ਸੁਰਿੰਦਰ ਮਾਨ
ਧਰਮਕੋਟ (ਮੋਗਾ), 24 ਦਸੰਬਰ : ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੀ ਸਭ ਤੋਂ ਵੱਧ ‘ਸਵੱਲੀ’ ਨਜ਼ਰ ਹਾਸਲ ਕਰਨ ਵਾਲੇ ਮਾਲਵਾ ਖਿੱਤੇ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਧਰਮਕੋਟ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਜੀਤ ਸਿੰਘ ਕਾਕਾ ਲੋਹਗੜ• ਵਿਚਕਾਰ ਫਸਵੀਂ ਟੱਕਰ ਹੋਣ ਦੇ ਅਸਾਰ ਬਣ ਗਏ ਹਨ। ਉਂਜ, ਇੱਥੋਂ ਆਮ ਆਦਮੀ ਪਾਰਟੀ (ਆਪ) ਦਾ ਉਮੀਦਵਾਰ ਦਲਜੀਤ ਸਿੰਘ ਸਦਰਪੁਰਾ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਦੱਸਣਾ ਬਣਦਾ ਹੈ ਕਿ ਕਾਂਗਰਸੀ ਉਮੀਦਵਾਰ ਸੁਖਜੀਤ ਸਿੰਘ ਕਾਕਾ ਲੋਹਗੜ• ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ‘ਵਫ਼ਾਦਾਰ’ ਸਿਪਾਹੀ ਸਨ ਪਰ ਸੱਤ ਵਰ•ੇ ਪਹਿਲਾਂ ਨਵੀਂ ਹਲਕਾਬੰਦੀ ਸਮੇਂ ਰਾਖਵਾਂ ਧਰਮਕੋਟ ਹਲਕਾ ਜਨਰਲ ਬਣ ਗਿਆ ਅਤੇ ਅਕਾਲੀ ਹਾਈਕਮਾਂਡ ਨੇ ਇਸ ਹਲਕੇ ਦੀ ਵਾਗਡੋਰ ਪਾਰਟੀ ਦੇ ਕੱਦਾਵਰ ਆਗੂ ਜਥੇਦਾਰ ਤੋਤਾ ਸਿੰਘ ਨੂੰ ਸੌਂਪੀ ਤਾਂ ਕਾਕਾ ਲੋਹਗੜ• ਅਕਾਲੀ ਦਲ ਨੂੰ ‘ਫਤਹਿ’ ਬੁਲਾ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਕਾਕਾ ਲੋਹਗੜ• 2012 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਕਾਂਗਰਸ ਪਾਰਟੀ ਦੀ ਟਿਕਟ ‘ਤੇ ਚੋਣ ਲੜੇ ਤੇ ਉਨਾਂ ਨੇ 58, 632 ਵੋਟਾਂ ਹਾਸਲ ਕੀਤੀਆਂ ਜਦੋਂ ਕਿ ਜਥੇਦਾਰ ਤੋਤਾ ਸਿੰਘ ਨੇ 62, 887 ਵੋਟਾਂ ਹਾਸਲ ਕਰਕੇ ਪੰਜਾਬ ਅਸੈਂਬਲੀ ਦੀ ਦਹਿਲੀਜ਼ ‘ਤੇ ਪੈਰ ਧਰ ਲਿਆ।
ਪੰਜਾਬ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਿਕ ਇਹ ਹਲਕਾ 1962 ਤੋਂ ਲੈ ਕੇ ਹੁਣ ਤੱਕ 8 ਵਾਰ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਰਾਖਵਾਂ ਰਿਹਾ ਤੇ 4 ਵਾਰ ਜਨਰਲ ਰਿਹਾ। ਇਸ ਹਲਕੇ ਦੀਆਂ ਸਿਆਸੀ ਤਸਵੀਰ ਦੇ ਅੰਕੜੇ ਵੀ ਘੱਟ ਹੈਰਾਨੀਜਨਕ ਨਹੀਂ ਹਨ। ਇੱਥੋਂ ਸ਼੍ਰੋਮਣੀ ਅਕਾਲੀ ਦਲ ਨੇ 5 ਵਾਰ, ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ) ਨੇ 2 ਵਾਰ, ਬਹੁਜਨ ਸਮਾਜ ਪਾਰਟੀ ਤੇ ਕਾਂਗਰਸ ਨੇ ਇੱਕ-ਇੱਕ ਵਾਰ ਅਤੇ ਆਜ਼ਾਦ ਤਿੰਨ ਵਾਰ ਜੇਤੂ ਰਹੇ ਹਨ।
ਇਸ ਹਲਕੇ ਤੋਂ ਲਗਾਤਾਰ 1997, 2002 ਤੇ ਫਿਰ 2007 ਵਿੱਚ ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਗੁਰਦੇਵ ਸਿੰਘ ਬਾਦਲ ਦੇ ਦਾਮਾਦ ਐਡਵੋਕੇਟ ਸੀਤਲ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਜਿੱਤ ਦਰਜ ਕੀਤੀ। ਇਸੇ ਤਰ•ਾਂ ਸੀ.ਪੀ.ਆਈ ਦੇ ਧੜੱਲੇਦਾਰ ਨੇਤਾ ਰਹੇ ਸਰਵਣ ਸਿੰਘ ਫਤਹਿਗੜ• ਕੋਰੋਟਾਣਾ ਨੇ ਲਗਾਤਾਰ 2 ਵਾਰ ਪਹਿਲਾਂ 1977 ਤੇ ਫਿਰ 1980 ਵਿੱਚ ਜਿੱਤ ਦਾ ਝੰਡਾ ਗੱਡਿਆ। ਉਂਜ, 1992 ਵਿੱਚ ਜਦੋਂ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ ਤਾਂ ਬਹੁਜਨ ਸਮਾਜ ਪਾਰਟੀ ਦੇ ਬਲਦੇਵ ਸਿੰਘ ਸਿਰਫ਼ 5753 ਵੋਟਾਂ ਹਾਸਲ ਕਰਕੇ ਹੀ ਇੱਥੋਂ ਵਿਧਾਇਕ ਬਣੇ ਸਨ ਜਦੋਂ ਕਿ ਉਨਾਂ ਨੇ ਵਿਰੋਧੀ ਕਾਂਗਰਸੀ ਉਮੀਦਵਾਰ ਨੂੰ ਮਾਤਰ 4429 ਵੋਟਾਂ ਹੀ ਭੁਗਤੀਆਂ ਸਨ।
ਇਸ ਵਾਰ ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ 2017 ਦੀਆਂ ਚੋਣਾਂ ਲਈ ਮੁੜ ਮੜ ਸਿਆਸਤ ਦੇ ‘ਰਣਤੱਤੇ’ ਵਿੱਚ ਜੂਝਣ ਲਈ ਕਮਰਕੱਸਾ ਕਰ ਚੁੱਕੇ ਹਨ। ਦੂਜੇ ਪਾਸੇ ਕਾਂਗਰਸੀ ਉਮੀਦਵਾਰ ਕਾਕਾ ਲੋਹਗੜ• 2012 ਵਾਂਗ ਮੁਡ ਚੰਗੀ ਕਾਰਗੁਜ਼ਾਰੀ ਦਿਖਾਉਣ ਲਈ ਪੰਜਾਬ ‘ਚ ਲਗਾਤਾਰ 10 ਸਾਲ ਰਾਜ ਕਰਨ ਵਾਲੀ ਅਕਾਲੀ ਹਕੂਮਤ ਨੂੰ ਭੰਡ ਕੇ ਪੂਰੀ ਤਰ•ਾਂ ਨਾਲ ਸਰਗਰਮ ਹਨ। ਕਾਕਾ ਲੋਹਗੜ• ਦਾ ਕਹਿਣਾ ਹੈ ਕਿ ਅਕਾਲੀ ਦਲ ਵੱਲੋਂ ਪਿਛਲੇ ਸਮੇਂ ਦੌਰਾਨ ਸੂਬੇ ਵਿੱਚ ਰੇਤ, ਕੇਬਲ ਅਤੇ ਭੂਮੀ ਮਾਫ਼ੀਆ ਨੂੰ ‘ਥਾਪੀ’ ਦੇਣ ਅਤੇ ਵਿਸ਼ੇਸ਼ ਕਰਕੇ ਰਾਜ ਵਿੱਚ ਫੈਲੇ ਨਸ਼ੇ ਨੂੰ ਮੁੱਖ ਮੁੱਦਾ ਬਣਾ ਕੇ ਚੋਣ ਮੁਹਿੰਮ ਭਖਾਈ ਜਾਵੇਗੀ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਕਿਸਾਨ ਖੁਦਕੁਸ਼ੀਆਂ ਦਾ ਮਾਮਲਾ ਵੀ ਲੋਕਾਂ ਦੀ ਕਚਹਿਰੀ ਵਿੱਚ ਉਠਾਇਆ ਜਾਵੇਗਾ।
ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਪਹਿਲਾਂ ਐਲਾਨੇ ਗਏ ਉਮੀਦਵਾਰ ਡਾ.ਰਣਜੋਧ ਸਿੰਘ ਦੀ ਟਿਕਟ ਕੱਟ ਕੇ ਦੂਸਰੇ ਪਾਰਟੀ ਆਗੂ ਦਲਜੀਤ ਸਿੰਘ ਸਦਰਪੁਰਾ ਨੂੰ ਦੇਣ ਦਾ ‘ਖਮਿਆਜ਼ਾ’ ਪਾਰਟੀ ਨੂੰ ਭੁਗਤਣਾ ਪੈ ਸਕਦਾ ਹੈ। ਇਸ ਹਲਕੇ ਵਿੱਚ ਉੱਘੇ ਸਮਾਜ ਸੇਵੀ ਵਜੋਂ ਜਾਣੇ ਜਾਂਦੇ ਡਾ.ਰਣਜੋਧ ਸਿੰਘ ਨੇ ਟਿਕਟ ਬਦਲਣ ਤੋਂ ਬਾਅਦ ‘ਆਪ’ ਨੂੰ ਅਲਵਿਦਾ ਕਹਿ ਦਿੱਤਾ ਤੇ ਆਪਣੇ ਸਮਰਥਕਾਂ ਨੂੰ ਖੁਦ ਫੈਸਲਾ ਕਰਨ ਲਈ ਆਜ਼ਾਦ ਕਰ ਦਿੱਤਾ। ਸਿਆਸੀ ਮਾਹਰ ਮੰਨਦੇ ਹਨ ਕਿ ਇਸ ਸਥਿਤੀ ਵਿੱਚ ‘ਆਪ’ ਦੇ ਨਵੇਂ ਉਮੀਦਵਾਰ ਸ੍ਰੀ ਸਦਰਪੁਰਾ ਨੂੰ ਪਾਰਟੀ ਦੇ ਵਲੰਟੀਅਰਾਂ ਨੂੰ ਆਪਣੇ ਨਾਲ ਲੈ ਕੇ ਚੱਲਣਾ ਔਖਾ ਹੋਵੇਗਾ।
ਜਥੇਦਾਰ ਤੋਤਾ ਸਿੰਘ ਦਾ ਕਹਿਣਾ ਹੈ ਕਿ ਕਿਸੇ ਵੇਲੇ ਧਰਮਕੋਟ ਪੰਜਾਬ ਦੇ ਸਭ ਤੋਂ ਪਛੜੇ ਹਲਕੇ ਵਜੋਂ ਜਾਣਿਆਂ ਜਾਂਦਾ ਸੀ ਪਰ ਪਿਛਲੇ 10 ਸਾਲਾਂ ਦੌਰਾਨ ਅਕਾਲੀ-ਭਾਜਪਾ ਸਰਕਾਰ ਨੇ ਧਰਮਕੋਟ ਨੂੰ ਵਿਕਾਸ ਪੱਖੋਂ ਪੰਜਾਬ ਦਾ ਨੰਬਰ-ਵਨ ਹਲਕਾ ਬਣਾ ਦਿੱਤਾ ਹੈ। ਉਨਾਂ ਕਿਹਾ ਕਿ ਹਲਕੇ ਵਿੱਚ ਸੜਕਾਂ ਦਾ ਜਾਲ ਵਿਛਾਉਣ ਤੋਂ ਇਲਾਵਾ ਸ਼ਹਿਰ ਦੀ ਨਕਸ਼-ਨੁਹਾਰ ਬਦਲਣਾ, ਸਰਕਾਰੀ ਡਿਗਰੀ ਕਾਲਜ, ਹਸਪਤਾਲਾਂ ਦੀਆਂ ਇਮਾਰਤਾਂ, ਤਹਿਸੀਲ ਕੰਪਲੈਕਸ ਦੀ ਨਵੀਂ ਇਮਾਰਤ ਤੇ ਹਲਕੇ ਵਿੱਚ ਬਿਜਲੀ ਘਰਾਂ ਦੀ ਕਾਇਆਂ-ਕਲਪ ਕਰਨਾ ਸਿਰਫ਼ ਅਕਾਲੀ ਸਰਕਾਰ ਦੇ ਹਿੱਸੇ ਹੀ ਆਇਆ ਹੈ। ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਉਹ ਸਿਰਫ਼ ਵਿਕਾਸ ਦੇ ਮੱਦੇ ‘ਤੇ ਘਰ-ਘਰ ਜਾ ਰਹੇ ਹਨ ਤੇ ਵਿਰੋਧੀਆਂ ਦੇ ਕਥਿਤ ਕੂੜ-ਪ੍ਰਚਾਰ ਦੇ ਬਾਵਜੂਦ ਹਰ ਹਾਲਤ ਵਿੱਚ ਉਨਾਂ ਦੀ ਜਿੱਤ ਹੋਵੇਗੀ।