ਹਮੀਰ ਸਿੰਘ
ਚੰਡੀਗੜ੍ਹ : ਦਲ ਬਦਲੀ ਵਿਰੋਧੀ ਕਾਨੂੰਨ ਨਾਲ ਅੰਦਰੂਨੀ ਜਮਹੂਰੀਅਤ ਖ਼ਤਮ ਕਰਕੇ ਪਾਰਟੀਆਂ ਵਿੱਚੋਂ ਚੁਣੇ ਜਾਣ ਤੋਂ ਬਾਅਦ ਬਗਾਵਤ ਦਾ ਰਾਹ ਬੇਸ਼ੱਕ ਮੁਸ਼ਕਲ ਹੋ ਗਿਆ ਹੈ ਪਰ ਚੋਣਾਂ ਤੋਂ ਪਹਿਲਾਂ ਹੋ ਰਹੀਆਂ ਦਲਬਦਲੀਆਂ ਅਤੇ ਬਗਾਵਤਾਂ ਦਾ ਰੁਝਾਨ ਜ਼ੋਰ ਫੜ ਰਿਹਾ ਹੈ। ਚੋਣ ਦੌਰਾਨ ਬਾਗੀ ਉਮੀਦਵਾਰ ਖ਼ਿਲਾਫ਼ ਹਰ ਪਾਰਟੀ ਕੋਲ ਇੱਕ ਹੀ ਬ੍ਰਹਮਅਸਤਰ ਹੁੰਦਾ ਹੈ ਕਿ ਸਬੰਧਿਤ ਆਗੂ ਨੂੰ ਪਾਰਟੀ ਵਿੱਚੋਂ ਛੇ ਸਾਲਾਂ ਲਈ ਮੁੱਢਲੀ ਮੈਂਬਰਸ਼ਿਪ ਤੋਂ ਕੱਢ ਦਿੱਤਾ ਜਾਂਦਾ ਹੈ ਪਰ ਠੀਕ-ਠਾਕ ਵੋਟ ਲੈ ਜਾਣ ਵਾਲੇ ਬਾਗੀ ਅਗਲੀ ਹੀ ਚੋਣ ਵਿੱਚ ਪਾਰਟੀਆਂ ਦੇ ਚਹੇਤੇ ਬਣ ਜਾਂਦੇ ਹਨ।
ਪਾਰਟੀਆਂ ਦੀ ਟਿਕਟ ਦੇਣ ਦੀ ਵਿਧੀ ਦੇ ਕੇਂਦਰੀਕਰਨ ਨਾਲ ਬਹੁਤ ਸਾਰੇ ਲੋਕਾਂ ਨਾਲ ਸਹਿਚਾਰ ਰੱਖਣ ਵਾਲੇ ਆਗੂ ਨਜ਼ਰਅੰਦਾਜ਼ ਹੋ ਜਾਂਦੇ ਹਨ। ਧੜੇਬੰਦੀਆਂ, ਧਨ ਅਤੇ ਬਾਹੂਬਲ ਦੇ ਜ਼ੋਰ ਜਿਤਾਊ ਅਕਸ ਬਣਾ ਚੁੱਕੇ ਵਿਅਕਤੀ ਟਿਕਟਾਂ ਲੈਣ ਵਿੱਚ ਕਾਮਯਾਬ ਹੋ ਜਾਂਦੇ ਹਨ। ਕਈ ਵਾਰ ਚਾਪਲੂਸ ਆਗੂ ਨਿਧੜਕ ਆਗੂਆਂ ’ਤੇ ਭਾਰੀ ਪੈ ਜਾਂਦੇ ਹਨ। ਪਾਰਟੀਆਂ ਅੰਦਰੋਂ ਮੁਕਾਬਲੇ ਦੇ ਆਗੂਆਂ ਦਾ ਅਸਰ ਘਟਾਉਣ ਲਈ ਬਾਗੀਆਂ ਨੂੰ ਪ੍ਰਮੁੱਖ ਆਗੂਆਂ ਦੀ ਪੁਸ਼ਤ-ਪਨਾਹੀ ਦੇ ਦੋਸ਼ ਲੱਗਣਾ ਵੀ ਆਮ ਵਰਤਾਰਾ ਹੈ। ਵਿਰੋਧੀ ਪਾਰਟੀਆਂ ਦੇ ਨਾਰਾਜ਼ ਬਾਗੀਆਂ ਨੂੰ ਖੜ੍ਹੇ ਰੱਖਣ ਲਈ ਮਾਇਆ ਅਤੇ ਹੋਰ ਸਮਰਥਨ ਦੇਣ ਦਾ ਰੁਝਾਨ ਵੀ ਇਨ੍ਹਾਂ ਦਿਨਾਂ ਵਿੱਚ ਚੋਣਾਂ ਨੂੰ ਪ੍ਰਬੰਧਕੀ ਤਰੀਕੇ ਨਾਲ ਜਿੱਤਣ ਦੇ ਚਾਹਵਾਨ ਲਗਾਤਾਰ ਵਧਾ ਰਹੇ ਹਨ। ਪਾਰਟੀਆਂ ਦੀਆਂ ਟਿਕਟਾਂ ’ਤੇ ਚੋਣ ਲੜ ਰਹੇ ਉਮੀਦਵਾਰਾਂ ਦੇ ਦਬਾਅ ਦੇ ਚੱਲਦਿਆਂ ਬਾਗੀਆਂ ਖ਼ਿਲਾਫ਼ ਕਾਰਵਾਈ ਦੀ ਰਸਮ ਉਨ੍ਹਾਂ ਨੂੰ ਛੇ ਸਾਲਾਂ ਲਈ ਪਾਰਟੀ ਵਿੱਚੋਂ ਕੱਢ ਕੇ ਨਿਭਾ ਦਿੱਤੀ ਜਾਂਦੀ ਹੈ। ਅਗਲੀਆਂ ਚੋਣਾਂ ਵਿੱਚ ਇਨ੍ਹਾਂ ਵਿੱਚੋਂ ਬਹੁਤੇ ਪਾਰਟੀ ਦੀ ਟਿਕਟ ਲੈਣ ਵਿੱਚ ਕਾਮਯਾਬ ਵੀ ਹੋ ਜਾਂਦੇ ਹਨ।
ਵਿਧਾਨ ਸਭਾ ਚੋਣਾਂ 2012 ਦੌਰਾਨ ਬਾਗੀ ਹੋਏ ਇੱਕ ਦਰਜਨ ਦੇ ਕਰੀਬ ਆਗੂ ਵੱਖ-ਵੱਖ ਪਾਰਟੀਆਂ ਦੀਆਂ ਸੀਟਾਂ ਤੋਂ ਚੋਣ ਲੜ ਰਹੇ ਹਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬੇਟੀ ਅਤੇ ਐਸਜੀਪੀਸੀ ਮੈਂਬਰ ਕੁਲਦੀਪ ਕੌਰ ਖ਼ਿਲਾਫ਼ ਬਗਾਵਤ ਕਰਕੇ ਪਟਿਆਲਾ ਦਿਹਾਤੀ ਤੋਂ ਚੋਣ ਲੜਨ ਵਾਲੇ ਸਤਵੀਰ ਸਿੰਘ ਖਟੜਾ ਨੇ 20,530 ਵੋਟਾਂ ਲਈਆਂ ਸਨ। ਇਸ ਵਾਰ ਉਹ ਇਸੇ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਹਨ ਅਤੇ ਨਾਰਾਜ਼ਗੀ ਦੇ ਕਾਰਨ ਬੀਬੀ ਕੁਲਦੀਪ ਕੌਰ ਪਾਰਟੀ ਛੱਡ ਕੇ ਹੁਣ ਆਮ ਆਦਮੀ ਪਾਰਟੀ ਦੀ ਸਨੌਰ ਤੋਂ ਉਮੀਦਵਾਰ ਹੈ। ਕਾਂਗਰਸ ਦੇ ਬਾਗੀਆਂ ਨੂੰ ਖੜ੍ਹੇ ਰੱਖਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਾਇਕ ਯੋਗਦਾਨ ਦੀਆਂ ਚਰਚਾਵਾਂ ਚੱਲਦੀਆਂ ਰਹੀਆਂ ਹਨ। ਬੱਲੂਆਣਾ (ਰਾਖਵੇਂ) ਹਲਕੇ ਤੋਂ ਕਾਂਗਰਸ ਦੇ ਬਾਗੀ ਵਜੋਂ ਚੋਣ ਲੜੇ ਪ੍ਰਕਾਸ਼ ਸਿੰਘ ਭੱਟੀ ਹੁਣ ਅਕਾਲੀ ਦਲ ਦੇ ਉਮੀਦਵਾਰ ਬਣ ਗਏ ਹਨ। ਭੱਟੀ ਨੇ 25556 ਵੋਟਾਂ ਲੈ ਕੇ ਕਾਂਗਰਸ ਦੇ ਉਮੀਦਵਾਰ ਗਿਰੀਰਾਜ ਰਿਜੌਰਾ ਨੂੰ ਹਰਾਉਣ ਵਿੱਚ ਭੂਮਿਕਾ ਨਿਭਾਈ ਸੀ, ਰਿਜੌਰਾ 41191 ਵੋਟਾਂ ਲੈ ਕੇ ਦੂਸਰੇ ਨੰਬਰ ਉੱਤੇ ਰਹੇ ਸਨ।
ਮੁਕੇਰੀਆਂ ਤੋਂ ਕਾਂਗਰਸ ਦੇ ਉਮੀਦਵਾਰ ਅਜੀਤ ਕੁਮਾਰ ਨਾਰੰਗ ਖਿਲਾਫ਼ ਬਾਗੀ ਖੜ੍ਹੇ ਰਜਨੀਸ਼ ਕੁਮਾਰ 53951 ਵੋਟਾਂ ਲੈ ਕੇ ਚੋਣ ਜਿੱਤ ਗਏ ਸਨ ਜਦਕਿ ਕਾਂਗਰਸ ਉਮੀਦਵਾਰ ਨੂੰ 13525 ਵੋਟਾਂ ਨਾਲ ਸਬਰ ਕਰਨਾ ਪਿਆ ਸੀ। ਆਗਾਮੀ ਚੋਣ ਲਈ ਰਜਨੀਸ਼ ਕੁਮਾਰ ਕਾਂਗਰਸ ਦੇ ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਡੇਰਾ ਬੱਸੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਜਸਜੀਤ ਸਿੰਘ ਰੰਧਾਵਾ ਉਮੀਦਵਾਰ ਸਨ। ਮੌਜੂਦਾ ਵਿਧਾਇਕ ਪਰਨੀਤ ਕੌਰ ਦੇ ਨਜ਼ਦੀਕੀ ਮੰਨੇ ਜਾਣ ਵਾਲੇ ਦੀਪਇੰਦਰ ਸਿੰਘ ਢਿੱਲੋਂ ਨੇ ਬਾਗੀ ਤੌਰ ਉੱਤੇ ਚੋਣ ਲੜੀ ਅਤੇ ਉਹ 51248 ਵੋਟਾਂ ਲੈ ਕੇ ਦੂਸਰੇ ਸਥਾਨ ਉੱਤੇ ਰਹੇ ਸਨ ਕਿਉਂਕਿ ਜਸਜੀਤ ਸਿੰਘ ਨੇੜੇ ਜਾ ਕੇ ਚੋਣ ਮੁਹਿੰਮ ਵਿੱਚੋਂ ਹੀ ਬਾਹਰ ਹੋ ਗਏ ਸਨ। ਦੀਪਇੰਦਰ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਚਲੇ ਗਏ। ਅਕਾਲੀ ਟਿਕਟ ਤੋਂ ਲੋਕ ਸਭਾ ਚੋਣ ਲੜੇ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਵੀ ਬਣਾਏ ਗਏ ਪ੍ਰੰਤੂ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਮੁੜ ਕਾਂਗਰਸ ਵਿੱਚ ਪਰਤ ਆਏ। ਇਸ ਮੌਕੇ ਡੇਰਾ ਬੱਸੀ ਹਲਕੇ ਤੋਂ ਹੀ ਉਨ੍ਹਾਂ ਦੀ ਟਿਕਟ ਪੱਕੀ ਮੰਨੀ ਜਾ ਰਹੀ ਹੈ।
ਸਰਹਿੰਦ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ 2007 ਵਿੱਚ ਚੁਣੇ ਗਏ ਵਿਧਾਇਕ ਦੀਦਾਰ ਸਿੰਘ ਭੱਟੀ ਨੂੰ 2012 ਦੀ ਚੋਣ ਵਿੱਚ ਟਿਕਟ ਤੋਂ ਜਵਾਬ ਮਿਲ ਗਿਆ। ਅਕਾਲੀ ਦਲ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਅਕਾਲੀ ਦਲ ਦੇ ਉਮੀਦਵਾਰ ਬਣ ਗਏ ਅਤੇ ਭੱਟੀ ਨੇ ਬਾਗੀ ਤੌਰ ’ਤੇ ਚੋਣ ਲੜਨ ਦਾ ਐਲਾਨ ਕੀਤਾ ਸੀ ਕਿ ਪੀਪਲਜ਼ ਪਾਰਟੀ ਆਫ ਪੰਜਾਬ (ਪੀਪੀਪੀ) ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਬਣਾ ਲਿਆ। ਇਸ ਚੋਣ ਵਿੱਚ ਭੱਟੀ ਮੁੜ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਨ।
ਅਬੋਹਰ ਤੋਂ ਭਾਜਪਾ ਦੀ ਅਧਿਕਾਰਤ ਉਮੀਦਵਾਰ ਵਿਜੈ ਲਕਸ਼ਮੀ ਭਾਦੂ ਨੂੰ 9,251 ਵੋਟਾਂ ਨਾਲ ਸਬਰ ਕਰਨਾ ਪਿਆ ਅਤੇ ਉਨ੍ਹਾਂ ਦੇ ਖਿਲਾਫ਼ ਬਾਗੀ ਵਜੋਂ ਖੜ੍ਹੇ ਸ਼ਿਵ ਲਾਲ ਡੋਡਾ 45,825 ਵੋਟਾਂ ਲੈ ਗਏ ਸਨ। ਦਲਿਤ ਨੌਜਵਾਨ ਭੀਮ ਟਾਂਕ ਦੇ ਅੰਗ ਵੱਢ ਕੇ ਹੱਤਿਆ ਦੇ ਮਾਮਲੇ ਵਿੱਚ ਫਸੇ ਡੋਡਾ ਨੂੰ ਅਕਾਲੀ ਦਲ ਦੇ ਉੱਚ ਆਗੂਆਂ ਦੀ ਸਰਪ੍ਰਸਤੀ ਮੰਨਿਆ ਜਾ ਰਿਹਾ ਸੀ ਅਤੇ ਜੇਕਰ ਇਸ ਬਹੁ-ਚਰਚਿਤ ਕੇਸ ਵਿੱਚ ਸ਼ਾਮਲ ਨਾ ਹੁੰਦਾ ਤਾਂ ਡੋਡਾ ਦਾ ਨਾਂ ਵੀ ਮਜ਼ਬੂਤ ਉਮੀਦਵਾਰ ਵਜੋਂ ਚੱਲ ਰਿਹਾ ਸੀ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਖੜ੍ਹੇ ਕਾਂਗਰਸ ਦੇ ਉਮੀਦਵਾਰ ਮਲਕੀਤ ਸਿੰਘ ਨੂੰ 17970 ਵੋਟਾਂ ਮਿਲੀਆਂ ਅਤੇ ਸਾਬਕਾ ਮੰਤਰੀ ਤੇ ਬਾਗੀ ਉਮੀਦਵਾਰ ਹੰਸ ਲਾਲ ਜੋਸਨ 30401 ਵੋਟਾਂ ਲਿਜਾਣ ਵਿੱਚ ਕਾਮਯਾਬ ਰਹੇ ਸਨ। ਜੋਸਨ ਕੁਝ ਸਮੇਂ ਬਾਅਦ ਮੁੜ ਕਾਂਗਰਸ ਵਿੱਚ ਸ਼ਾਮਲ ਹੋਏ ਅਤੇ ਇਸ ਸਮੇਂ ਟਿਕਟ ਦੇ ਮੁੱਖ ਦਾਅਵੇਦਾਰਾਂ ਵਿੱਚੋਂ ਹਨ। ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਸੁਰਜੀਤ ਕੁਮਾਰ ਜਿਆਣੀ ਅਤੇ ਕਾਂਗਰਸ ਦੇ ਮੋਹਿੰਦਰ ਸਿੰਘ ਰਿਣਵਾ ਦੇ ਮੁਕਾਬਲੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਜਸਵਿੰਦਰ ਸਿੰਘ ਰੌਕੀ ਦੂਸਰੇ ਨੰਬਰ ’ਤੇ ਰਹੇ ਸਨ। ਰੌਕੀ ਦੀ ਗੈਂਗਵਾਰ ਵਿੱਚ ਹੱਤਿਆ ਹੋ ਗਈ ਸੀ। ਇਸ ਵਾਰ ਕਾਂਗਰਸ ਵੱਲੋਂ ਰੌਕੀ ਦੀ ਭੈਣ ਨੂੰ ਉਮੀਦਵਾਰ ਬਣਾਏ ਜਾਣ ਉੱਤੇ ਗੰਭੀਰਤਾ ਨਾਲ ਵਿਚਾਰ ਹੋ ਰਹੀ ਹੈ। ਖਡੂਰ ਸਾਹਿਬ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਚੋਣ ਨਾ ਲੜਨ ਦਾ ਐਲਾਨ ਕਰ ਦਿੱਤਾ ਸੀ। ਕਾਂਗਰਸ ਦੇ ਬਾਗੀ ਵਜੋਂ ਚੋਣ ਮੈਦਾਨ ਵਿੱਚ ਉੱਤਰੇ ਭੁਪਿੰਦਰ ਸਿੰਘ ਬਿੱਟੂ ਦੂਸਰੇ ਨੰਬਰ ਉੱਤੇ ਰਹੇ ਸਨ ਅਤੇ ਮੌਜੂਦਾ ਚੋਣ ਵਿੱਚ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ। ਕਾਂਗਰਸ ਦੀਆਂ ਅਜੇ 40 ਸੀਟਾਂ ਉੱਤੇ ਉਮੀਦਵਾਰਾਂ ਦਾ ਐਲਾਨ ਹੋਣਾ ਹੈ ਅਤੇ ਹੋਰ ਵੀ ਕਈ ਬਾਗੀ ਟਿਕਟ ਲੈਣ ਦੀ ਦੌੜ ਵਿੱਚ ਹੋਣੇ ਸੰਭਵ ਹਨ। ਅਕਾਲੀ ਦਲ ਤੋਂ ਬਗਾਵਤ ਕਰਕੇ ਚੋਣ ਮੈਦਾਨ ਵਿੱਚ ਉੱਤਰੇ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਆਪਣੀ ਪਾਰਟੀ ਬਣਾ ਚੁੱਕੇ ਹਨ। ਉਨ੍ਹਾਂ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਕੇ ਟਿਕਟ ਲੈਣ ਦੀ ਥਾਂ ‘ਆਪ’ ਨਾਲ ਚੋਣ ਗੱਠਜੋੜ ਕਰਕੇ ਦੋ ਦੀ ਜਗ੍ਹਾ ਪੰਜ ਸੀਟਾਂ ਉੱਤੇ ਉਮੀਦਵਾਰ ਐਲਾਨਣ ਦੀ ਸਫਲਤਾ ਹਾਸਲ ਕਰ ਲਈ ਹੈ।
(we are thankful to daily punjabi tribune)