ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਦਰਬਾਰੀ ਲਾਲ ਕੁੱਝ ਦਿਨ ਪਹਿਲਾਂ ਹੀ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ, ਪਰ ਉਹ ਆਮ ਆਦਮੀ ਪਾਰਟੀ ਨੂੰ ਹਜਮ ਨਹੀਂ ਹੋਏ ਅਤੇ ਅੱਜ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਹਾਜਰੀ ਵਿਚ ਮੁੜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਦਰਬਾਰੀ ਲਾਲ ਦਾ ਸਵਾਗਤ ਕੀਤਾ ਹੈ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸ੍ਰੀ ਦਰਬਾਰੀ ਲਾਲ ਦੀ ਖਰਾਬ ਸਿਹਤ ਕਾਰਨ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਤੋਂ ਟਿਕਟ ਕੱਟ ਦਿੱਤੀ ਹੈ ਅਤੇ ਨਵੇਂ ਉਮੀਦਵਾਰ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ। ਬਿਆਨ ਵਿਚ ਕਿਹਾ ਗਿਆ ਹੈ ਕਿ ਸ੍ਰੀ ਦਰਬਾਰੀ ਲਾਲ ਉੱਪਰ ਭਰਿਸ਼ਟਾਚਾਰ ਦੇ ਦੋਸ਼ ਲੱਗੇ ਸਨ, ਜਿਸ ਬਾਰੇ ਪਾਰਟੀ ਵਲੋਂ ਉਨ੍ਹਾਂ ਨੂੰ ਵਾਰ ਵਾਰ ਸਥਿੱਤੀ ਸਪਸ਼ਟ ਕਰਨ ਲਈ ਕਿਹਾ ਜਾ ਰਿਹਾ ਸੀ, ਪਰ ਉਨ੍ਹਾਂ ਨੇ ਸਥਿੱਤੀ ਸਪਸ਼ਟ ਨਹੀਂ ਕੀਤੀ। ਦੂਜੇ ਪਾਸੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸ੍ਰੀ ਦਰਬਾਰੀ ਲਾਲ ਵਲੋਂ ਕੁੱਝ ਮਾਮਲਿਆਂ ਨੂੰ ਲੈ ਕੇ ਪਿਛਲੇ ਦਿਨੀਂ ਕਾਂਗਰਸ ਪਾਰਟੀ ਛੱਡ ਦਿੱਤੀ ਸੀ, ਪਰ ਜਦੋਂ ਇਹ ਸਾਰੇ ਮਾਮਲੇ ਹਾਈ ਕਮਾਂਡ ਦੇ ਧਿਆਨ ਵਿਚ ਲਿਆਂਦੇ ਗਏ ਤਾਂ ਇਹ ਸਾਰੇ ਮਾਮਲੇ ਹੱਲ ਕਰ ਦਿੱਤੇ ਗਏ ਹਨ ਅਤੇ ਸ੍ਰੀ ਦਰਬਾਰੀ ਲਾਲ ਮੁੜ ਪਾਰਟੀ ਵਿਚ ਸ਼ਾਮਲ ਹੋ ਗਏ ਹਨ ਅਤੇ ਉਹ ਪਾਰਟੀ ਲਈ ਕੰਮ ਕਰਨਗੇ। ਕੈਪਟਨ ਅਮਰਿੰਦਰ ਨੇ ਦਰਬਾਰੀ ਲਾਲ ਦੀ ਕਾਂਗਰਸ ‘ਚ ਵਾਪਿਸੀ ਨੂੰ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਵਾਸਤੇ ਇਕ ਹੋਰ ਸੱਟ ਕਰਾਰ ਦਿੱਤਾ, ਜਿਸਦੇ ਭ੍ਰਿਸ਼ਟਾਚਾਰ ਤੇ ਸੈਕਸ ਸਕੈਂਡਲਾਂ ‘ਚ ਕਾਬੂ ਕੀਤੇ ਜਾ ਚੁੱਕੇ ਲਾਲਚੀ ਲੋਕਾਂ ਦੇ ਇਕ ਸੰਗਠਨ ਵਜੋਂ ਭਾਂਡਾਫੋੜ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਦਰਬਾਰੀ ਲਾਲ ਪਾਰਟੀ ਨਾਲ ਉਨ੍ਹਾਂ ਦੀਆਂ ਕੁਝ ਉਚਿਤ ਸ਼ਿਕਾਇਤਾਂ ਕਾਰਨ ਕਾਂਗਰਸ ਛੱਡ ਕੇ ਚਲੇ ਗਏ ਸਨ, ਜਿਨ੍ਹਾਂ ਨੂੰ ਹੁਣ ਸੁਲਝਾ ਲਿਆ ਗਿਆ ਹੈ ਤੇ ਉਨ੍ਹਾਂ ਨੇ ਪਾਰਟੀ ‘ਚ ਸ਼ਾਮਿਲ ਹੋਣ ਅਤੇ ਅੰਮ੍ਰਿਤਸਰ ‘ਚ ਪਾਰਟੀ ਦੇ ਸਾਰੇ ਉਮੀਦਵਾਰਾਂ ਦੀ ਸਹਾਇਤ ਕਰਨ ਦਾ ਫੈਸਲਾ ਲਿਆ ਹੈ।
ਇਸ ਮੌਕੇ ਸ੍ਰੀ ਦਰਬਾਰੀ ਲਾਲ ਨੇ ਕਿਹਾ ਕਿ ਉਹ ਟਿਕਟ ਦੇ ਲਾਲਚ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਨਹੀਂ ਹੋੲੇ ਸਨ, ਸਗੋਂ ਉਹ ਤਾਂ ਜਨਤਾ ਦੀ ਸੇਵਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਭਰਿਸ਼ਟ ਪਾਾਰਟੀ ਹੈ ਅਤੇ ਅਰਵਿੰਦਰ ਕੇਜਰੀਵਾਲ ਦਾ ਕੋਈ ਵੀ ਸਿਧਾਂਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਟਿਕਟ ਦੀ ਇੱਛਾ ਨਾਲ ਪਾਰਟੀ ‘ਚ ਵਾਪਿਸੀ ਨਹੀਂ ਕੀਤੀ ਹੈ, ਸਗੋਂ ਉਹ ਸੂਬੇ ਦੀ ਸੇਵਾ ਕਰਨਾ ਚਾਹੁੰਦੇ ਹਨ ਅਤੇ ਇਸ ਲਈ ਉਨ੍ਹਾਂ ਨੇ ਭ੍ਰਿਸ਼ਟ ਤੇ ਲਾਲਚੀ ਆਪ ਨੂੰ ਛੱਡਣ ਦਾ ਫੈਸਲਾ ਲਿਆ, ਬਾਵਜੂਦ ਇਸਦੇ ਕਿ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਲਈ ਅਰਵਿੰਦ ਕੇਜਰੀਵਾਲ ਦੀ ਪਾਰਟੀ ਤੋਂ ਟਿਕਟ ਮਿੱਲ ਗਈ ਸੀ। ਇਸ ਦੌਰਾਨ ਆਪ ਤੇ ਇਸਦੀ ਅਗਵਾਈ ਉਪਰ ਖਤਰਨਾਕ ਸੋਚ ਰੱਖਣ ਦਾ ਦੋਸ਼ ਲਗਾਉਂਦਿਆਂ, ਜਿਹੜੀ ਪੰਜਾਬ ਲਈ ਹਾਨੀਕਾਰਕ ਹੈ, ਲਾਲ ਨੇ ਕਿਹਾ ਕਿ ਇਹ ਪਾਰਟੀ ਬਾਹਰੀ ਲੋਕਾਂ ਦੀ ਹੈ ਅਤੇ ਇਸਦਾ ਸੂਬੇ ‘ਚ ਕੋਈ ਅਧਾਰ ਨਹੀਂ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਦੇ ਵਕਤ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਪੰਜਾਬ ਲਈ ਸੁਨਿਹਰੀ ਸਮਾਂ ਸੀ, ਜਿਸ ਦੌਰਾਨ ਵੱਡੇ ਪੱਧਰ ‘ਤੇ ਨਿਵੇਸ਼ ਲਿਆਉਣ ਤੇ ਰੋਜ਼ਗਾਰ ਪੈਦਾ ਕਰਨ ਦੇ ਨਾਲ ਪੁਖਤਾ ਕੀਤਾ ਗਿਆ ਕਿ ਨੌਜ਼ਵਾਨ ਸਮਾਜ ਦੀ ਮੁੱਖ ਧਾਰਾ ‘ਚ ਬਣੇ ਰਹਿਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਵਿਧਾਇਕ ਰਾਜ ਕੁਮਾਰ ਵੇਰਕਾ, ਏ.ਆਈ.ਸੀ.ਸੀ ਸਕੱਤਰ ਹਰੀਸ਼ ਚੌਧਰੀ ਤੇ ਪੰਜਾਬ ਕਾਂਗਰਸ ਜਨਰਲ ਸਕੱਤਰ ਸੰਜੀਵ ਅਰੋੜਾ ਵੀ ਮੌਜ਼ੂਦ ਸਨ। ਜ਼ਿਕਰਯੋਗ ਹੈ ਕਿ ਦਰਬਾਰੀ ਲਾਲ ਤਿੰਨ ਵਾਰ ਕਾਂਗਰਸ ਦੇ ਵਿਧਾਇਕ ਤੇ ਸੂਬਾ ਵਿਧਾਨ ਸਭਾ ‘ਚ ਸਾਬਕਾ ਕਾਂਗਰਸੀ ਡਿਪਟੀ ਸਪੀਕਰ ਰਹੇ ਹਨ, ਜਿਹੜੇ ਪਹਿਲਾਂ 2014 ‘ਚ ਭਾਰਤੀ ਜਨਤਾ ਪਾਰਟੀ ‘ਚ ਚਲੇ ਗਏ ਸਨ ਅਤੇ ਬਾਅਦ ‘ਚ ਪਾਰਟੀ ਛੱਡ ਕੇ ਆਪ ‘ਚ ਸ਼ਾਮਿਲ ਹੋ ਗਏ ਸਨ।