best platform for news and views

ਜਾਖੜ ਪ੍ਰਤੀ ਵਗ ਰਹੀ ਲੋਕ ਹਨੇਰੀ ਨੇ ਸੰਨੀ ਦਿਓਲ ਦਾ ਤੰਬੂ ਪੁੱਟਿਆ …..ਸਰਕਾਰੀਆ

Please Click here for Share This News

ਲੋਕਾਂ ਵਲੋਂ ਕਾਂਗਰਸ ਨੂੰ ਮਿਲ ਰਹੇ ਹੁੰਗਾਰੇ ਨੇ ਭਾਜਪਾਈਆਂ ਦੇ ਰੰਗ ਉਡਾਏ….ਸੱਚਰ
ਸਰਕਾਰੀਆ ਤੇ ਸੱਚਰ ਵਲੋਂ ਜਾਖੜ ਦੇ ਹੱਕ ਵਿੱਚ ਤੂਫਾਨੀ ਦੌਰੇ
ਰਾਜਨ ਮਾਨ
ਗੁਰਦਾਸਪੁਰ,9 ਮਈ
ਪੰਜਾਬ ਦੇ ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਸੁਨੀਲ ਜਾਖੜ ਪ੍ਰਤੀ ਲੋਕਾਂ ਦੀ ਹਲਕੇ ਅੰਦਰ ਵਗ ਰਹੀ ਪਿਆਰ ਦੀ ਹਨੇਰੀ ਨੇ ਭਾਜਪਾ ਉਮੀਦਵਾਰ ਸੰਨੀ ਦਿਓਲ ਦਾ ਤੰਬੂ ਪੁੱਟ ਦਿੱਤਾ ਹੈ।
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਸੁਨੀਲ ਜਾਖੜ ਦੇ ਹੱਕ ਵਿੱਚ ਵੱਖ ਵੱਖ ਪਿੰਡਾਂ ਦਾ ਤੂਫਾਨੀ ਦੌਰਾ ਕਰ ਰਹੇ ਸ਼੍ਰੀ ਸਰਕਾਰੀਆ ਤੇ ਕਾਂਗਰਸ ਪਾਰਟੀ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਲੋਕਾਂ ਵਲੋਂ ਮਿਲ ਰਹੇ ਅਥਾਹ ਪਿਆਰ ਕਰਕੇ ਬਾਗੋਬਾਗ ਨਜ਼ਰ ਆ ਰਹੇ ਹਨ। ਵੱਖ ਵੱਖ ਪਿੰਡਾਂ ਵਿੱਚ ਲੋਕਾ ਨੂੰ ਸੰਬੋਧਨ ਕਰਦਿਆਂ ਸ੍ਰੀ ਸਰਕਾਰੀਆ ਨੇ ਕਿਹਾ ਮਾਝੇ ਦੇ ਲੋਕਾਂ ਨੇ ਭਾਜਪਾ ਨੂੰ ਚੱਲਦਾ ਕਰਨ ਦਾ ਮਨ ਬਣਾ ਲਿਆ ਹੈ। ਉਹਨਾਂ ਕਿਹਾ ਕਿ ਪਿੰਡ ਪੱਧਰ ਤੇ ਲੋਕਾਂ ਵਿੱਚ ਸ੍ਰੀ ਜਾਢੜ ਪ੍ਰਤੀ ਪਿਆਰ ਵੇਖ ਕੇ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਸੰਨੀ ਦਿਓਲ ਸਿਰਫ ਆਪਣੀ ਜਮਾਨਤ ਬਚਾਉਣ ਲਈ ਹੀ ਹੁਣ ਲੜਾਈ ਲੜ ਰਿਹਾ ਹੈ। ਉਹਨਾਂ ਕਿਹਾ ਕਿ ਜਿਹੜਾ ਵਿਅਕਤੀ ਕਦੇ ਪਿੰਡਾਂ ਵਿੱਚ ਰਿਹਾ ਹੀ ਨਹੀਂ ਹੇ ਅਤੇ ਸਾਰੀ ਜਿੰਦਗੀ ਪੰਜਾਬੋਂ ਬਾਹਰ ਕੱਢੀ ਹੈ ਉਸਨੂੰ ਪਿੰਡਾਂ ਤੇ ਪੰਜਾਬੀਆਂ ਦੇ ਦਰ ਦੀ ਕੀ ਪਤਾ ਹੈ। ਉਹਨਾਂ ਕਿਹਾ ਕਿ ਫਿਲਮਾਂ ਵਿੱਚ ਬਨਾਵਟੀ ਜ਼ਿੰਦਗੀ ਜਿਊਣ ਵਾਲੇ ਨੂੰ ਅਸਲ ਜਿੰਦਗੀ ਬਾਰੇ ਕੀ ਪਤਾ ਹੈ।
ਸ੍ਰੀ ਸਰਕਾਰੀਆ ਨੇ ਕਿਹਾ ਕਿ ਮੋਦੀ ਤੇ ਸੰਨੀ ਦਿਓਲ ਦੋਵੇਂ ਐਕਟਰ ਹਨ ਮੋਦੀ ਨੇ ਦੇਸ਼ ਨੂੰ ਤਬਾਹ ਕਰਨ ਵਾਲੀ ਫਿਲਮ ਦੇ ਹੀਰੋ ਦਾ ਰੋਲ ਅਦਾ ਕੀਤਾ ਹੇ ਤੇ ਸੰਨੀ ਨੇ ਦੂਸਰੀਆਂ ਫਿਲਮਾਂ ਕੀਤੀਆਂ ਹਨ। ਉਹਨਾਂ ਕਿਹਾ ਕਿ ਭਾਜਪਾ ਦਾ ਦੇਸ਼ ਵਿਚੋਂ ਹੀ ਪੱਤਾ ਸਾਫ ਹੋ ਗਿਆ ਹੈ ਅਤੇ ਉਹ ਸਿਰਫ ਹਾਰੀ ਹੋਈ ਲੜਾਈ ਹੀ ਲੜ ਰਹੀ ਹੈ। ਉਹਨਾਂ  ਕਿਹਾ ਹੈ ਕਿ ਕੇਂਦਰ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਜਾਣ ਦੀ ਸੂਰਤ ਵਿੱਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਰਹਿੰਦੇ ਕਰਜ਼ੇ ਵੀ ਮੁਆਫ਼ ਕਰ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਸਾਰਾ ਕਰਜ਼ਾ ਇਸ ਲਈ ਮੁਆਫ਼ ਨਹੀਂ ਕੀਤਾ ਜਾ ਸਕਿਆ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਨੇ ਇਸ ਵਿੱਚ ਆਪਣਾ ਹਿੱਸਾ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅਕਾਲੀਆਂ ਦੀ ਸਹਿਮਤੀ ਨਾਲ ਪੰਜਾਬ ਤੋਂ ਗੈਰ ਕਾਨੂੰਨੀ ਢੰਗ ਦੇ ਨਾਲ ਵਸੂਲੇ ਗਏ 31 ਹਜ਼ਾਰ ਕਰੋੜ ਰੁਪਏ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਵਾਪਸ ਲਿਆ ਕੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ।
ੳਹਨਾਂ  ਕਿਹਾ ਕਿ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣਨ ਨਾਲ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜਬੂਤ ਹੋਣਗੇ, ਜਿਸਦੇ ਸਿੱਟੇ ਵਜੋਂ ਬੁਢਾਪਾ ਪੈਨਸ਼ਨ ਦੀ ਰਾਸ਼ੀ ਵਿੱਚ ਹਰ ਸਾਲ 250 ਰੁਪਏ ਦਾ ਵਾਧਾ ਕਰਕੇ 2000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਜਾਵੇਗੀ। ਇਸੇ ਤਰਾਂ ਹੀ ਅਸ਼ੀਰਵਾਦ ਸਕੀਮ ਦੀ 15 ਹਜ਼ਾਰ ਤੋਂ 21 ਹਜ਼ਾਰ ਰੁਪਏ ਕੀਤੀ ਗਈ ਰਕਮ ਪੜਾਅਵਾਰ ਵਧਾ ਕੇ 51 ਹਜ਼ਾਰ ਰੁਪਏ ਕਰ ਦਿੱਤੀ ਜਾਵੇਗੀ। ਕੇਂਦਰ ਦੀ ਮੋਦੀ ਸਰਕਾਰ ਉੱਤੇ ਮੁਲਕ ਨੂੰ ਫਿਰਕੂ ਲੀਹਾਂ ਉੱਤੇ ਵੰਡਣ ਦਾ ਦੋਸ਼ ਲਗਾਉਂਦਿਆਂ ਸ੍ਰੀ ਸਰਕਾਰੀਆ ਨੇ ਕਿਹਾ ਕਿ ਆਪਣੀਆਂ ਨਕਾਮੀਆਂ ਨੂੰ ਛੁਪਾਉਣ ਲਈ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਵਿੱਚ 40 ਜਵਾਨਾਂ ਉੱਤੇ ਹਮਲੇ ਦਾ ਛੜਯੰਤਰ ਰੱਚ ਕੇ ਪਾਕਿਸਤਾਨ ਵਲੋਂ ਫੈਲਾਏ ਜਾ ਰਹੇ ਅੱਤਵਾਦ ਦਾ ਹਊਆ ਖੜ੍ਹਾ ਕਰ ਦਿੱਤਾ ਹੈ।
ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਭਗਵੰਤਪਾਲ ਸਿੰਘ ਸੱਚਰ ਨੇ ਕਿਹਾ ਕਿ  ਸੰਨੀ ਦਿਓਲ ਤਾਂ ‘ਦਰਸ਼ਨੀ ਭਲਵਾਨ’ ਹੈ, ਜਿਹੜਾ ਸਿਆਸੀ ਅਖਾੜੇ ਦੇ ‘ਮਹਾਂ ਰੁਸਤਮ’ ਸੁਨੀਲ ਜਾਖੜ ਦਾ ਮੁਕਾਬਲਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਭਾਜਪਾ ਦੇ ਆਗੂਆਂ ਨੂੰ ਵੀ ਇਹ ਚੰਗੀ ਤਰਾਂ ਪਤਾ ਹੈ ਕਿ ਉਨ੍ਹਾਂ ਦੇ ਅਨਾੜੀ ਖਿਡਾਰੀ ਨੂੰ ਨਾ ਰਾਜਨੀਤੀ ਦੀ ਕੋਈ ਸਮਝ ਹੈ ਅਤੇ ਨਾ ਹੀ ਉਸਨੂੰ ਮੁਲਕ, ਪੰਜਾਬ ਅਤੇ ਗੁਰਦਾਸਪੁਰ ਹਲਕੇ ਦੀਆਂ ਮੁਸ਼ਕਲਾਂ ਅਤੇ ਲੋੜਾਂ ਸਬੰਧੀ ਕੋਈ ਗਿਆਨ ਹੈ। ਇਸੇ ਲਈ ਹੀ ਭਾਜਪਾ ਆਗੂ ਉਸਨੂੰ ਟਰੱਕ ਉੱਪਰ ਚੜ੍ਹਾ ਕੇ ਸੜਕਾਂ ਉੱਪਰ ਘੁੰਮਾਈ ਫਿਰਦੇ ਹਨ ਅਤੇ ਲੋਕਾਂ ਅਤੇ ਮੀਡੀਆਂ ਤੋਂ ਦੂਰ ਰੱਖਦੇ ਹਨ, ਕਿਉਂਕਿ ਉਹ ਲੋਕਾਂ ਦੀ ਬੋਲੀ ਪੰਜਾਬੀ ਵਿੱਚ ਕਿਸੇ ਵੀ ਮੁੱਦੇ ਉੱਤੇ ਦੋ ਸ਼ਬਦ ਵੀ ਨਹੀਂ ਬੋਲ ਸਕਦਾ। ਸ. ਬਾਜਵਾ ਨੇ ਕਿਹਾ ਕਿ ਲੋਕਾਂ ਨੂੰ “ਚੰਮ” ਨਹੀਂ ਸਗੋਂ “ਕੰਮ” ਪਿਆਰਾ ਹੁੰਦਾ ਹੈ, ਇਸ ਲਈ ਗੁਰਦਾਸਪੁਰ ਹਲਕੇ ਦੇ ਲੋਕ ਸੰਨੀ ਦਿਓਲ ਦੀ ਸਿਰਫ ਸ਼ਕਲ ਦੇਖ ਕੇ ਵੋਟ ਨਹੀਂ ਪਾਉਣ ਲੱਗੇ।

Please Click here for Share This News

Leave a Reply

Your email address will not be published. Required fields are marked *