best platform for news and views

ਤੇਜ਼ ਵਿਕਾਸ, ਸ਼ਾਂਤੀ ਅਤੇ ਫਿਰਕੂ ਸਦਭਾਵਨਾ ਲਈ ਬਾਦਲ ਸਾਹਿਬ ‘ਚ ਮੁੜ ਭਰੋਸਾ ਜਤਾਓ: ਸੁਖਬੀਰ ਬਾਦਲ

Please Click here for Share This News
ਚੰਡੀਗੜ੍ਹ/03 ਫਰਵਰੀ/ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ ਸੁਖਬੀਰ ਸਿੰਘ ਬਾਦਲ ਨੇ ਚੋਣ-ਪ੍ਰਚਾਰ ਦੌਰਾਨ ਅਕਾਲੀ-ਭਾਜਪਾ ਨੂੰ ਦਿੱਤੇ ਭਾਰੀ ਸਮਰਥਨ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਹਨਾਂ ਲੋਕਾਂ ਨੂੰ ਕਿਹਾ ਕਿ ਪੰਜਾਬ ਦੇ ਤੇਜ਼ ਵਿਕਾਸ ਅਤੇ ਸੂਬੇ ਅੰਦਰ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਲਈ ਉਹ ਸ਼ ਪਰਕਾਸ਼ ਸਿੰਘ ਬਾਦਲ ਵਿਚ ਮੁੜ ਭਰੋਸਾ ਜਤਾਉਣ।
ਪੰਜਾਬ ਵਿਚ ਵੋਟਾਂ ਤੋਂ ਇੱਕ ਦਿਨ ਪਹਿਲਾਂ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੈਂ ਸਾਰੇ ਅਕਾਲੀ ਵਰਕਰਾਂ ਦਾ ਪਾਰਟੀ ਦੇ ਨਾਲ ਚੱਟਾਨ ਵਾਂਗ ਖੜ੍ਹਣ ਲਈ ਧੰਨਵਾਦ ਕਰਦਾ ਹਾਂ। ਮੈਂ ਪੰਜਾਬ ਦੀ ਹਰ ਗਲੀ ਅਤੇ ਕੋਨੇ ਵਿਚ ਘੁੰਮਿਆ ਹਾਂ। ਮੈਂ ਅਕਾਲੀ ਵਰਕਰਾਂ ਅੰਦਰ ਪਹਿਲਾਂ ਕਦੀ ਵੀ ਇੰਨਾ ਉਤਸ਼ਾਹ ਅਤੇ ਜੋਸ਼ ਨਹੀਂ ਵੇਖਿਆ। ਪਾਰਟੀ ਅਤੇ ਪੰਜਾਬ ਲਈ ਤੁਹਾਡੀ ਵਚਨਬੱਧਤਾ ਕੱਲ੍ਹ ਨੂੰ ਸਾਡੀ ਪਾਰਟੀ ਅਤੇ ਗਠਜੋੜ ਨੂੰ ਚੰਗੀ ਪੁਜ਼ੀਸ਼ਨ ਦਿਵਾਏਗੀ।
ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਹਮੇਸ਼ਾਂ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ ਲੜਿਆ ਅਤੇ ਖੜਿਆ ਹੈ। ਉਹਨਾਂ ਲੋਕਾਂ ਨੂੰ ਸਾਵਧਾਨ ਕੀਤਾ ਕਿ ਕੁੱਝ ਬਾਹਰੀ ਲੋਕ ਫਿਰਕੂ ਤਣਾਅ ਪੈਦਾ ਕਰਨ ਵਾਸਤੇ ਬੜੀ ਮੁਸ਼ਕਿਲ ਨਾਲ ਹਾਸਿਲ ਕੀਤੀ ਗਈ ਪੰਜਾਬ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨਾ ਚਾਹੁੰਦੇ ਹਨ। ਉਹਨਾਂ ਵਿਅਕਤੀਆਂ ਨੂੰ ਆਪਣੇ ਨਾਪਾਕ ਇਰਾਦਿਆਂ ਵਿਚ ਕਾਮਯਾਬ ਨਾ ਹੋਣ ਦਿਓ। ਉਹਨਾਂ ਕਿਹਾ ਕਿ ਲੋਕਾਂ ਨੂੰ ਆਪ ਅਤੇ ਇਸ ਦੇ ਮੁਖੀ ਅਰਵਿੰਦ ਕੇਜਰੀਵਾਲ ਦੀਆਂ ਗਤੀਵਿਧੀਆਂ ਤੋਂ ਚੌਕਸ ਰਹਿਣਾ ਚਾਹੀਦਾ ਹੈ ਜੋ ਕਿ ਵੱਖਵਾਦੀਆਂ ਨਾਲ ਮਿਲ ਚੁੱਕਿਆ ਹੈ। ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਆਪ ਅਤੇ ਕਾਂਗਰਸ ਦੋਹਾਂ ਨੂੰ ਰੱਦ ਕਰ ਦਿਓ। ਤੁਸੀਂ ਕਾਂਗਰਸ ਨੂੰ ਕਿਵੇਂ ਮਾਫ ਕਰ ਸਕਦੇ ਹੋ, ਜਿਸ ਨੇ ਸ੍ਰੀ ਦਰਬਾਰ ਸਾਹਬ ਅੰਦਰ ਤੋਪਾਂ ਅਤੇ ਟੈਂਕ ਵਾੜੇ ਸਨ ਅਤੇ 1984 ਵਿਚ ਦਿੱਲੀ ਵਿਖੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਸੀ।
ਉਹਨਾਂ ਕਿਹਾ ਕਿ ਸਰਦਾਰ ਬਾਦਲ ਦੁਆਰਾ ਲੋਕਾਂ ਨਾਲ ਕੀਤੇ ਗਏ ਵਾਅਦੇ ਪੱਥਰ ਉੱਤੇ ਲਿਖੇ ਵਾਕਾਂ ਵਾਂਗ ਪੱਕੇ ਹਨ। ਅਸੀਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ। ਇਹ ਚਾਹੇ ਕਿਸਾਨਾਂ ਨੂੰ ਮੁਫਤ ਬਿਜਲੀ ਦੇਣਾ ਹੋਵੇ ਜਾਂ ਸ਼ਗਨ ਸਕੀਮ ਜਾਂ ਆਟਾ ਦਾਲ ਸਕੀਮ ਵਰਗੀਆਂ ਲੋਕ ਭਲਾਈ ਸਕੀਮਾਂ ਸ਼ੁਰੂ ਕਰਨਾ ਹੋਵੇ। ਅਸੀਂ ਸਾਡੇ ਚੋਣ ਮਨੋਰਥ ਪੱਤਰ ਵਿਚ ਕੀਤੇ ਸਾਰੇ ਵਾਅਦੇ ਕਿਸਾਨਾਂ ਦਾ ਕਰਜ਼ੇ ਮਾਫ ਕਰਨਾ, ਕਣਕ ਅਤੇ ਝੋਨੇ ਉੱਤੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣਾ, ਹਰੇਕ ਬੇਘਰੇ ਵਿਅਕਤੀ ਨੂੰ ਪੱਕਾ ਘਰ ਬਣਾ ਕੇ ਦੇਣਾ ਅਤੇ ਗਰੀਬ ਤਬਕਿਆਂ ਨੂੰ ਰਿਆਇਤੀ ਦਰਾਂ ਉੱਤੇ ਖੰਡ ਅਤੇ ਘਿਓ ਦੇਣਾ ਆਦਿ ਵੀ ਪੂਰੇ ਕਰਾਂਗੇ।
ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਨੂੰ ਵੋਟ ਪਾਉਣਾ ਸੂਬੇ ਦੇ ਵਿਕਾਸ ਨੂੰ ਵੋਟ ਪਾਉਣਾ ਹੈ। ਸਿਰਫ ਅਸੀਂ ਹੀ ਤੁਹਾਨੂੰ ਦੱਸਿਆ ਹੈ ਕਿ ਪੰਜਾਬ ਵਿਚ ਸੜਕਾਂ, ਹਵਾਈ ਅੱਡੇ ਬਣਾਉਣ ਤੋਂ ਲੈ ਕੇ ਸੂਬੇ ਨੂੰ ਵਾਧੂ ਬਿਜਲੀ ਵਾਲਾ ਰਾਜ ਬਣਾਉਣ ਤਕ ਅਸੀਂ ਕੀ ਕੁੱਝ ਕੀਤਾ ਹੈ। ਅਸੀਂ ਤੁਹਾਨੂੰ ਅਗਲੇ ਪੰਜ ਸਾਲਾਂ ਦੌਰਾਨ ਸਾਡੇ ਵੱਲੋਂ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਦਾ ਵੀ ਖਾਕਾ ਬਣਾ ਕੇ ਦੇ ਦਿੱਤਾ ਹੈ। ਇਹਨਾਂ ਵਿਚ ਸੂਬੇ ਦੇ ਸਾਰੇ 12000 ਪਿੰਡਾਂ ਵਿਚ ਸਾਫ ਪੀਣ ਵਾਲਾ ਪਾਣੀ, ਸੀਵਰੇਜ ਸਿਸਟਮ ਅਤੇ ਸੋਲਰ ਲਾਇਟਾਂ ਲਗਾਉਣਾ ਸ਼ਾਮਿਲ ਹੈ। ਇਸ ਦੇ ਉਲਟ ਸਾਡੇ ਵਿਰੋਧੀਆਂ ਕੋਲ ਦਿਖਾਉਣ ਲਈ ਕੁੱਝ ਨਹੀਂ ਹੈ। ਅਮਰਿੰਦਰ ਸਿੰਘ ਨੇ ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਕਿਸਾਨਾਂ ਨੂੰ ਬਾਦਲ  ਸਾਹਿਬ ਵੱਲੋਂ ਦਿੱਤੀ ਮੁਫਤ ਬਿਜਲੀ ਦੀ ਸਹੂਲਤ ਵੀ ਖੋਹ ਲਈ ਸੀ। ਇਸ ਤੋਂ ਇਲਾਵਾ ਉਸ ਨੇ ਸਾਰੀਆਂ ਲੋਕ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਸਨ, ਸਰਕਾਰੀ ਨੌਕਰੀਆਂ ਉੱਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਸੀ। ਕੇਜਰੀਵਾਲ ਐਸਵਾਈਐਲ ਮੁੱਦੇ ਉੱਤੇ ਵਾਰ ਵਾਰ ਸਟੈਂਡ ਬਦਲ ਕੇ ਕਿਸਾਨਾਂ ਨੂੰ ਧੋਖਾ ਦੇ ਚੁੱਕਿਆ ਹੈ। ਉਹ ਸਿੱਖ ਧਰਮ ਅਤੇ ਇਸ ਦੀਆਂ ਸੰਸਥਾਵਾਂ ਦਾ ਅਪਮਾਨ ਕਰ ਰਿਹਾ ਹੈ ਅਤੇ ਪੰਜਾਬ ਵਿਚ ਸ਼ਾਂਤੀ ਅਤੇ ਫਿਰਕੁ ਸਦਭਾਵਨਾ ਨੂੰ ਭੰਗ ਕਰਨ ਲਈ ਵੱਖਵਾਦੀਆਂ ਨਾਲ ਮੇਲਜੋਲ ਵਧਾ ਰਿਹਾ ਹੈ।
ਸ਼ ਬਾਦਲ ਨੇ ਕਿਹਾ ਕਿ ਅਜਿਹੀ ਸਥਿਤੀ ਵਿਚ ਸਿਰਫ ਬਾਦਲ ਸਾਹਿਬ ਹੀ ਪੰਜਾਬ ਦੀ ਸੁਚੱਜੀ ਅਗਵਾਈ ਕਰ ਸਕਦੇ ਹਨ। ਉਹ ਕੇਂਦਰ ਸਰਕਾਰ ਨਾਲ ਵੀ ਵਧੀਆ ਤਾਲਮੇਲ ਰੱਖ ਸਕਦੇ ਹਨ, ਜੋ ਅਕਾਲੀ ਦਲ ਸਹਿਯੋਗੀ ਪਾਰਟੀ ਹੈ। ਆਪ ਨੂੰ ਵੋਟ ਪਾਉਣਾ ਕੇਂਦਰ ਨਾਲ ਟਕਰਾਅ ਦੀ ਸਥਿਤੀ ਵਿਚ ਆਉਣਾ ਹੈ, ਜਿਸ ਦਾ ਸਿੱਧਾ ਅਸਰ ਕਣਕ ਅਤੇ ਝੋਨੇ ਦੀਆਂ ਫਸਲਾਂ ਦੀ ਖਰੀਦ ਉੱਤੇ ਪਵੇਗਾ। ਕਾਂਗਰਸ ਨੂੰ ਵੋਟ ਦੇਣਾ ਆਪਣੀ ਵੋਟ ਨੂੰ ਬਰਬਾਦ ਕਰਨਾ ਹੈ, ਕਿਉਂਕਿ ਇਸ ਪਾਰਟੀ ਦਾ ਸਿਆਸੀ ਵਜੂਦ ਖਤਮ ਹੋ ਚੁੱਕਿਆ ਹੈ।
Please Click here for Share This News

Leave a Reply

Your email address will not be published. Required fields are marked *