best platform for news and views

ਦਰਿਆਈ ਪਾਣੀ ਦੀ ਚੁੱਪ-ਚੁਪੀਤੇ ਕੀਤੀ ਗਈ ਸੌਦੇਬਾਜ਼ੀ- ਅਕਾਲੀ ਦਲ

Please Click here for Share This News

ਚੰਡੀਗੜ੍ਹ,18 ਸਤੰਬਰ- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਕਾਂਗਰਸ ਵੱਲੋਂ ਸੂਬੇ ਦੇ ਦਰਿਆਈ ਪਾਣੀਆਂ ਨੂੰ ਹਾਂਸੀ-ਬੁਟਾਣਾ ਨਹਿਰ ਰਾਂਹੀ ਹਰਿਆਣਾ ਨੂੰ ਦੇਣ ਲਈ ਚੁੱਪ-ਚੁਪੀਤੇ ਕੀਤੀ ਗਈ ਸੌਦੇਬਾਜ਼ੀ ਨੂੰ ਰੱਦ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਉਹ ਅਜਿਹੀ ਕਿਸੇ ਵੀ ਸਾਜ਼ਿਸ਼ ਨੂੰ ਸਿਰੇ ਨਹੀਂ ਚੜ੍ਹਣ ਦੇਵੇਗਾ।
ਅੱਜ ਇੱਥੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਵਿਚ ਹੋਈ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ, ਜਿਸ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਾਰੀ ਸੀਨੀਅਰ ਲੀਡਰਸ਼ਿਪ ਨੇ ਹਿੱਸਾ ਲਿਆ, ਵਿਚ ਇਹ ਪ੍ਰਸਤਾਵ ਪਾਸ ਕਰਦਿਆਂ ਅਕਾਲੀ ਦਲ ਨੇ ਕਿਹਾ ਕਿ ਪੰਜਾਬ ਕਾਂਗਰਸ ਸੂਬੇ ਦਾ 1000 ਕਿਊਸਕ ਦਰਿਆਈ ਪਾਣੀ  ਹਾਂਸੀ-ਬੁਟਾਣਾ ਨਹਿਰ ਰਾਂਹੀ ਹਰਿਆਣਾ ਨੂੰ ਦੇਣ ਲਈ ਸਹਿਮਤੀ ਜਤਾ ਕੇ ਸਿਧਾਂਤਕ ਤੌਰ ਤੇ ਪੰਜਾਬ ਦੇ ਹਿੱਤਾਂ ਨੂੰ ਵੇਚਣ ਲਈ ਤਿਆਰ ਹੋ ਗਈ ਹੈ। ਮਤੇ ਵਿਚ ਪੰਜਾਬ ਕਾਂਗਰਸ ਨੂੰ ਅੱਗ ਨਾਲ ਖੇਡਣ ਤੋਂ ਵਰਜਦਿਆਂ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਤੋਂ ਪਹਿਲਾਂ ਐਸਵਾਈਐਲ ਦੀ ਉਸਾਰੀ ਰੁਕਵਾਉਣ ਲਈ ਇੱਕ ਮੋਰਚਾ ਕੱਢਿਆ ਸੀ ਅਤੇ ਇਹ ਅਜਿਹਾ ਦੁਬਾਰਾ ਕਰਨ ਤੋਂ ਨਹੀਂ ਝਿਜਕੇਗਾ। ਅਸੀਂ ਦਰਿਆਈ ਪਾਣੀਆਂ ਦਾ ਇੱਕ ਤੁਪਕਾ ਵੀ ਸੂਬੇ ਤੋਂ ਬਾਹਰ ਨਹੀਂ ਜਾਣ ਦਿਆਂਗੇ।
ਮੀਟਿੰਗ ਦੌਰਾਨ ਪਾਸ ਕੀਤੇ ਇੱਕ ਹੋਰ ਮਤੇ ਵਿਚ ਅਕਾਲੀ ਦਲ ਨੇ ਕਾਹਨੂੰਵਾਨ ਵਿਖੇ ਹੋਈ ਬੇਅਦਬੀ ਦੀ ਘਟਨਾ ਮਗਰੋਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਗੁਰਦੁਆਰਾ ਛੋਟਾ ਘੱਲੂਘਾਰਾ ਵਿਚ ਦਾਖਲ ਹੋਣ ਤੋਂ ਰੋਕ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਸੰਗਤ ਦਾ ਅਪਮਾਨ ਕਰਨ ਵਾਸਤੇ ਪੰਜਾਬ ਕਾਂਗਰਸ ਦੀ ਨਿਖੇਧੀ ਕੀਤੀ। ਮਤੇ ਵਿਚ ਕਿਹਾ ਕਿ ਇਸ ਤੋਂ ਮਗਰੋਂ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਥਾਂ ਗੁਰਦਾਸਪੁਰ ਜ਼ਿਮਨੀ ਚੋਣ ਦੇ ਮੌਕੇ ਅਕਾਲੀ ਦਲ ਨੂੰ ਡਰਾਉਣ ਲਈ ਗੁਰਦਾਸਪੁਰ ਦੇ ਅਕਾਲੀ ਆਗੂਆਂ ਅਤੇ 500 ਹੋਰ ਵਿਅਕਤੀਆਂ ਖਿਲਾਫ ਝੂਠੇ ਕੇਸ ਦਰਜ ਕੀਤੇ ਗਏ। ਇਹ ਕਹਿੰਦਿਆਂ ਕਿ ਪਾਰਟੀ ਚੁੱਪ ਕਰਕੇ ਨਹੀਂ ਬੈਠੇਗੀ, ਮਤੇ ਵਿਚ ਕਿਹਾ ਗਿਆ ਕਿ ਜੇਕਰ ਕਾਂਗਰਸ ਨੇ ਇਹ ਸਾਰੇ ਬਦਲੇਖੋਰੀ ਦੇ ਕੇਸ ਵਾਪਸ ਨਾ ਲਏ ਤਾਂ ਅਕਾਲੀ ਦਲ 26 ਸਤੰਬਰ ਨੂੰ ਗੁਰਦਾਸਪੁਰ ਵਿਖੇ ਇੱਕ ਵੱਡਾ ਰੋਸ ਪ੍ਰਦਰਸ਼ਨ ਕਰੇਗਾ।
ਅਕਾਲੀ ਦਲ ਨੇ ਕਾਂਗਰਸ ਸਰਕਾਰ ਦੀ ਸਾਰੇ ਮੋਰਚਿਆਂ ਉੱਤੇ ਨਾਕਾਮੀ ਦਾ ਜ਼ਿਕਰ ਕਰਦਿਆਂ ਇਸ ਵੱਲੋਂ ਕਿਸਾਨਾਂ, ਨੌਜਵਾਨਾਂ ਅਤੇ ਕਮਜ਼ੋਰ ਵਰਗਾਂ ਨਾਲ ਕੀਤੇ ਧੋਖੇ ਉੱਤੇ ਚਾਨਣਾ ਪਾਇਆ। ਇਸ ਬਾਰੇ ਇੱਕ ਮਤਾ ਪਾਸ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੇ ਛੇ ਮਹੀਨੇ  ਇੱਕ ਕਾਲੇ ਦੌਰ ਦੇ ਤੁੱਲ ਹਨ, ਜਿਸ ਵਿਚ ਕੋਈ ਉਮੀਦ ਦੀ ਕਿਰਨ ਨਹੀਂ ਹੈ, ਕਿਉਂਕਿ ਸਰਕਾਰ ਸਪੱਸ਼ਟ ਕਰ ਚੁੱਕੀ ਹੈ ਕਿ ਉਹ ਆਪਣੀ ਕਿਸੇ ਵੀ ਵਚਨਬੱਧਤਾ ਨੂੰ ਪੂਰਾ ਨਹੀਂ ਕਰੇਗੀ।  ਅਜਿਹੇ ਮਾਹੌਲ ਵਿਚ ਲੋਕਾਂ ਨੂੰ ਇਸ ਲੋਕ-ਵਿਰੋਧੀ ਸਰਕਾਰ ਕੋਲੋਂ ਕੋਈ  ਉਮੀਦ ਨਹੀਂ ਹੈ ਅਤੇ ਅਜਿਹੀ ਨਿਕੰਮੀ ਸਰਕਾਰ ਕੋਲ ਵੀ ਲੋਕਾਂ ਦੀ ਸੇਵਾ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਬਚਿਆ ਹੈ। ਮਤੇ ਵਿਚ ਇਹ ਵੀ ਕਿਹਾ ਗਿਆ ਕਿ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਤੋਂ ਮੁੱਕਰ ਚੁੱਕੀ ਹੈ, ਇਹ ਭਾਂਵੇ 90 ਹਜ਼ਾਰ ਕਰੋੜ ਦੀ ਕਰਜ਼ਾ ਮੁਆਫੀ ਹੋਵੇ,2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਹੋਵੇ, ਨੌਜਵਾਨਾਂ ਨੂੰ ਸਮਾਰਟ ਫੋਨ ਦੇਣੇ ਹੋਣ ਜਾਂ ਬੁਢਾਪਾ ਪੈਨਸ਼ਨ ਅਤੇ ਸ਼ਗਨ ਸਕੀਮ ਨੂੰ ਕ੍ਰਮਵਾਰ 2500 ਰੁਪਏ ਅਤੇ 51000 ਰੁਪਏ ਕਰਨ ਦਾ ਵਾਅਦਾ ਹੋਵੇ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਤੋਂ ਸਾਬਿਤ ਹੋ ਗਿਆ ਹੈ ਕਿ ਕਾਂਗਰਸ ਸਰਕਾਰ ਝੂਠੇ ਵਾਅਦਿਆਂ, ਝੂਠਾਂ, ਧੋਖਿਆਂ ਅਤੇ ਠੱਗੀਆਂ ਦਾ ਦੌਰ ਜਾਰੀ ਰੱਖੀ ਤੁਰੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਸਰਕਾਰ ਦੀ ਇਸ ਨੀਤੀ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ ਅਤੇ ਇਸ ਨੂੰ ਕੀਤੇ ਵਾਅਦੇ ਪੂਰੇ ਕਰਨ ਲਈ ਮਜ਼ਬੂਰ ਕਰ ਦਿਆਂਗੇ।  ਮਤੇ ਵਿਚ ਬੇਅਦਬੀ ਦੀਆਂ ਘਟਨਾਵਾਂ ਵਿਚ ਹੋਏ ਵਾਧੇ ਅਤੇ ਘੱਟ ਗਿਣਤੀਆਂ ਅਤੇ ਦਲਿਤਾਂ ਉੱਤੇ ਕੀਤੇ ਜਾ ਰਹੇ ਹਮਲਿਆਂ ਦੀ ਵੀ ਨਿਖੇਧੀ ਕੀਤੀ ਗਈ।
ਕੋਰ ਕਮੇਟੀ ਨੇ ਭਾਰਤੀ ਹਵਾਈ ਫੌਜ ਦੇ ਪਹਿਲੇ ਮਾਰਸ਼ਲ ਅਰਜਨ ਸਿੰਘ ਦੀਆਂ ਪ੍ਰਾਪਤੀਆਂ ਦੀ ਸਰਾਹਣਾ ਕਰਦਿਆਂ ਇੱਕ ਮਤਾ ਪਾਸ ਕੀਤਾ। ਇਸ ਮਤੇ ਵਿਚ ਕਿਹਾ ਗਿਆ ਕਿ ਮਾਰਸ਼ਲ ਨੇ 1965 ਦੀ ਲੜਾਈ ਵਿਚ ਇੱਕ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਸੀ ਅਤੇ ਉਹਨਾਂ ਨੇ ਭਾਰਤੀ ਹਵਾਈ ਫੌਜ ਨੂੰ ਇੱਕ ਆਧੁਨਿਕ ਲੜਾਕੇ ਯੂਨਿਟ ਵਿਚ ਤਬਦੀਲ ਕੀਤਾ ਸੀ। ਮਤੇ ਵਿਚ ਕਿਹਾ ਕਿ ਮਾਰਸ਼ਲ ਅਰਜਨ ਸਿੰਘ ਵੱਲੋਂ ਦੇਸ਼ ਲਈ ਨਿਭਾਈਆਂ ਸੇਵਾਵਾਂ ਬਦਲੇ ਉੁਹਨਾਂ ਨੂੰ ਭਾਰਤ ਰਤਨ ਦਿੱਤਾ ਜਾਵੇ।
ਇੱਕ ਹੋਰ ਮਤੇ ਵਿਚ ਸਾਬਕਾ ਮੰਤਰੀ ਅਜੀਤ ਸਿੰਘ ਕੋਹਾੜ ਜੀ ਦੀ ਧਰਮ ਪਤਨੀ ਬੀਬੀ ਨਸੀਬ ਕੌਰ ਅਤੇ ਮਸ਼ਹੂਰ ਨੈਫਰੋਲੌਜਿਸਟ ਡਾਕਟਰ ਕੇ ਐਸ ਚੁੱਘ ਦੇ ਅਕਾਲ ਚਲਾਣੇ ਉੱਤੇ ਦੋਵਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ ਗਈਆਂ।

Please Click here for Share This News

Leave a Reply

Your email address will not be published. Required fields are marked *