
ਹਾਕਮ ਧਿਰ ਕਾਂਗਰਸ ਦੇ ਸੰਭਾਵੀ ਬਾਗੀਆਂ ‘ਤੇ ਡੋਰੇ ਪਾਉਣ ਲਈ ਤਿਆਰ-ਬਰ-ਤਿਆਰ
ਸੁਰਿੰਦਰ ਮਾਨ
ਮੋਗਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਕੱਟੇ ਜਾਣ ਤੋਂ ਬਾਅਦ ਦਲ ਬਦਲੀ ਕਰਕੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਅਕਾਲੀ ਵਿਧਾਇਕਾਂ ਨੂੰ ਕਾਂਗਰਸੀ ਉਮੀਦਵਾਰ ਬਣਾਏ ਜਾਣ ਨੂੰ ਲੈ ਕੇ ਕਾਂਗਰਸ ਹਾਈਕਮਾਂਡ ‘ਸਸ਼ੋਪੰਜ’ ‘ਚ ਪਈ ਹੋਈ ਹੈ। ਪਾਰਟੀ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਜਿੱਥੇ ਅਜਿਹੇ ਆਗੂਆਂ ਨੂੰ ਟਿਕਟ ਦੇਣ ਮਗਰੋਂ ਉਨਾਂ ਵਿਰੁੱਧ ਉੱਠਣ ਵਾਲੀਆਂ ‘ਬਾਗੀ’ ਸੁਰਾਂ ਦੇ ਸ਼ੰਕੇ ਨੇ ਪਾਰਟੀ ਹਾਈਕਮਾਂਡ ਦੀ ਚਿੰਤਾ ਵਧਾਈ ਹੋਈ ਹੈ ਉੱਥੇ ਟਿਕਟ ਲਾ ਮਿਲਣ ਦੀ ਸੂਰਤ ਵਿੱਚ ਕਾਂਗਰਸ ਦੇ ਲੀਡਰਾਂ ਨੇ ‘ਬਾਹਰੋਂ’ ਲਿਆ ਕੇ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰਾਂ ਵਿਰੁੱਧ ਆਜ਼ਾਦ ਤੌਰ ‘ਤੇ ਚੋਣ ਲੜਣ ਲਈ ਕਮਰਕੱਸੇ ਅੱਜ ਤੋਂ ਹੀ ਕਰ ਲਏ ਹਨ। ਭਰੋਸੇਯੋਗ ਵਸੀਲਿਆਂ ਦੀ ਇਤਲਾਹ ਮੁਤਾਬਿਕ ਪੰਜਾਬ ਦੇ 30 ਤੋਂ ਵੱਧ ਵਿਧਾਨ ਸਭਾ ਹਲਕਿਆਂ ਵਿੱਚ ਪਾਰਟੀ ਤੋਂ ‘ਬਾਗੀ’ ਹੋਣ ਵਾਲੇ ਆਗੂਆਂ ‘ਤੇ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨੇ ਵੀ ‘ਡੋਰੇ’ ਪਾਉਣੇ ਸ਼ੁਰੁ ਕਰ ਦਿੱਤੇ ਹਨ ਤਾਂ ਜੋ ਚੋਣਾਂ ਵਿੱਚ ਉਨਾਂ ਨੂੰ ਕਾਂਗਰਸ ਦੇ ਅਧਿਕਾਰਤ ਉਮੀਦਵਾਰਾਂ ਵਿਰੁੱਧ ਤਰੁੱਪ ਦੇ ਪੱਤੇ ਵਜੋਂ ਵਰਤਿਆ ਜਾ ਸਕੇ।
ਮਾਲਵਾ ਖਿੱਤੇ ਦੇ ਵਿਧਾਨ ਸਭਾ ਹਲਕਿਆਂ ਮੋਗਾ ਤੇ ਨਿਹਾਲ ਸਿਘ ਵਾਲਾ ‘ਚ ਕਾਂਗਰਸ ਪਾਰਟੀ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਹਾਲ ਹੀ ਵਿੱਚ ਅਕਾਲੀ ਦਲ ਨੂੰ ਫਤਹਿ ਬੁਲਾ ਕੇ ਕਾਂਗਰਸ ‘ਚ ਸ਼ਾਮਲ ਹੋਏ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੂੰ ਟਿਕਟ ਦੇਣ ਦੇ ਚਾਹਵਾਨ ਹਨ ਜਦੋਂ ਕਿ ਕਾਂਗਰਸ ਪਾਰਟੀ ਲਈ ਪੰਜਾਬ ਅਤੇ ਉੱਤਰ ਪ੍ਰਦੇਸ਼ ‘ਚ ਕਾਂਗਰਸ ਦੀ ਸਿਆਸੀ ਬੇੜੀ ਬੰਨੇ ਲਗਾਉਣ ਲਈ ‘ਕੰਮ’ ਕਰ ਰਹੀ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਇੱਕ ਸਥਾਨਕ ਆਗੂ ਨੂੰ ਟਿਕਟ ਦੇਣ ਦੀ ‘ਵਕਾਲਤ’ ਕਰ ਰਹੀ ਹੈ। ਇਸ ਹਲਕੇ ਵਿੱਚ ਕਾਂਗਰਸ ਦੀ ਟਿਕਟ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਡਾ. ਹਰਜੋਤ ਕਮਲ, ਸਥਾਨਕ ਕੌਂਸਲਰ ਮਨਜੀਤ ਸਿੰਘ ਮਾਨ ਅਤੇ ਸਾਬਕਾ ਮੰਤਰੀ ਡਾ.ਮਾਲਤੀ ਥਾਪਰ ਦੌੜ ਵਿੱਚ ਹਨ ਪਰ ਜੇਕਰ ਕਾਂਗਰਸ ਪਾਰਟੀ ਕਿਸੇ ‘ਬਾਹਰੀ’ ਆਗੂ ਨੂੰ ਇਸ ਸੀਟ ਤੋਂ ਉਮੀਦਵਾਰ ਬਣਾਉਂਦੀ ਹੈ ਤਾਂ ਇੱਥੇ ਸਿਆਸੀ ‘ਭੜਥੂ’ ਪੈਣ ਦੇ ਅਸਾਰ ਹਨ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਜੇਕਰ ਪਾਰਟੀ ਹਾਈਕਮਾਂਡ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੂੰ ਉਮੀਦਵਾਰ ਬਣਾਉਂਦੀ ਹੈ ਤਾਂ ਉਹ ਹਲਕੇ ਦੇ ਕਾਂਗਰਸੀ ਵੋਟਰਾਂ ਨੂੰ ਨਿਆਂ ਦਿਵਾਉਣ ਲਈ ਹਰ ਹਾਲਤ ਵਿੱਚ ਆਜ਼ਾਦ ਤੌਰ ‘ਤੇ ਚੋਣ ਲੜਣਗੇ
ਇਸੇ ਤਰ੍ਹਾਂ ਹਲਕਾ ਨਿਹਾਲ ਸਿੰਘ ਵਾਲਾ (ਰਾਖਵਾਂ) ਵਿੱਚ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋਈ ਅਕਾਲੀ ਵਿਧਾਇਕਾ ਰਾਜਵਿੰਦਰ ਕੌਰ ਭਾਗੀਕੇ ਨੂੰ ਟਿਕਟ ਦੇਣ ਦੇ ਮੁੱਦੇ ‘ਤੇ ਕਾਂਗਰਸ ‘ਚ ‘ਘਮਸਾਨ’ ਮੱਚਿਆ ਹੋਇਆ ਹੈ। ਪਤਾ ਲੱਗਾ ਹੈ ਕਿ ਇਸੋ ਸੀਟ ਤੋਂ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੇਵਾਮੁਕਤ ਕਰਨਲ ਬਾਬੂ ਸਿੰਘ ਅਤੇ ਜ਼ਿਲਾ ਕਾਂਗਰਸ ਕਮੇਟੀ ਦੀ ਸਾਬਕਾ ਪ੍ਰਧਾਨ ਜਗਦਰਸ਼ਨ ਕੌਰ ਆਪਣਾ ਦਾਅਵਾ ਜਿਤਾ ਚੁੱਕੇ ਹਨ ਜਦੋਂ ਕਿ ਸਥਾਨਕ ਪੱਧਰ ‘ਤੇ ਵੀ ਕੁੱਝ ਸੀਨੀਅਰ ਕਾਂਗਰਸੀ ਆਗੂ ਵੀ ਟਿਕਟ ਲਈ ‘ਹੱਥ-ਪੈਰ’ ਮਾਰ ਰਹੇ ਹਨ। ਪਾਰਟੀ ਦੇ ਇੱਕ ਆਗੂ ਨੇ ਕੁੱਲ ਹਿੰਦ ਕਾਂਗਰਸ ਕਮੇਟੀ ਦੀ ਪ੍ਰਧਾਲ ਸੋਨੀਆਂ ਗਾਂਧੀ ਨੂੰ ਪੱਤਰ ਭੇਜ ਕੇ ਅਕਾਲੀ ਦਲ ‘ਚੋਂ ਕਾਂਗਰਸ ‘ਚ ‘ਟਪੂਸੀ’ ਮਾਰਨ ਵਾਲਿਆਂ ਨੂੰ ਟਿਕਟ ਦੇ ਕੇ ਕਾਂਗਰਸ ਦੇ ਪੁਰਾਣੇ ਵਰਕਰਾਂ ਨੂੰ ‘ਜ਼ਲੀਲ’ ਨਾ ਕਰਨ ਦੀ ਸਲਾਹ ਵੀ ਦਿੱਤੀ ਹੈ। ਸਥਾਨਕ ਪੱਧਰ ਦੇ ਆਗੂਆਂ ਦਾ ਕਹਿਣਾ ਹੈ ਕਿ ਜਿਹੜੇ ਅਕਾਲੀ ਵਿਧਾਇਕ ਪਿਛਲੇ ਸਮੇਂ ਦੌਰਾਨ ਕਾਂਗਰਸੀਆਂ ਨੂੰ ‘ਤੰਗ-ਪ੍ਰੇਸ਼ਾਨ’ ਕਰਦੇ ਰਹੇ ਹਨ ਅੱਜ ਉਨਾਂ ਨੂੰ ਕਾਂਗਰਸੀ ਵਰਕਰਾਂ ਦੇ ਸਿਰ ‘ਤੇ ਬਿਠਾਉਣਾ ਵਾਜਬ ਨਹੀਂ ਹੈ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਾਂਗਰਸ ਦੀ ਟਿਕਟ ਦੇ ਚਾਹਵਾਨ ਪੁਰਾਣੇ ਕਾਂਗਰਸੀ ਆਗੂ ਦਿੱਲੀ ਤੋਂ ਵਾਪਸ ਆਪਣੇ ਘਰਾਂ ਨੂੰ ਪਰਤ ਆਏ ਹਨ ਜਦੋਂ ਕਿ ਅਕਾਲੀ ਦਲ ‘ਚੋਂ ਕਾਂਗਰਸ ‘ਚ ਆਏ ਆਗੂ ਟਿਕਟਾਂ ਹਾਸਲ ਕਰਨ ਲਈ ਹਾਲੇ ਵੀ ਦਿੱਲੀ ਦਰਬਾਰ ਦੀ ‘ਸ਼ਰਨ’ ‘ਚ ਹਨ। ਸੀਨੀਅਰ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਹੈਪੀ ਦਾ ਕਹਿਣਾ ਹੈ ਕਿ ਟਿਕਟਾਂ ਦੀ ਵੰਡ ਬਾਰੇ ਹਾਲੇ ਉਹ ਕੁੱਝ ਵੀ ਕਹਿਣ ਦੀ ਸਮਰੱਥਾ ਵਿੱਚ ਨਹੀਂ ਹਨ ਅਤੇ ਅਸਲ ਤਸਵੀਰ ਉਮੀਦਵਾਰਾਂ ਦੇ ਸਾਹਮਣੇ ਆਉਣ ‘ਤੇ ਹੀ ਸਾਹਮਣੇ ਆਵੇਗੀ। ਉਨਾ ਕਿਹਾ ਕਿ ਬਦਲਦੇ ਹਾਲਾਤ ਦੇ ਮੱਦੇਨਜ਼ਰ ਬਾਗੀ ਸੁਰਾਂ ਉੱਠਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ।