ਧੂਰੀ, 20 ਮਈ (ਮਹੇਸ਼ ਜਿੰਦਲ) – ਧੂਰੀ ਤੋਂ ਬਰਨਾਲਾ ਵਾਇਆ ਮੂਲੋਵਾਲ ਨੂੰ ਜਾਣ ਵਾਲੀ ਸੜਕ ਦੇ ਨਿਰਮਾਣ ‘ਚ ਹੋ ਰਹੀ ਦੇਰੀ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਕਿਰਪਾਲ ਸਿੰਘ ਰਾਜੋਮਾਜਰਾ ਨੇ ਕਿਹਾ ਕਿ ਭਾਵੇਂ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਯਤਨਾਂ ਸਦਕਾ ਇਸ ਸੜਕ ਨੂੰ ਬਣਾਉਣ ਅਤੇ ਚੌੜਾ ਕਰਨ ਦਾ ਕੰਮ ਸ਼ੁਰੂ ਹੋ ਗਿਆ ਸੀ ਅਤੇ ਇਸ ਸੜਕ ਉੱਪਰ ਪੱਥਰ ਵੀ ਪੈ ਗਿਆ ਹੈ, ਪਰ ਕੰਮ ਨੂੰ ਪੂਰਾ ਕਰਨ ‘ਚ ਹੋ ਰਹੀ ਦੇਰੀ ਕਾਰਨ ਰੋਜ਼ਾਨਾ ਇਸ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ‘ਤੇ ਖਿੱਲਰੇ ਪੱਥਰ ਵਹੀਕਲਾਂ ਨਾਲ ਬੁੜ•ਕ ਕੇ ਵਹੀਕਲਾਂ ਅਤੇ ਰਾਹਗੀਰਾਂ ਦੇ ਲੱਗਦੇ ਹਨ, ਜਿਸ ਕਾਰਨ ਕਈ ਰਾਹਗੀਰ ਮਾਮੂਲੀ ਜ਼ਖਮੀ ਵੀ ਹੋ ਚੁੱਕੇ ਹਨ ਅਤੇ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ•ਾਂ ਕਿਹਾ ਕਿ ਇਸ ਸੜਕ ਉੱਪਰ ਇਤਿਹਾਸਕ ਪ੍ਰਾਚੀਨ ਰਣਕੇਸ਼ਵਰ ਮੰਦਰ, ਰਣੀਕੇ ਅਤੇ ਪਿੰਡ ਮੂਲੋਵਾਲ ਵਿਖੇ ਗੁਰੂ ਸਾਹਿਬ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਗੁਰੂ ਘਰ ਸਥਿਤ ਹੋਣ ਕਾਰਨ ਲੱਖਾਂ ਲੋਕਾਂ ਦੀ ਸ਼ਰਧਾ ਇਨ•ਾਂ ਨਾਲ ਜੁੜੀ ਹੋਈ ਹੈ ਅਤੇ ਸ਼ਰਧਾਲੂਆਂ ਨੂੰ ਇੱਥੇ ਆਉਣ-ਜਾਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਧੂਰੀ ਸ਼ਹਿਰ ਦੇ ਵਪਾਰ ‘ਤੇ ਵੀ ਇਸ ਸੜਕ ਦੀ ਮਾੜੀ ਹਾਲਤ ਕਾਰਨ ਬੁਰਾ ਪ੍ਰਭਾਵ ਪੈ ਰਿਹਾ ਹੈ। ਇਸ ਰੋਡ ‘ਤੇ ਸਥਿਤ ਅਨੇਕਾਂ ਪਿੰਡਾਂ ਦੇ ਲੋਕ ਧੂਰੀ ਤੋਂ ਸਮਾਨ ਖ਼ਰੀਦਣ ਆਉਣ ਦੀ ਬਜਾਏ ਹੋਰ ਸ਼ਹਿਰਾਂ ‘ਚ ਖ਼ਰੀਦਦਾਰੀ ਕਰਨ ਲਈ ਮਜਬੂਰ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਧੂਰੀ-ਬਾਗੜੀਆਂ, ਧੂਰੀ ਤੋਂ ਛੀਂਟਾਵਾਲ, ਧੂਰੀ ਤੋਂ ਭਲਵਾਨ ਸਮੇਤ ਹਲਕਾ ਧੂਰੀ ਦੀਆਂ ਅਨੇਕਾਂ ਸੜਕਾਂ ਦੀ ਖਸਤਾ ਹਾਲਤ ਕਾਰਨ ਹਲਕੇ ਦੇ ਲੋਕਾਂ ‘ਚ ਭਾਰੀ ਰੋਸ ਹੈ। ਉਨ•ਾਂ ਮੰਗ ਕੀਤੀ ਕਿ ਜੇਕਰ ਇਨ•ਾਂ ਸੜਕਾਂ ਦੀ ਹਾਲਤ ਜਲਦੀ ਨਾ ਸੁਧਾਰੀ ਗਈ ਤਾਂ ਉਨ•ਾਂ ਦੀ ਜਥੇਬੰਦੀ ਧਰਨਾ ਲਾਉਣ ਲਈ ਮਜਬੂਰ ਹੋਵੇਗੀ। ਇਸ ਸੰਬੰਧੀ ਪੀ.ਡਬਲਯੂ.ਡੀ ਵਿਭਾਗ ਦੇ ਐਕਸੀਅਨ ਨਾਲ ਫ਼ੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਸੰਪਰਕ ਨਹੀਂ ਹੋ ਸਕਿਆ। ਇਸ ਸੰਬੰਧੀ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਪੀ.ਏ ਇੰਦਰਜੀਤ ਮਡਾਹਰ ਨਾਲ ਗੱਲ ਕੀਤੀ ਤਾਂ ਉਨ•ਾਂ ਕਿਹਾ ਕਿ ਜਲਦ ਹੀ ਇਨ•ਾਂ ਸੜਕਾਂ ਦੀ ਹਾਲਤ ਸੁਧਾਰੀ ਜਾ ਰਹੀ ਹੈ।
ਕੈਪਸ਼ਨ – ਸੜਕ ‘ਤੇ ਖਿੱਲਰੇ ਪਏ ਪੱਥਰਾਂ ਦੀ ਤਸਵੀਰ