best platform for news and views

ਡੋਡਾ ਮਾਮਲੇ ਦੀ ਗਾਜ ਜੇਲ ਵਾਰਡਾਂ ‘ਤੇ ਡਿੱਗੀ : ਲੋਕਾਂ ਦੀਆਂ ਅੱਖਾਂ ਠੰਡੀਆਂ ਕਰਨ ਲਈ ਆਮ ਮੁਲਾਜ਼ਮ ਬਨਣਗੇ ਬਲੀ ਦਾ ਬੱਕਰਾ

Please Click here for Share This News

ਡੋਡਾ ਮਾਮਲਾ: ਫਾਜ਼ਿਲਕਾ ਜੇਲ੍ਹ ਦੇ ਪੰਜ ਵਾਰਡਰ ਮੁਅੱਤਲ

ਏਡੀਜੀਪੀ ਰੋਹਿਤ ਚੌਧਰੀ ਨੇ ਜੇਲ੍ਹਾਂ ਦੇ ਦੌਰੇ ਮਗਰੋਂ ਕੀਤੀ ਕਾਰਵਾਈ

ਤਰਲੋਚਨ ਸਿੰਘ
ਚੰਡੀਗੜ੍ਹ : ਸਬ ਜੇਲ੍ਹ ਫਾਜ਼ਿਲਕਾ ਵਿੱਚ ਬੰਦ ਸ਼ਿਵ ਲਾਲ ਡੋਡਾ  ਵੱਲੋਂ ਪਿਛਲੇ ਦਿਨੀਂ 25 ਅਕਾਲੀ ਆਗੂਆਂ ਨਾਲ ‘ਦਰਬਾਰ’ ਲਾਉਣ ਦੇ ਮਾਮਲੇ ਵਿੱਚ ਅੱਜ ਪੰਜ ਜੇਲ੍ਹ ਵਾਰਡਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਹ ਕਾਰਵਾਈ ਏਡੀਜੀਪੀ (ਜੇਲ੍ਹਾਂ) ਪੰਜਾਬ ਰੋਹਿਤ ਚੌਧਰੀ ਨੇ ਖ਼ੁਦ ਜੇਲ੍ਹ ਵਿੱਚ ਪੜਤਾਲ ਮਗਰੋਂ ਕੀਤੀ ਹੈ। ਸੂਤਰਾਂ ਅਨੁਸਾਰ ਇਸ ਕਾਂਡ ਵਿੱਚ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਕਾਂਗਰਸ ਦੇ ਮੁੱਖ ਬੁਲਾਰੇ ਸੁਨੀਲ ਜਾਖੜ ਪਹਿਲਾਂ ਹੀ ਤਸਵੀਰਾਂ ਸਮੇਤ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਚੁੱਕੇ ਹਨ ਕਿ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜੇਲ੍ਹ ਵਿੱਚ ਡੋਡਾ ਲਈ ‘ਰੈਸਟ ਰੂਮ’ ਬਣਾਇਆ ਗਿਆ ਸੀ। ਜੇਲ੍ਹ ਪ੍ਰਸ਼ਾਸਨ ਇਸ ਗੰਭੀਰ ਮੁੱਦੇ ਦੀ ਵੀ ਜਾਂਚ ਕਰ ਰਿਹਾ ਹੈ।
ਏਡੀਜੀਪੀ ਸ੍ਰੀ ਚੌਧਰੀ ਨੇ ਫਾਜ਼ਿਲਕਾ ਸਮੇਤ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ, ਜ਼ਿਲ੍ਹਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਤੇ ਸਬ ਜੇਲ੍ਹ ਮੋਗਾ ਸਮੇਤ ਫਾਜ਼ਿਲਕਾ ਜੇਲ੍ਹ ਦਾ ਦੌਰਾ ਕੀਤਾ। ਸ੍ਰੀ ਚੌਧਰੀ ਨੇ ਫਾਜ਼ਿਲਕਾ ਜੇਲ੍ਹ ਵਿੱਚ ਜਾ ਕੇ ਇਸ ਕਾਂਡ ਦੀਆਂ ਸਾਰੀਆਂ ਕੜੀਆਂ ਦੀ ਖ਼ੁਦ ਜਾਂਚ ਕੀਤੀ ਹੈ। ਉਨ੍ਹਾਂ ਪੜਤਾਲ ਦੇ ਪਹਿਲੇ ਪੜਾਅ ਵਿੱਚ ਇਸ ਘਟਨਾ ਵਾਲੇ ਦਿਨ ਡਿਊਟੀ ’ਤੇ ਤਾਇਨਾਤ ਪੰਜ ਵਾਰਡਰਾਂ ਨੂੰ ਮੁਅੱਤਲ ਕਰਨ ਦੇ ਹੁਕਮ ਕੀਤੇ ਹਨ, ਜਿਸ ਤਹਿਤ ਘਟਨਾ ਮੌਕੇ ਇੰਚਾਰਜ ਚੱਕਰ ਦੀ ਡਿਊਟੀ ਨਿਭਾ ਰਹੇ ਵਾਰਡਰ ਰਾਜਬੀਰ ਸਿੰਘ, ਡਿਓਢੀ ਦਰਬਾਨ ਦੀ ਜ਼ਿੰਮੇਵਾਰੀ ਨਿਭਾ ਰਹੇ ਵਾਰਡਰ ਜਸਵੰਤ ਸਿੰਘ ਅਤੇ ਨਿਗਰਾਨ ਬੈਰਕਜ਼ ਵਜੋਂ ਤਾਇਨਾਤ ਵਾਰਡਰ ਪ੍ਰਕਾਸ਼ ਸਿੰਘ ਤੇ ਵਾਰਡਰ ਬਚਿੱਤਰ ਸਿੰਘ ਨੂੰ ਮੁਅੱਤਲ ਕੀਤਾ ਹੈ।
ਦੱਸਣਯੋਗ ਹੈ ਕਿ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸ਼ਨਦੀਪ ਸਿੰਘ ਨੂੰ ਘਟਨਾ ਵਾਲੇ ਦਿਨ ਹੀ ਮੁਅੱਤਲ ਕਰ ਦਿੱਤਾ ਸੀ। ਸ੍ਰੀ ਚੌਧਰੀ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਨ੍ਹਾਂ ਫਾਜ਼ਿਲਕਾ  ਜੇਲ੍ਹ ਦੀ ਜਾਂਚ ਕੀਤੀ ਹੈ ਅਤੇ ਪੰਜ ਵਾਰਡਰਾਂ ਦੀਆਂ ਅਣਗਹਿਲੀਆਂ ਸਾਹਮਣੇ ਆਉਣ ਕਾਰਨ ਉਨ੍ਹਾਂ ਨੂੰ ਮੁਅੱਤਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿੱਚ ਡੋਡਾ ਲਈ ‘ਰੈਸਟ ਰੂਮ’ ਬਣਾਉਣ ਦੇ ਦੋਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਕੈਮਰਿਆਂ ਦਾ ਵੀ ਨਿਰੀਖਣ ਕੀਤਾ ਗਿਆ ਹੈ ਅਤੇ ਹੁਕਮ ਜਾਰੀ ਕੀਤੇ ਗਏ ਹਨ ਕਿ ਕੈਮਰੇ ਬੇਰੋਕ-ਟੋਕ ਚਾਲੂ ਰਹਿਣੇ ਚਾਹੀਦੇ ਹਨ। ਦੋ ਵਾਰਡਰਾਂ ਨੂੰ ਇਨਾਮ ਦੇਣ ਦਾ ਐਲਾਨ ਏਡੀਜੀਪੀ (ਜੇਲ੍ਹਾਂ) ਪੰਜਾਬ ਰੋਹਿਤ ਚੌਧਰੀ ਨੇ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਦੇ ਦੋ ਵਾਰਡਰਾਂ ਨੂੰ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਰਡਰਾਂ ਨੇ ਬਾਹਰੋਂ ਜੇਲ੍ਹ ਵਿੱਚ ਸੁੱਟੇ ਮੋਬਾਈਲ ਫੋਨ ਹੁਸ਼ਿਆਰੀ ਨਾਲ ਕਾਬੂ ਕੀਤੇ ਸਨ, ਜਿਸ ਦੇ ਇਵਜ਼ ਵਜੋਂ ਦੋਵਾਂ ਵਾਰਡਰਾਂ ਨੂੰ ਸ਼ਲਾਘਾ ਸਰਟੀਫਿਕੇਟ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ।

(we are thankful to punjabi tribune)

Please Click here for Share This News

Leave a Reply

Your email address will not be published.