9814041999
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਦੋ ਦਰਜਨ ਉਮੀਦਵਾਰਾਂ ਨੂੰ ‘ਆਪਣਿਆਂ’ ਤੋਂ ਹੀ ਵੱਡੀ ਚੁਣੌਤੀ ਮਿਲ ਰਹੀ ਹੈ। ਕਈ ਵਿਧਾਨ ਸਭਾ ਹਲਕਿਆਂ ਵਿੱਚ ਬਾਗੀਆਂ ਨੇ ਆਜ਼ਾਦ ਉਮੀਦਵਾਰਾਂ ਵਜੋਂ ਝੰਡੇ ਗੱਡ ਦਿੱਤੇ ਹਨ ਤੇ ਕਈ ਥਾਈਂ ਉਮੀਦਵਾਰ ਦੇ ਵਿਰੋਧ ਕਾਰਨ ਅਕਾਲੀਆਂ ਵੱਲੋਂ ‘ਝਾੜੂ ਚੁੱਕਣ’ ਨੂੰ ਤਰਜੀਹ ਦਿੱਤੀ ਜਾਣ ਲੱਗੀ ਹੈ। ਅਹਿਮ ਤੱਥ ਇਹ ਵੀ ਹੈ ਕਿ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ ਬਾਗੀਆਂ ਨੂੰ ਸ਼ਹਿ ਦੇ ਕੇ ਚੰਗੇ ਪ੍ਰਦਰਸ਼ਨ ਦੀ ਉਮੀਦ ਲਾਈ ਜਾ ਰਹੀ ਹੈ, ਪਰ ਪਾਰਟੀ ਅੰਦਰਲੀ ਬਗਾਵਤ ਹੁਣ ਵੱਡੀ ਸਿਰਦਰਦੀ ਬਣਨ ਲੱਗੀ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਸੱਤਾ ਦਾ ਵੱਡਾ ਲਾਹਾ ਲੈਂਦਿਆਂ ਬਾਗੀ ਸੁਰਾਂ ਮੱਠੀਆਂ ਕਰਨ ਲਈ ਬੋਰਡਾਂ, ਨਿਗਮਾਂ ਅਤੇ ਕਮਿਸ਼ਨਾਂ ਵਿੱਚ ਅਹੁਦਿਆਂ ਦੇ ਗੱਫੇ ਵੀ ਦਿੱਤੇ ਗਏ। ਜਿਹੜੇ ਵਿਅਕਤੀਆਂ ਨੂੰ ਸਰਕਾਰ ਨੇ ਅਹੁਦੇਦਾਰੀਆਂ ਨਹੀਂ ਬਖ਼ਸ਼ੀਆਂ, ਉਨ੍ਹਾਂ ਦੇ ਹਮਾਇਤੀਆਂ ਨੇ ਕਾਂਗਰਸ ਜਾਂ ਆਮ ਆਦਮੀ ਪਾਰਟੀ ਦੀ ਮੁਹਿੰਮ ਦਾ ਹਿੱਸਾ ਬਣਨਾ ਹੀ ਬਿਹਤਰ ਸਮਝਿਆ ਹੈ। ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਾਲੀ ਕਿਸਾਨ ਯੂਨੀਅਨ ਨੇ ‘ਆਪ’ ਦੀ ਹਮਾਇਤ ਕਰ ਦਿੱਤੀ ਹੈ। ਇਸੇ ਤਰ੍ਹਾਂ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਵਾਲੀ ਯੂਨੀਅਨ ਅਕਾਲੀ ਦਲ ਨੂੰ ਹਮਾਇਤ ਦੇ ਮੁੱਦੇ ’ਤੇ ਦੁਫਾੜ ਹੋ ਗਈ ਹੈ।
ਬਰਨਾਲਾ, ਧੂਰੀ, ਨਾਭਾ, ਜਲੰਧਰ ਕੈਂਟ, ਸ੍ਰੀ ਹਰਗੋਬਿੰਦਪੁਰ, ਗਿੱਦੜਬਾਹਾ, ਖ਼ਰੜ, ਆਦਿ ਅਜਿਹੇ ਹਲਕੇ ਹਨ ਜਿੱਥੇ ਪਾਰਟੀ ਦੇ ਇੱਕ ਵੱਡੇ ਹਿੱਸੇ ਵੱਲੋਂ ਉਮੀਦਵਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਬਰਨਾਲਾ ਵਿਧਾਨ ਸਭਾ ਹਲਕੇ ਦੇ ਦਿਹਾਤੀ ਖੇਤਰ ਵਿਚਲਾ ਅਕਾਲੀ ਦਲ ਦਾ ਇਕ ਹਿੱਸਾ ‘ਝਾੜੂ ਫੜ’ ਚੁੱਕਾ ਹੈ। ਬਰਨਾਲਾ ਵਿੱਚ ਅਕਾਲੀ ਦਲ ਨੇ ਇੱਕ ਸਾਬਕਾ ਕਾਂਗਰਸੀ ਸੁਰਿੰਦਰਪਾਲ ਸਿੰਘ ਸਿਬੀਆ ਨੂੰ ਹੀ ਟਿਕਟ ਦਿੱਤੀ ਹੈ। ਧੂਰੀ ਵਿਧਾਨ ਸਭਾ ਹਲਕੇ ’ਚ ਵੀ ਅਕਾਲੀ ਦਲ ਵੱਲੋਂ ਬਾਹਰੀ ਅਤੇ ਨਵੇਂ ਆਗੂ ਨੂੰ ਟਿਕਟ ਦਿੱਤੇ ਜਾਣ ਕਾਰਨ ਅਕਾਲੀ ਦਲ ਦਾ ਵੱਡਾ ਹਿੱਸਾ ਬਾਗੀ ਹੋਇਆ ਬੈਠਾ ਹੈ। ਜਲੰਧਰ ਕੈਂਟ ’ਚ ਵੀ ਅਕਾਲੀ ਪੂਰੀ ਤਰ੍ਹਾਂ ਸਰਬਜੀਤ ਸਿੰਘ ਮੱਕੜ ਨਾਲ ਨਹੀਂ ਤੇ ਨਾਭਾ ਹਲਕੇ ਵਿੱਚ ਕਾਂਗਰਸ ਤੋਂ ਲਿਆ ਕੇ ਉਮੀਦਵਾਰ ਖੜ੍ਹਾ ਕੀਤੇ ਜਾਣ ਕਾਰਨ ਸਥਾਨਕ ਆਗੂਆਂ ਦਾ ਰੋਸਾ ਅਜੇ ਤੱਕ ਦੂਰ ਨਹੀਂ ਹੋਇਆ। ਖਰੜ ’ਚ ਸਾਬਕਾ ਵਿਧਾਇਕ ਉਜਾਗਰ ਸਿੰਘ ਬਡਾਲੀ ਅਤੇ ਹੋਰਨਾਂ ਕਈ ਆਗੂਆਂ ਦੇ ਗਿਲੇ ਸ਼ਿਕਵੇ ਅਜੇ ਤਾਈਂ ਪਾਰਟੀ ਨੇ ਪੂਰੀ ਤਰ੍ਹਾਂ ਦੂਰ ਨਹੀਂ ਕੀਤੇ।
ਸ੍ਰੀ ਹਰਗੋਬਿੰਦਰ ’ਚ ਦੇਸ ਰਾਜ ਧੁੱਗਾ ਦੀਆਂ ਸੁਰਾਂ ਮੱਠੀਆਂ ਤਾਂ ਕੀਤੀਆਂ ਸਨ, ਪਰ ਪਾਰਟੀ ਦੇ ਉੁਮੀਦਵਾਰ ਲਈ ਅੰਦਰੂਨੀ ਚੁਣੌਤੀਆਂ ਬਰਕਰਾਰ ਹਨ। ਗਿੱਦੜਬਾਹਾ ’ਚ ਤਾਂ ਅਕਾਲੀ ਦਲ ਦੇ ਪੁਰਾਣੇ ਉਮੀਦਵਾਰ ਸੰਤ ਸਿੰਘ ਬਰਾੜ ਅਤੇ ਉਨ੍ਹਾਂ ਦੇ ਪੁੱਤਰ ‘ਆਪ’ ਵਿੱਚ ਸ਼ਾਮਲ ਹੋ ਚੁੱਕੇ ਹਨ।
ਮੁਕਤਸਰ ਵਿਧਾਨ ਸਭਾ ਹਲਕੇ ਤੋਂ ਸੁਖਦਰਸ਼ਨ ਸਿੰਘ ਮਰਾੜ ਨੇ ਝੰਡਾ ਗੱਡਿਆ ਹੋਇਆ ਹੈ। ਘਨੌਰ ਵਿਧਾਨ ਸਭਾ ਹਲਕੇ ਤੋਂ ਜਸਦੇਵ ਸਿੰਘ ਸੰਧੂ ਦੀ ਨੂੰਹ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਨਿੱਤਰੀ ਹੋਈ ਹੈ। ਅੰਮ੍ਰਿਤਸਰ (ਦੱਖਣੀ) ਤੇ ਨਿਹਾਲ ਸਿੰਘ ਵਾਲਾ ਤੋਂ ਮੌਜੂਦਾ ਵਿਧਾਇਕਾਂ ਨੂੰ ਅਕਾਲੀ ਦਲ ਨੇ ਟਿਕਟ ਨਹੀਂ ਦਿੱਤੀ ਤਾਂ ਦੋਹਾਂ ਵਿਧਾਇਕਾਂ ਇੰਦਰਬੀਰ ਸਿੰਘ ਬੁਲਾਰੀਆ ਅਤੇ ਰਾਜਵਿੰਦਰ ਕੌਰ ਭਾਗੀਕੇ ਨੂੰ ਕਾਂਗਰਸ ਨੇ ਅਪਣਾ ਲਿਆ ਹੈ। ਫਿਲੌਰ ਤੋਂ ਉਮੀਦਵਾਰ ਅਵਿਨਾਸ਼ ਚੰਦਰ ਟਿਕਟ ਨਾ ਦਿੱਤੇ ਜਾਣ ਕਾਰਨ ਅਕਾਲੀ ਦਲ ਤੋਂ ਕਿਨਾਰਾ ਕਰ ਚੁੱਕੇ ਹਨ।
(we are thankful to punjabi tribune for published this item)