ਚੰਡੀਗੜ੍ਹ, 28 ਨਵੰਬਰ:
ਸੂਬੇ ਵਿੱਚ ਵਪਾਰ ਕਰਨ ਨੂੰ ਸੁਖਾਲਾ ਕਰਨ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ.) ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਅਸਟੇਟ ਪ੍ਰਬੰਧਨ ਪ੍ਰਣਾਲੀ (ਈ.ਐਮ.ਐਸ.) ਅਤੇ ਵੈੱਬ-ਭੂਗੋਲਿਕ ਸੂਚਨਾ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਹੈ। ਈ.ਐਮ.ਐਸ. ਜ਼ਰੀਏ ਬਿਨੈਕਾਰ/ਅਲਾਟੀ ਉਦਯੋਗਿਕ/ਵਪਾਰਕ/ਰਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਲਈ ਅਪਲਾਈ ਕਰਨ, ਬਕਾਇਆਂ ਦੀ ਆਨਲਾਈਨ ਅਦਾਇਗੀ ਅਤੇ ਆਪਣੇ ਪਲਾਟਾਂ ਦੇ ਸਬੰਧ ਵਿੱਚ ਅਲਾਟਮੈਂਟ ਤੋਂ ਬਾਅਦ ਦੀਆਂ ਸੇਵਾਵਾਂ ਲੈਣ ਦੇ ਵੀ ਯੋਗ ਹੋਣਗੇ। ਵੈੱਬ ਅਧਾਰਤ ਜੀ.ਆਈ.ਐਸ. ਬਿਨੈਕਾਰਾਂ/ਅਲਾਟੀਆਂ ਨੂੰ ਜ਼ਮੀਨ ਦੀ ਉਪਲੱਬਧਤਾ, ਮੁੱਢਲੀਆਂ ਸਹੂਲਤਾਂ ਜਿਵੇਂ ਸੜਕਾਂ, ਸੀਵਰੇਜ਼, ਬਿਜਲੀ ਆਦਿ ਦੀ ਵਿਵਸਥਾ ਅਤੇ ਸੜਕਾਂ, ਰੇਲਵੇਜ਼, ਹਵਾਈ ਅੱਡਿਆਂ, ਡਰਾਈ ਪੋਰਟਜ਼ ਆਦਿ ਤੋਂ ਨੇੜਤਾ ਬਾਰੇ ਜਾਣਨ ਦੀ ਸਹੂਲਤ ਵੀ ਦੇਵੇਗਾ।
ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਇਸ ਗੱਲ ‘ਤੇ ਰੌਸ਼ਨੀ ਪਾਈ ਕਿ ਪੀ.ਐਸ.ਆਈ.ਈ.ਸੀ. ਅਲਾਟੀਆਂ ਨੂੰ ਇੱਕ ਆਨਲਾਈਨ ਡੈਸ਼ਬੋਰਡ ਦੀ ਸਹੂਲਤ ਦਿੱਤੀ ਜਾਵੇਗੀ ਜਿਸ ਦੀ ਵਰਤੋਂ ਉਨ੍ਹਾਂ ਦੇ ਉਦਯੋਗਿਕ ਪਲਾਟ ਦੇ ਸਾਰੇ ਪਹਿਲੂਆਂ ਦੇ ਪ੍ਰਬੰਧਨ ਲਈ ਕੀਤੀ ਜਾਵੇਗੀ। ਅਲਾਟਮੈਂਟ ਤੋਂ ਬਾਅਦ ਦੀਆਂ ਸੇਵਾਵਾਂ ਆਨਲਾਈਨ ਉਪਲੱਬਧ ਹੋਣਗੀਆਂ ਜਿਨ੍ਹਾਂ ਵਿੱਚ ਪਾਣੀ/ਸੀਵਰੇਜ਼ ਕੁਨੈਕਸ਼ਨ ਲਈ ਅਪਲਾਈ ਕਰਨਾ, ਗਿਰਵੀ ਰੱਖਣ ਦੀ ਆਗਿਆ, ਲੀਜ਼ ਡੀਡ/ਕਨਵੇਐਂਸ ਡੀਡ ਦੀ ਰਜਿਸਟ੍ਰੇਸ਼ਨ, ਕੋਈ ਬਕਾਇਆ ਬਾਕੀ ਨਾ ਹੋਣ ਸਬੰਧੀ ਸਰਟੀਫਿਕੇਟ ਜਾਰੀ ਕਰਨਾ, ਲੀਜ਼ ਤੋਂ ਫਰੀਹੋਲਡ ਕਨਵਰਜ਼ਨ ਆਦਿ ਸ਼ਾਮਲ ਹਨ।
ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਦੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ, ਆਈ.ਏ.ਐਸ. ਨੇ ਅੱਗੇ ਦੱਸਿਆ ਕਿ ਉਕਤ ਸੇਵਾਵਾਂ ਲਈ ਅਪਲਾਈ ਕਰਨ ਦੇ ਯੋਗ ਹੋਣ ਤੋਂ ਇਲਾਵਾ ਅਲਾਟੀ ਡੈਸ਼ਬੋਰਡ ਜ਼ਰੀਏ ਆਪਣੀ ਬੇਨਤੀ/ਦਰਖ਼ਾਸਤ ਦੀ ਸਥਿਤੀ ਬਾਰੇ ਵੀ ਜਾਂਚ ਸਕਣਗੇ। ਅਲਾਟੀ ਕਿਸੇ ਵੀ ਫੀਸ, ਕਿਸ਼ਤਾਂ ਅਤੇ ਬਕਾਏ ਦਾ ਭੁਗਤਾਨ ਕਰਨ ਦੇ ਯੋਗ ਹੋਣਗੇ ਅਤੇ ਆਗਾਮੀ ਭੁਗਤਾਨ
ਸਬੰਧੀ ਆਪਣੀ ਰਜਿਸਟਰਡ ਈਮੇਲ-ਆਈਡੀ ਅਤੇ ਮੋਬਾਇਲ ਨੰਬਰ ‘ਤੇ ਅਲਰਟ/ਰਿਮਾਈਂਡਰ ਪ੍ਰਾਪਤ ਕਰਨਗੇ। ਇਸ ਦੇ ਨਾਲ ਹੀ ਅਲਾਟੀ ਦੇ ਡੈਸ਼ਬੋਰਡ ‘ਤੇ ਉਨ੍ਹਾਂ ਦੇ ਪਲਾਟਾਂ ਨਾਲ ਸਬੰਧਤ ਹੋਰਨਾਂ ਮੁੱਦਿਆਂ ਦੇ ਹੱਲ ਲਈ ਸ਼ਿਕਾਇਤ ਨਿਵਾਰਨ/ਸੰਚਾਰ ਸੁਵਿਧਾ ਪ੍ਰਦਾਨ ਕੀਤੀ ਗਈ ਹੈ।
ਸ੍ਰੀਮਤੀ ਮਹਾਜਨ ਨੇ ਅੱਗੇ ਦੱਸਿਆ ਕਿ ਮੋਹਾਲੀ ਅਤੇ ਜਲੰਧਰ ਵਿੱਚ ਪੀ.ਐਸ.ਆਈ.ਈ.ਸੀ. ਫੋਕਲ ਪੁਆਇੰਟਾਂ ਦੇ ਅਲਾਟੀ ਈ.ਐਮ.ਐਸ.ਦੀ ਵਰਤੋਂ ਲਈ ਪੀ.ਐਸ.ਆਈ.ਈ.ਸੀ. ਦੀ ਸਰਕਾਰੀ ਵੈੱਬਸਾਈਟ (www.psiecems.punjab.gov.in) ‘ਤੇ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਹਨ। ਅਲਾਟੀਆਂ ਨੂੰ ਆਪਣੇ ਪਲਾਟਾਂ ਨਾਲ ਸਬੰਧਤ ਮੁੱਢਲੇ ਵੇਰਵੇ ਭਰਨੇ ਹੋਣਗੇ ਅਤੇ ਅਲਾਟਮੈਂਟ/ਟਰਾਂਸਫਰ ਪੱਧਰ ਅਤੇ ਪਹਿਚਾਣ ਪੱਧਰਬ ਜਿਵੇਂ ਅਧਾਰ ਕਾਰੜ, ਪਾਸਪੋਰਟ ਆਦਿ ਦੀਆਂ ਸਕੈਨ ਕੀਤੀਆਂ ਕਾਪੀਆਂ ਅਪਲੋੜ ਕਰਨੀਆਂ ਹੋਣਗੀਆਂ। ਇਸ ਦੇ ਨਾਲ ਹੀ ਸੂਬੇ ਵਿੱਚ ਸਥਿਤ ਸਾਰੇ ਫੋਕਲ ਪੁਆਇੰਟਾਂ ਦੇ ਅਲਾਟੀਆਂ ਲਈ 31/12/2019 ਤੱਕ ਈ.ਐਮ.ਐਸ. ਚਾਲੂ ਕਰ ਦਿੱਤਾ ਜਾਵੇਗਾ।