ਫਰੀਦਕੋਟ : ਇਥੋਂ ਨੇੜੇ ਪਿੰਡ ਭਾਗਥਲਾ ਖੁਰਦ ਵਿਖੇ ਹਾਕਮ ਧਿਰ ਦੇ ਕੁੱਝ ਵਿਅਕਤੀਆਂ ਨੇ ਇਕ ਕਾਰ ਨੂੰ ਦਿਨ ਦਿਹਾੜੇ ਅੱਗ ਲਾ ਕੇ ਸਾੜ ਦਿੱਤਾ, ਜਦਕਿ ਕਾਰ ਸਵਾਰ ਵਿਅਕਤੀ ਮੌਕੇ ਤੋਂ ਭੱਜਣ ਵਿਚ ਸਫਲ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਭਾਗਥਲਾ ਖੁਰਦ ਦਾ ਪਿੰਡ ਦੇ ਹੀ ਕੁਝ ਵਿਅਕਤੀਆਂ ਨਾਲ ਨਹਿਰੀ ਖਾਲ਼ ਨੂੰ ਲੈ ਕੇ ਝਗੜਾ ਐਕਸੀਅਨ ਨਹਿਰੀ ਵਿਭਾਗ ਦੀ ਅਦਾਲਤ ਵਿੱਚ ਚੱਲਦਾ ਹੈ। ਪਰਮਜੀਤ ਸਿੰਘ ਨੇ ਦੱਸਿਆ ਕਿ ਕਰੀਬ 9 ਵਿਅਕਤੀਆਂ ਨੇ ਉਸ ਨੂੰ ਘੇਰ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰੰਤੂ ਉਹ ਮੌਕੇ ਤੋਂ ਭੱਜ ਗਿਆ। ਬਾਅਦ ਵਿੱਚ ਹਥਿਆਰਬੰਦ ਵਿਅਕਤੀਆਂ ਨੇ ਉਸ ਦੀ ਕਾਰ ਦੇ ਸ਼ੀਸ਼ੇ ਭੰਨ ਕੇ ਉਸ ਨੂੰ ਅੱਗ ਲਾ ਦਿੱਤੀ। ਪਰਮਜੀਤ ਸਿੰਘ ਨੇ ਕਿਹਾ ਕਿ ਇਸ ਸੰਬੰਧੀ ਪੁਲੀਸ ਨੂੰ ਵੀ ਲਿਖਤੀ ਸ਼ਿਕਾਇਤ ਕੀਤੀ ਸੀ ਪਰੰਤੂ ਪੁਲੀਸ ਨੇ ਦੋਸ਼ੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ। ਦੂਜੇ ਪਾਸੇ ਜਿਲ•ਾ ਪੁਲੀਸ ਮੁਖੀ ਦਰਸ਼ਨ ਸਿੰਘ ਮਾਨ ਨੇ ਕਿਹਾ ਕਿ ਸਦਰ ਪੁਲੀਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਪੜਤਾਲ ਉਪਰੰਤ ਦੋਸ਼ੀ ਵਿਅਕਤੀਆਂ ਖਿਲਾਫ਼ ਕਾਰਵਾਈ ਹੋਵੇਗੀ। ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਕਿ ਪੁਲੀਸ ਨੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਥਾਂ ਦੋਵੇਂ ਧਿਰਾਂ ਦੀਆਂ 107/151 ਦੀਆਂ ਜਮਾਨਤਾਂ ਕਰ ਦਿੱਤੀਆਂ ਅਤੇ ਉਸ ਉੱਪਰ ਰਾਜੀਨਾਮੇ ਲਈ ਦਬਾਅ ਪਾਇਆ ਜਾ ਰਿਹਾ ਹੈ।