
”ਮੈਂ ਬਹੁਤ ਸੁੰਦਰ ਹਾਂ, ਮੇਰੇ ਮਾਪਿਆਂ ਦੀ ਨਿਗਾਹ ਵਿਚ ਤਾਂ ਮੈਂ ਅਤੀ ਸੁੰਦਰ ਹਾਂ। ਸ਼ਾਇਦ ਉਹ ਠੀਕ ਹੀ ਕਹਿੰਦੇ ਹਨ। ਮੇਰਾ ਕੱਦ ਕਾਠ, ਮੇਰਾ ਰੰਗ ਰੂਪ ਅਤੇ ਮੇਰੇ ਨੈਣ ਨਕਸ਼ ਮੈਨੂੰ ਹਮੇਸ਼ਾਾ ਦੁਨੀਆਂ ਤੋਂ ਵਖਰਾਉਂਦੇ ਰਹੇ ਹਨ। ਸ਼ੀਸ਼ਾ ਦੇਖ ਕੇ ਮੈਨੂੰ ਆਪਣੇ ਆਪ ‘ਤੇ ਮਾਣ ਮਹਿਸੂਸ ਹੁੰਦਾ ਹੈ। ਕਾਲਜ ਅਤੇ ਯੂਨੀਵਰਸਿਟੀ ਵਿਚ ਮੁੰਡੇ ਕੁੜੀਆਂ ਮੈਨੂੰ ਵੇਖਕੇ ਟਿੱਪਣੀ ਕਰਦੇ ਕਿ ਤੈਨੂੰ ਰੱਬ ਨੇ ਵਿਹਲੇ ਬੈਠ ਕੇ ਬਣਾਇਆ। ਮੈਂ ਵੀ ਆਪਣੇ ਆਪ ਨੂੰ ਪੂਰਾ ਸਜਾ ਸੰਵਾਰਕੇ ਰੱਖਦੀ। ਸੁਹੱਪਣ ਕਾਰਲ ਮੇਰਾ ਵਿਆਹ ਬਹੁਤ ਵਧੀਆ ਘਰ ਵਿਚ ਹੋਇਆ। ਵਿਆਹ ਤੋਂ ਦੋ ਤਿੰਨ ਮਹੀਨੇ ਬਾਅਦ ਹੀ ਮੈਨੂੰ ਪਤਾ ਲੱਗਣ ਲੱਗਾ ਕਿ ਸਹੁਰੇ ਘਰ ਮੇਰੀ ਕੋਈ ਕਦਰ ਨਹੀਂ। ਨਾ ਮੈਂ ਆਪਣੇ ਪਤੀ ਦਾ ਦਿਲ ਜਿੱਤ ਸਕੀ, ਨਾ ਹੀ ਉਸ ਦੇ ਪਰਿਵਾਰ ਦਾ। ਮੈਨੂੰ ਲੱਗਦਾ ਹੈ ਕਿ ਮੇਰੀਆਂ ਨਨਦਾਂ ਤਾਂ ਮੇਰੇ ਨਾਲ ਈਰਖਾ ਕਰਦੀਆਂ ਹਨ। ਮੇਰਾ ਪਤੀ ਤਾਂ ਮੇਰੇ ਵੱਲ ਵੇਖਦਾ ਤੱਕ ਨਹੀਂ।
ਉਂਝ ਅਜਿਹਾ ਮੇਰੇ ਨਾਲ ਯੂਨੀਵਰਸਿਟੀ ਵਿਚ ਪੜ੍ਹਦੇ ਹੋਏ ਵੀ ਹੋਇਆ ਸੀ। ਕੁੜੀਆਂ ਮੈਨੂੰ ਬੁਲਾਉਂਦੀਆਂ ਨਹੀਂ ਸਨ। ਬਹੁਤ ਵਾਰ ਮੈਂ ਲੋਨਲੀ (ਇਕੱਲੀ) ਮਹਿਸੂੋਸ ਕਰਦੀ ਰਹੀ। ਉਥੇ ਮੇਰੀਆਂ ਸਹੇਲੀਆਂ ਘੱਟ ਹੀ ਬਣੀਾਂ। ਕਾਲਜ ਅਤੇ ਯੂਗ਼ਨੀਵਰਸਿਟੀ ਦੀ ਗੱਲ ਹੋਰ ਸੀ, ਪਰ ਇਥੇ ਤਾਂ ਮੈਂ ਜਿੰਦਗੀ ਕੱਟਣੀ ਹੈ। ਮੈਨੂੰ ਸਮਝ ਨਹੀਂ ਆ ਰਹੀ ਕਮੀ ਕਿੱਥੇ ਹੈ। ਕਿਉਂ ਨਹੀਂ ਮੈਂ ਲੋਕਾਂ ਦਾ ਦਿਲ ਜਿੱਤ ਸਕੀ। ਬਹੁਤ ਵਾਰ ਮੈਂ ਵੇਖਿਆ ਕਿ ਆਮ ਜਿਹੀ ਦਿੱਖ ਵਾਲੀਆਂ ਕੁੜੀਆਂ ਨੂੰ ਵੀ ਲੋਕ ਬਹੁਤ ਪਸੰਦ ਕਰਦੇ ਹਨ। ਮੈਨੂੰ ਕੋਈ ਦਿਲਾਂ ਨੂੰ ਜਿੱਤਣ ਦਾ ਮੰਤਰ ਦੱਸੋ। ਮੈਂ ਮਾਯੂਸ ਹਾਂ। ਮੈਨੂੰ ਲੱਗਦਾ ਹੈ ਕਿ ਮੈਂ ਡਿਪਰੈਸ਼ਨ ਵਿਚ ਜਾ ਰਹੀ ਹਾਂ।” ਮੇਰੀ ਕਿਤਾਬ ‘ਜਿੱਤ ਦਾ ਮੰਤਰ’ ਪੜ੍ਹਨ ਤੋਂ ਬਾਅਦ ਇਕ ਸਕੂਨ ਅਧਿਆਪਕਾ ਨੇ ਉਕਤ ਸਵਾਲ ਕੀਤਾ।
ਮੈਂ ਤੇਰੀ ਸਮੱਸਿਆ ਚੰਗੀ ਤਰਾਂ ਸਮਝ ਲਈ ਹੈ। ਬਹੁਤ ਵਾਰ ਅਸੀਂ ਸਰੀਰ ਦੀ ਸੁੰਦਰਤਾ ਵੱਲ ਧਿਆਨ ਦਿੰਦੇ ਹਾਂ। ਸਰੀਰ ਠੀਕ ਰੱਖਣ ਜਿੰਮ ਜਾਂਦੇ ਹਾਂ, ਕਸਰਤ ਕਰਦੇ ਹਾਂ, ਯੋਗਾ ਕਲਾਸਾਂ ਲਗਾਉਂਦੇ ਹਾਂ। ਬਿਊਟੀ ਪਾਰਲਰਾਂ ਵਿਚ ਵਕਤ ਬਿਤਾਉਂਦੇ ਹਾਂ। ਤਰਾਂ ਤਰਾਂ ਦੇ ਬਿਊਟੀ ਪ੍ਰੋਡਕਟ ਵਰਤਦੇ ਹਾਂ। ਪਰ ਕਦੇ ਸੋਚਿਆ ਹੈ ਕਿ ਮਨ ਦੀ ਸੁੰਦਰਤਾ ਲਈ ਕੀ ਕਰਦੇ ਹਾਂ।
ਕਦੇ ਸਰੀਰ ਦੀ ਸੁੰਦਰਤਾ ਵਾਂਗ ਮਨ ਨੂੰ ਸੁੰਦਰ ਬਣਾਉਣ ਦੇ ਤਰੀਕਿਆਂ ‘ਤੇ ਗੌਰ ਕੀਤਾ ਹੈ? ਹੋਰਨਾਂ ਕੁੜੀਆਂ ਨਾਲ ਈਰਖਾ ਕਰਨ ਦੀ ਬਜਾਏ ਉਨ੍ਹਾਂ ਦੇ ਵਿਚਾਰ ਬਾਰੇ ਵਿਚਾਰ ਕਰੋ। ਸੁਭਾਅ ਬਾਰੇ ਸੋਚੋ। ਲੋਕਾਂ ਦਾ ਦਿਲ ਜਿੱਤਣ ਲਈ ਮਨ ਨੂੰ ਸੁੰਦਰ ਬਣਾਉਣਾ ਜਰੂਰੀ ਹੁੰਦਾ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਪਸੰਦ ਕਰਨ ਤਾਂ ਮਨ ਨੂੰ ਸੁੰਦਰ ਬਣਾਉਣ ਲਈ ਚਿੰਤਨ ਕਰੋ। ਮਨ ਨੇ ਹੀ ਤੁਹਾਡੇ ਸੁਭਾਗਾਂ ਨੂੰ ਬਣਾਉਣਾ ਹੈ। ਸਵੈ ਪੜਚੋਲ ਕਰੋ ਅਤੇ ਆਪਣੇ ਆਪ ਨੂੰ ਸਵਾਲ ਕਰੋ :
- ਕੀ ਮੈਂ ਕਿਸੇ ਕਿਸਮ ਦੀ ਹਾਉਮੇ ਦੀ ਸ਼ਿਕਾਰ ਹਾਂ?
- ਕੀ ਤੁਹਾਨੂੰ ਵਾਰਤਾਲਾਪ ਕਰਨ ਦੀ ਕਲਾ ਆਉਂਦੀ ਹੈ?
- ਕੀ ਤੁਸੀਂ ਲੋਕਾਂ ਦੀ ਸਹੀ ਪ੍ਰਸੰਸਾ ਕਰਨ ਦੀ ਕਲਾ ਜਾਣਦੇ ਹੋ?
- ਪ੍ਰਸੰਸਾ ਅਤੇ ਚਾਪਲੂਸੀ ਦੇ ਫਰਕ ਦਾ ਪਤਾ ਹੈ?
- ਤੁਹਾਨੂੰ ਸਹਿਮਤੀ ਅਤੇ ਅਸਹਿਮਤੀ ਪ੍ਰਗਟਾਉਣ ਦਾ ਢੰਗ ਆਉਂਦਾ ਹੈ?
- ਕੀ ਤੁਹਾਨੂੰ ਹਰ ਵਿਸ਼ੇ ਦਾ ਥੋੜਾ ਬਹੁਤਾ ਗਿਆਨ ਹੈ?
- ਕੀ ਤੁਹਾਡੇ ਸੋੁਭਾਅ ਵਿਚ ਮੁਸਕਰਾਉਣਾ ਸ਼ਾਮਲ ਹੈ?
- ਕੀ ਤੁਸੀਂ ਵੱਡਿਆਂ ਨੂੰ ਸਤਿਕਾਰ, ਛੋਟਿਆਂ ਨੂੰ ਪਿਆਰ ਦਿੰਦੇ ਹੋ?
(ਬਾਕੀ ਕੱਲ੍ਹ)
Dr Harjinder Walia
+91-98723-14380
Patiala (Punjab) INDIA