best platform for news and views

ਝੂਠ ਦੀ ਕੋਈ ਹੱਦ ਹੁੰਦੀ ਹੈ; 1984 ਦੇ ਕਤਲੇਆਮ ਦੀ ਕੋਈ ਐਫ਼. ਆਈ. ਆਰ ਦਰਜ਼ ਨਹੀਂ

Please Click here for Share This News

ਰਾਹੁਲ ਗਾਂਧੀ ਨੇ 1984 ਸਿੱਖ ਕਤਲੇਆਮ ਬਾਰੇ ਆਪਣੇ ਪਰਿਵਾਰ ਅਤੇ ਕਾਂਗਰਸ ਦੀ ਭੂਮਿਕਾ ਬਾਰੇ ਝੂਠ ਬੋਲਿਆ: ਸੁਖਬੀਰ ਬਾਦਲ

ਨਵੀਂ ਦਿੱਲੀ, ਚੰਡੀਗੜ੍ਹ, 12 ਸਤੰਬਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ 1984 ਦੇ ਸਿੱਖ ਕਤਲੇਆਮ ਵਿਚ ਆਪਣੀ ਪਾਰਟੀ ਦੀ ਭੂਮਿਕਾ ਬਾਰੇ ਕੌਮਾਂਤਰੀ ਫੋਰਮ ਅੱਗੇ ਝੂਠ ਬੋਲਣ ਅਤੇ ਇਸ ਕਤਲੇਆਮ ਦੀ ਸਾਜ਼ਿਸ ਰਚਣ ਅਤੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਵਿਚ ਆਪਣੇ ਪਰਿਵਾਰ ਦੇ ਅਪਰਾਧ ਬਾਰੇ ਜਾਣਦੇ ਹੋਏ ਵੀ ਵੱਡੇ ਵੱਡੇ ਬਿਆਨਾਂ ਰਾਂਹੀ ਕੌਮਾਤਰੀ ਭਾਈਚਾਰੇ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਨ ਵਾਸਤੇ ਝਾੜ ਪਾਈ ਹੈ।

ਉਹਨਾਂ ਕਿਹਾ ਕਿ ਰਾਹੁਲ ਗਾਂਧੀ ਇੱਕ ਅਜਿਹੇ ਪਰਿਵਾਰ ਦੀ ਨੁੰਮਾਇਦਗੀ ਕਰਦਾ ਹੈ, ਜਿਸ ਨੇ ਇੰਦਰਾ ਗਾਂਧੀ ਦੇ ਹੁੰਦਿਆਂ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੈਂਕ ਚਾੜੇ ਸਨ। ਉਸ ਦੇ ਪਿਤਾ ਰਾਜੀਵ ਗਾਂਧੀ ਨੇ ਹਜ਼ਾਰਾਂ ਨਿਰਦੋਸ਼ਾਂ ਦੇ ਕਤਲੇਆਮ ਨੂੰ ਇਹ ਕਹਿ ਕੇ ਸਹੀ ਠਹਿਰਾਇਆ ਸੀ ਕਿ ਜਦੋਂ ਇੱਕ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ। ਰਾਹੁਲ ਕਿੰਨੇ ਵਾਰ ਪੰਜਾਬ ਆ ਚੁੱਕਿਆ ਹੈ, ਪਰ ਉਸ ਨੇ ਕਦੇ ਵੀ ਦਿੱਲੀ ਦੇ ਭਿਆਨਕ ਕਤਲੇਆਮ ਲਈ ਜਾਂ ਹਰਿਮੰਦਰ ਸਾਹਿਬ ਉੱਤੇ ਹਮਲਾ ਕਰਨ ਲਈ ਸਿੱਖਾਂ ਤੋਂ ਮੁਆਫੀ ਬਾਰੇ ਨਹੀਂ ਸੋਚਿਆ।

ਸਰਦਾਰ ਬਾਦਲ ਨੇ ਇਹ ਗੱਲ ਰਾਹੁਲ ਗਾਂਧੀ ਵੱਲੋਂ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਵਿਚ ਦਿੱਤੇ ਇੱਕ ਤਿਰਸਕਾਰੀ ਭਾਸ਼ਣ ਉੱਤੇ ਟਿੱਪਣੀ ਕਰਦਿਆਂ ਕਹੀ। ਉਹਨਾਂ ਕਿਹਾ ਕਿ ਉਹ ਅਜ਼ਾਦ ਭਾਰਤ ਦੇ ਇਤਿਹਾਸ ਵਿਚ ਨਿਰਦੋਸ਼ ਲੋਕਾਂ ਦੇ ਹੋਏ ਇਸ ਸਭ ਤੋਂ  ਘਿਨੌਣੇ ਕਤਲੇਆਮ ਬਾਰੇ ਚਿੱਟਾ ਝੂਠ ਬੋਲਣ ਅਤੇ ਮਗਰਮੱਛ ਦੇ ਹੰਝੂ ਵਹਾਉਣ ਲਈ ਭਾਰਤ ਤੋਂ ਹਜ਼ਾਰਾਂ ਮੀਲ ਦੂਰ ਗਿਆ ਜਦਕਿ ਸੱਚਾਈ ਇਹ ਹੈ ਕਿ ਗਾਂਧੀ ਪਰਿਵਾਰ ਨੇ ਕਤਲੇਆਮ ਦੇ ਮੁੱਖ ਦੋਸ਼ੀਆਂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਦੀ ਨਾ ਸਿਰਫ ਪੁਸ਼ਤਪਨਾਹੀ ਕੀਤੀ, ਸਗੋਂ ਉਹਨਾਂ ਨੂੰ ਜੈੱਡ ਸੁਰੱਖਿਆ ਵੀ ਪ੍ਰਦਾਨ ਕੀਤੀ। ਜਦੋਂ ਇੱਕ ਵੀ ਕਤਲ ਹੁੰਦਾ ਹੈ ਤਾਂ ਦੋਸ਼ੀ ਨੂੰ ਸਜ਼ਾ ਮਿਲਦੀ ਹੈ, ਪਰ ਗਾਂਧੀ ਪਰਿਵਾਰ ਨੇ 1984 ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੇ ਦੋਸ਼ੀਆਂ ਖ਼ਿਲਾਫ ਕਦੇ ਐਫ.ਆਈ.ਆਰਜ਼ ਵੀ ਦਰਜ ਨਹੀਂ ਹੋਣ ਦਿੱਤੀਆਂ। ਇਹਨਾਂ ਦੋਸ਼ੀਆਂ ਨੂੰ ਚਾਰਜ ਸ਼ੀਟ ਨਹੀਂ ਕੀਤਾ ਗਿਆ। ਇੰਨਾ ਹੀ ਨਹੀਂ ਯੂਪੀਏ ਦੀ ਸਰਕਾਰ ਦੌਰਾਨ ਗਾਂਧੀ ਪਰਿਵਾਰ ਨੇ ਇਹਨਾਂ ਦੋਸ਼ੀਆਂ ਨੂੰ ਕਲੀਨ ਚਿੱਟ ਦਬਾਉਣ ਲਈ ਸੀ.ਬੀ.ਆਈ. ਉੱਤੇ ਵੀ ਦਬਾਅ ਪਾਇਆ। ਇਹਨਾਂ ਦੋਸ਼ੀਆਂ ਨੂੰ ਉਲਟਾ ਇਨਾਮ ਵਜੋਂ ਮੰਤਰੀਆਂ ਦੇ ਅਹੁਦੇ ਪੇਸ਼ ਕੀਤੇ ਗਏ। ਉਹਨਾਂ ਕਿਹਾ ਕਿ ਰਾਹੁਲ ਅਤੇ ਉਸ ਦੇ ਪਰਿਵਾਰ ਨੇ ਇਹਨਾਂ ਦੋਸ਼ੀਆਂ ਕਮਲ ਨਾਥ, ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਦੀ ਕਾਂਗਰਸ ਤੋਂ ਕਿਉਂ ਹਿਫਾਜ਼ਤ ਕੀਤੀ ਹੈ? ਜੇ ਹੁਣ ਉਹ ਦਾਅਵਾ ਕਰਦਾ ਕਿ ਉਸ ਨੂੰ ਕਤਲੇਆਮ ਦਾ ਦੁੱਖ ਹੈ ਤਾਂ ਕੀ  ਉਹਨਾਂ ਇਹਨਾਂ ਦੋਸ਼ੀਆਂ ਨੂੰ ਅਜਿਹੇ ਅਣਮਨੁੱਖੀ ਕਾਰੇ ਲਈ ਪਾਰਟੀ ਵਿਚੋਂ ਬਾਹਰ ਕੱਢੇਗਾ?

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਰਾਹੁਲ ਗਾਂਧੀ ਅਤੇ ਉਸ ਦਾ ਪਰਿਵਾਰ ਸਿੱਖ ਵਿਰੋਧੀ ਹਨ। ਸਿੱਖਾਂ ਅਤੇ ਪੰਜਾਬ ਨਾਲ ਸੰਬੰਧਤ ਸਾਰੇ ਮੁੱਦਿਆਂ ਉੱਤੇ ਉਹਨਾਂ ਦੇ ਹਮੇਸ਼ਾਂ ਦੋਹਰੇ ਮਾਪਦੰਡ ਰਹੇ ਹਨ। ਰਾਹੁਲ ਪੰਜਾਬ ਦੇ ਨੌਜਵਾਨਾਂ ਨੂੰ ’70 ਫੀਸਦ ਨਸ਼ੇੜੀ’ ਕਹਿ ਕੇ ਬਦਨਾਮ ਕਰਦਾ ਆ ਰਿਹਾ ਹੈ। ਇਸ ਝੂਠ ਨੂੰ ਹੁਣ ਏਮਜ਼ ਅਤੇ ਪੀ.ਜੀ.ਆਈ. ਵਰਗੀਆਂ ਦੇਸ਼ ਦੀਆਂ ਸਭ ਤੋਂ ਵੱਕਾਰੀ ਅਤੇ ਭਰੋਸੇਯੋਗ ਸੰਸਥਾਵਾਂ ਨੇ ਆਪਣੇ ਸਰਵੇਖਣਾਂ ਵਿਚ ਇਹ ਦੱਸਦਿਆਂ ਨੰਗਾ ਕਰ ਦਿੱਤਾ ਹੈ ਕਿ ਪੰਜਾਬ ਵਿਚ ਨਸ਼ਾਖੋਰੀ ਦੀ ਦਰ 1 ਫੀਸਦ ਤੋਂ ਵੀ ਘੱਟ ਹੈ। ਉਹ ਪਹਿਲਾਂ ਪੰਜਾਬੀਆਂ ਨੂੰ ਰਾਸ਼ਟਰ-ਵਿਰੋਧੀ ਕਹਿੰਦੇ ਸਨ, ਜਦੋਂ ਅਜਿਹਾ ਕਹਿਣ ਨਾਲ ਗੱਲ ਨਹੀਂ ਬਣੀ ਤਾਂ ਉਹਨਾਂ ਨੇ ਸਾਨੂੰ ਅੱਤਵਾਦੀ ਕਹਿਣਾ ਸ਼ੁਰੂ ਕਰ ਦਿੱਤਾ। ਜਦੋਂ ਇਹ ਸਾਜ਼ਿਸ਼ ਵੀ ਨਾਕਾਮ ਹੋ ਗਈ ਤਾਂ ਉਹਨਾਂ ਦੀ ਤਾਜ਼ਾ ਮੁਹਿੰਮ ਨਸ਼ੇੜੀ ਕਹਿ ਕੇ ਬਦਨਾਮ ਕਰਨ ਦੀ ਸੀ, ਜਿਸ ਦਾ ਭਾਂਡਾ ਏਮਜ਼ ਅਤੇ ਪੀ.ਜੀ.ਆਈ. ਨੇ ਭੰਨ ਦਿੱਤਾ ਹੈ।

Please Click here for Share This News

Leave a Reply

Your email address will not be published. Required fields are marked *