best platform for news and views

ਝੋਨੇ ਦੀ ਪਰਾਲੀ ਸਾੜਨ ‘ਤੇ ਲੱਗੀ ਰੋਕ: ਵਧੀਕ ਮੁੱਖ ਸਕੱਤਰ ਐਮ.ਪੀ. ਸਿੰਘ ਨੇ ਵੈਨਾਂ ਨੂੰ ਝੰਡੀ ਦਿਖਾਈ

Please Click here for Share This News

ਚੰਡੀਗੜ੍ਹ, 11 ਸਤੰਬਰ- ਪੰਜਾਬ ਸਰਕਾਰ ਵੱਲੋਂ ਕਿਸਾਨਾਂ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਖਾਸ ਤੌਰ ‘ਤੇ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਪੈਣਾ ਵਾਲੇ ਮਾੜੇ ਪ੍ਰਭਾਵਾਂ ਬਾਰੇ ਕਿਸਾਨਾਂ ਨੂੰ ਪਿੰਡ-ਪਿੰਡ ਜਾ ਕੇ ਜਾਗਰੂਕ ਕਰਨ ਦੇ ਉਪਰਾਲੇ ਤਹਿਤ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀਆਂ ਵੈਨਾਂ ਨੂੰ ਵਧੀਕ ਮੁੱਖ ਸਕੱਤਰ (ਵਿਕਾਸ) ਸ੍ਰੀ ਐਮ.ਪੀ. ਸਿੰਘ ਨੇ ਅੱਜ ਇੱਥੇ ਸੈਕਟਰ-19 ਵਿੱਚ ਪੈਟਰੋਲੀਅਮ ਕੰਜ਼ਰਵੇਸ਼ਨ ਰਿਸਰਚ ਐਸੋਸੀਏਸ਼ਨ (ਪੀ.ਸੀ.ਆਰ.ਏ.) ਦੇ ਦਫਤਰ ਤੋਂ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਅਗਾਂਹਵਧੂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਇਹ ਵੈਨਾਂ ਸੂਬੇ ਦੇ ਸਮੂਹ ਜ਼ਿਲ੍ਹਿਆਂ ਅਤੇ ਬਲਾਕਾਂ ਵਿੱਚ ਸਤੰਬਰ ਤੋਂ ਨਵੰਬਰ, 2017 ਦੌਰਾਨ ਚਲਾਈਆਂ ਜਾਣਗੀਆਂ ਅਤੇ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਾਂ ਸਬੰਧੀ ਵੀਡੀਓ ਦਿਖਾਈਆਂ ਜਾਣਗੀਆਂ ਅਤੇ ਲੋੜੀਂਦੀ ਸਮੱਗਰੀ ਕਿਸਾਨਾਂ ਵਿੱਚ ਵੰਡੀ ਜਾਵੇਗੀ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਅਫਸਰ ਵੀ ਇਨ੍ਹਾਂ ਵੈਨਾਂ ਨਾਲ ਪਿੰਡਾਂ ਦਾ ਦੌਰਾ ਕਰਨਗੇ ਅਤੇ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਸਬੰਧੀ ਉਪਲਬਧ ਤਕਨੀਕਾਂ ਬਾਰੇ ਜਾਣੂੰ ਕਰਾਉਣਗੇ ਅਤੇ ਇਸ ਬਾਰੇ ਕੈਂਪ ਵੀ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਰਾਜ ਦੇ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਸਬੰਧੀ ਮਸ਼ੀਨਰੀ ਸਬਸਿਡੀ ‘ਤੇ ਮੁਹੱਈਆ ਕਰਾਉਣ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ। ਰਾਜ ਸਰਕਾਰ ਵੱਲੋਂ ਸੁਪਰ ਐਸ.ਐਮ.ਐਸ. ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਡਿਜ਼ਾਈਨ ਅਨੁਸਾਰ ਹਨ, ‘ਤੇ 50,000 ਰੁਪਏ ਦੀ ਦਰ ‘ਤੇ ਕੰਬਾਈਨ ਮਸ਼ੀਨ ਆਪਰੇਟਰਾਂ ਨੂੰ ਸਬਸਿਡੀ ਦੇਣ ਦਾ ਐਲਾਨ ਕੀਤਾ ਗਿਆ ਹੈ।
ਵਧੀਕ ਮੁੱਖ ਸਕੱਤਰ ਵੱਲੋਂ ਰਾਜ ਦੇ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੰਦਿਆਂ ਵਾਤਾਵਰਣ, ਮਨੁੱਖੀ ਸਿਹਤ ‘ਤੇ ਹੋਣ ਵਾਲੇ ਮਾੜੇ ਪ੍ਰਭਾਵ ਦੇ ਸਨਮੁਖ ਝੋਨੇ ਦੀ ਅਗਲੀ ਵਾਢੀ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਨਾ ਸਾੜਨ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾੜਣ ਨਾਲ ਜਿੱਥੇ ਮਿੱਟੀ ਦੇ ਲਾਭਕਾਰੀ ਜੈਵਿਕ ਗੁਣ ਨਸ਼ਟ ਹੋ ਜਾਂਦੇ ਹਨ, ਉੱਥੇ ਹੀ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਹੋ ਜਾਂਦੀ ਹੈ। ਇਸੇ ਤਰ੍ਹਾਂ ਧੂੰਏ ਰਾਹੀਂ ਪੈਦਾ ਹੋਣ ਵਾਲੇ ਰੋਗਾਂ ਜਿਵੇਂ ਦਮਾ, ਫੇਫੜਿਆਂ ਅਤੇ ਅੱਖਾਂ ਦੇ ਰੋਗ ਦਾ ਮਨੁੱਖੀ ਸਿਹਤ ‘ਤੇ ਬਹੁਤ ਮਾੜਾ ਅਸਰ ਪੈਂਦਾ ਹੈ।
ਇਹ ਵੈਨਾਂ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਤੇਲ ਤੇ ਕੁਦਰਤੀ ਗੈਸਾਂ ਬਾਰੇ ਕੇਂਦਰੀ ਮੰਤਰਾਲੇ ਦੀ ਸੰਸਥਾ ਪੈਟਰੋਲੀਅਮ ਕੰਜ਼ਰਵੇਸ਼ਨ ਰਿਸਰਚ ਐਸੋਸੀਏਸ਼ਨ (ਪੀ.ਸੀ.ਆਰ.ਏ)  ਦੀ ਸਹਾਇਤਾ ਨਾਲ ਚਲਾਈਆਂ ਗਈਆਂ ਹਨ।
ਖੇਤੀਬਾੜੀ ਵਿਭਾਗ ਵੱਲੋਂ 210 ਹੈਪੀ ਸੀਡਰ, 383 ਪੈਡੀ ਸਟਰਾਅ ਚੌਪਰ ਸ਼ਰੈਡਰ/ਮਲਚਰ, 119 ਰਿਵਰਸੀਬਲ ਹਾਈਡਰੌਲਿਕ ਐਮ.ਬੀ. ਪਲੋਅ ਕੀਮਤ ਦੇ 50% ਦੀ ਉਪਦਾਨ ਦੀ ਦਰ ਤੇ ਕਿਸਾਨਾਂ ਨੂੰ ਪ੍ਰਵਾਨ ਕੀਤੇ ਗਏ ਹਨ। 150 ਬੇਲਰ ਅਤੇ 109 ਰੇਕ ਵੀ ਸਬਸਿਡੀ ‘ਤੇ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਵੱਲੋਂ ਚਾਲੂ ਸਾਲ ਦੌਰਾਨ ਅਗਸਤ 2017 ਤੱਕ ਪਿੰਡ/ਬਲਾਕ/ਜ਼ਿਲ੍ਹਾ ਪੱਧਰ ਤੇ 2472 ਟਰੇਨਿੰਗ ਅਤੇ ਜਾਗਰੂਕਤਾ ਕੈਂਪ ਆਯੋਜਿਤ ਕੀਤੇ ਗਏ ਹਨ।
ਇਸ ਮੌਕੇ ਸ੍ਰੀ ਨਵੀਨ ਗੁਲਾਟੀ, ਡਾਇਰੈਕਟਰ ਅਤੇ ਚੀਫ ਰੀਜ਼ਨਲ ਕਾਰਡੀਨੇਟਰ (ਐਨ.ਆਰ), ਪੈਟਰੋਲੀਅਮ ਕੰਜ਼ਰਵੇਸ਼ਨ ਰਿਸਰਚ ਐਸੋਸੀਏਸ਼ਨ, ਸ੍ਰੀ ਜਸਬੀਰ ਸਿੰਘ ਬੈਂਸ, ਡਾਇਰੈਕਟਰ ਖੇਤੀਬਾੜੀ, ਪੰਜਾਬ ਅਤੇ ਸ੍ਰੀ ਮਨਮੋਹਨ ਕਾਲੀਆ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਇੰਜ:) ਵੀ ਮੌਜੂਦ ਸਨ।

Please Click here for Share This News

Leave a Reply

Your email address will not be published. Required fields are marked *