
ਰਮਪੁਰਾ ਫੂਲ (ਬਠਿੰਡਾ) : ਪੰਜਾਬ ਦੇ ਡਿਪਟੀ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦੇ ਜਿੰਨੇ ਲੁਟੇਰੇ, ਨਕਸਲਾਈਟ ਤੇ ਠੱਗ ਨੇ ਸਾਰੇ ਆਮ ਆਦਮੀ ਪਾਰਟੀ ਵਿਚ ਹਨ ਅਤੇ ਸਭ ਤੋਂ ਵੱਡਾ ਠੱਗ ਕੇਜਰੀਵਾਲ ਹੈ।
ਅੱਜ ਇਥੇ ਸ਼੍ਰੋਮਣੀ ਅਕਾਲੀ ਦਲੀ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦਰ ਕੇਜਰੀਵਾਲ ਅੱਤਵਾਦੀਆਂ ਦੇ ਘਰਾਂ ਵਿਚ ਠਹਿਰਦੇ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਆਰ.ਪੀ. ਸਿੰਘ ਦੇ ਘਰ ਕੇਜਰੀਵਾਲ ਨੇ ਬਰੇਕ ਫਾਸਟ ਕੀਤਾ ਅਤੇ ਅੱਧਾ ਘੰਟਾ ਮੀਟਿੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੇ ਖਾਲਿਸਤਾਨ ਦਾ ਨਾਅਰਾ ਲਾਉਣ ਵਾਲਿਆਂ ਨਾਲ ਸਮਝੌਤਾ ਕੀਤਾ ਹੋਇਆ ਹੈ। ਸ੍ਰੀ ਬਾਦਲ ਨੇ ਅਪੀਲ ਕੀਤੀ ਕਿ ਬੜੀ ਮੁਸ਼ਕਲ ਨਾਲ ਪੰਜਾਬ ਨੂੰ ਉਸ ਅੱਤਵਾਦ ਦੌਰ ਵਿਚੋਂ ਕੱਢਿਆ ਹੈ ਅਤੇ ਆਮ ਆਦਮੀ ਪਾਰਟੀ ਦੇ ਮਨਸ਼ੇ ਪੰਜਾਬ ਨੂੰ ਮੁੜ ਉਸੇ ਦੌਰਾ ਵਿਚ ਧਕੇਲਣ ਦੇ ਹਨ।
ਸ੍ਰੀ ਬਾਦਲ ਨੇ ਕਿਹਾ ਕਿ ਕੇਜਰੀਵਾਲ ਦਾ ਨਿਸ਼ਾਨਾ ਪੰਜਾਬ ਦੀ ਤਰੱਕੀ ਨਹੀਂ, ਸਗੋਂ ਉਹ ਪੰਜਾਬ ਵਿਚੋਂ ਚੋਣਾ ਜਿੱਤ ਕੇ ਕੇਂਦਰ ਨਾਲ ਲੜਾਈ ਲੜਨੀ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਦੇ ਵਿਕਾਸ ਲਈ ਹਰ 5 ਮਿੰਟ ‘ਤੇ ਕੇਂਦਰ ਦੇ ਸਹਿਯੋਗ ਦੀ ਲੋੜ ਪੈਂਦੀ ਹੈ। ਗੜ੍ਹੇ ਪੈ ਜਾਣ, ਮੀਂਹ ਪੈ ਜਾਵੇ, ਫਸਲ ਖਰਾਬ ਹੋ ਜਾਵੇ। ਹਰ ਸਮੇਂ ਕੇਂਦਰ ਦੀ ਮੱਦਦ ਦੀ ਲੋੜ ਪੈਂਦੀ ਹੈ। ਜੇਕਰ ਕੇਜਰੀਵਾਲ ਨੇ ਕੇਂਦਰ ਨਾਲ ਜੰਗ ਵਿੱਢ ਲਈ ਤਾਂ ਪੰਜਾਬ ਦਾ ਸਾਰਾ ਵਿਕਾਸ ਰੁਕ ਜਾਵੇਗਾ। ਸਾਰੇ ਪੁਲ, ਨਹਿਰਾਂ, ਕੱਸੀਆਂ, ਸੜਕਾਂ ਅਤੇ ਖਾਲ ਬਣਾਉਣ ਦਾ ਕੰਮ ਇਥੇ ਹੀ ਰੁਕ ਜਾਵੇਗਾ। ਫਿਰ ਨਾ ਝੋਨਾ ਚੁੱਕਿਆ ਜਾਵੇਗਾ ਨਾ ਕਣਕ ਚੁੱਕੀ ਜਾਵੇਗੀ। ਉਨ੍ਹਾਂ ਨੇ ਅਪੀਲ ਕੀਤੀ ਕਿ ਪੰਜਾਬ ਦੇ ਵਿਕਾਸ ਲਈ ਮੁੜ ਅਕਾਲੀ ਭਾਜਪਾ ਸਰਕਾਰ ਬਣਾਈ ਜਾਵੇ, ਤਾਂ ਜੋ ਪੰਜਾਬ ਦਾ ਰਹਿੰਦਾ ਵਿਕਾਸ ਪੂਰਾ ਹੋ ਸਕੇ।