ ਬੇਅਦਬੀ ਕਾਂਡ ਤਾਂ ਵਾਪਰਦੇ ਹੀ ਰਹਿੰਦੇ ਹਨ’ ਬਿਆਨ ਸੈਮ ਪਿਤਰੋਦਾ ਨਾਲੋਂ ਵੀ ਵੱਧ ਸ਼ਰਮਨਾਕ,  ਗੈਰ ਜਿੰਮੇਦਾਰਨ ਅਤੇ ਪੰਥ ਵਿਰੋਧੀ ਹੈ।
ਹਰਪਾਲ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਸ ਘਟੀਆ ਅਤੇ ਗੈਰ-ਜਿੰਮੇਦਾਰਨਾ ਟਿੱਪਣੀ ਬਾਰੇ ਤੁਰੰਤ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਚੀਮਾ ਨੇ ਕਿਹਾ ਕਿ ਹੁਣ ਇਹ ਵੀ ਦੇਖਣਾ ਹੋਵੇਗਾ ਕਿ ਕੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨ ਸਮੇਤ ਬਾਕੀ ਜਥੇਦਾਰ ਪ੍ਰਕਾਸ਼ ਸਿੰਘ ਬਾਦਲ ਦੇ ਇਸ ਬਿਆਨ ਦਾ ਨੋਟਿਸ ਲੈਂਦੇ ਹਨ ਜਾਂ ਨਹੀਂ, ਜਿਸ ਨੂੰ ਮੀਡੀਆ ਨੇ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੇਅਦਬੀਆਂ ਦੇ ਕਾਲੇ ਇਤਿਹਾਸ ‘ਚ 2 ਫਰਵਰੀ 1986 ਨੂੰ ਨਕੋਦਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੰਜ ਬੀੜਾਂ ਸੜੀਆਂ ਸਨ। ਇਸ ਬੇਅਦਬੀ ਦੇ ਰੋਸ ਪ੍ਰਗਟਾ ਰਹੇ ਸਿੱਖਾਂ ‘ਤੇ ਪੁਲਿਸ ਨੇ ਠੀਕ ਉਸੇ ਤਰ੍ਹਾਂ ਗੋਲੀ ਚਲਾ ਕੇ 4 ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ, ਜਿਵੇਂ ਬਹਿਬਲ ਕਲਾਂ ‘ਚ ਗੋਲੀ ਚਲਾ ਕੇ 2 ਸਿੱਖ ਨੌਜਵਾਨ ਸ਼ਹੀਦ ਕੀਤੇ ਸਨ। ਉਸੇ ਸਮੇਂ ਵੀ ਨਕੋਦਰ ਬੇਅਦਬੀ ਅਤੇ ਗੋਲੀਕਾਂਡ ਦੀ ਉਸੇ ਤਰ੍ਹਾਂ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਗਠਿਤ ਕਰ ਕੇ ਜਾਂਚ ਕਰਵਾਈ ਗਈ ਸੀ, ਜਿਵੇਂ ਬਰਗਾੜੀ ਅਤੇ ਬਹਿਬਲ ਕਲਾਂ ‘ਤੇ ਜਸਟਿਸ ਜੋਰਾ ਸਿੰਘ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਬੈਠਾਏ ਸਨ। ਠੀਕ ਉਸੇ ਤਰ੍ਹਾਂ ਜਿਵੇਂ ਬਾਦਲ ਸਰਕਾਰ ਨੇ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਰੱਦੀ ਦੀ ਟੋਕਰੀ ‘ਚ ਸੁੱਟ ਦਿੱਤਾ ਗਿਆ ਹੈ, ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਦਾ ਹਸ਼ਰ ਵੀ ਇਹੋ ਹੋਇਆ ਸੀ। ਚੀਮਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਕਾਲੇ ਇਤਿਹਾਸ ‘ਚ ਨਕੋਦਰ ‘ਚ ਹੋਈ ਬੇਅਦਬੀ ਨੂੰ ਕਿਸੇ ਤਰ੍ਹਾਂ ਵੀ ਇੰਨੇ ਹਲਕੇ ‘ਚ ਨਹੀਂ ਲਿਆ ਜਾ ਸਕਦਾ ਕਿ ‘ਨਕੋਦਰ ਬੇਅਦਬੀ ਵਰਗੇ ਕਾਂਡ ਤਾਂ ਵਾਪਰਦੇ ਹੀ ਰਹਿੰਦੇ ਨੇ, ਕਹਿ ਕਿ ਜਿੰਮੇਵਾਰੀ ਤੋਂ ਪੱਲਾ ਝਾੜ ਦਿੱਤਾ ਜਾਵੇ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਹੈ, ਜੋ ਅਤੀ ਮੰਦਭਾਗਾ ਹੈ।

Please Click here for Share This News

Leave a Reply

Your email address will not be published. Required fields are marked *