best platform for news and views

ਜਲ ਸਰੋਤ ਸੰਭਾਲ ਲਈ ਪੰਜਾਬ ਵੱਲੋਂ ਇਜ਼ਰਾਈਲ ਦੀ ਕੌਮੀ ਕੰਪਨੀ ਨਾਲ ਸਮਝੌਤਾ

Please Click here for Share This News

ਚੰਡੀਗੜ•, 11 ਜੂਨ:
ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਇਜ਼ਰਾਈਲ ਦੀ ਕੌਮੀ ਜਲ ਕੰਪਨੀ ਐਮ/ਐਸ ਮੈਕੋਰੋਟ ਨਾਲ ਸਮਝੌਤਾ ਕੀਤਾ ਗਿਆ ਹੈ। ਇਸ ਸਮਝੌਤੇ ਤਹਿਤ ਸੂਬੇ ਵਿੱਚ ਜਲ ਸਰੋਤਾਂ ਦੀ ਸੰਭਾਲ ਅਤੇ ਪ੍ਰਬੰਧਨ ਲਈ ਵਾਟਰ ਕੰਜ਼ਰਵੇਸ਼ਨ ਐਂਡ ਮੈਨੇਜਮੈਂਟ ਮਾਸਟਰ ਪਲਾਨ (ਡਬਲਿਊੂ.ਸੀ.ਐਮ.ਐਮ.ਪੀ.) ਤਿਆਰ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇਜ਼ਰਾਈਲ ਵਿਸ਼ਵ ਦਾ ਇਕਲੌਤਾ ਮੁਲਕ ਹੈ, ਜੋ ਆਪਣੇ ਵੇਸਟ ਵਾਟਰ ਨੂੰ 80 ਫ਼ੀਸਦ ਤੋਂ ਵੀ ਵੱਧ ਮੁੜ ਵਰਤੋਂ ਵਿੱਚ ਲਿਆਉਂਦਾ ਹੈ। ਇਸ ਸਮਝੌਤੇ ਮੁਤਾਬਕ, ਇਸ ਕੰਪਨੀ ਵੱਲੋਂ 18 ਮਹੀਨਿਆਂ ਵਿੱਚ ਸੁਝਾਅ ਦਿੱਤੇ ਜਾਣਗੇ ਅਤੇ ਮਾਸਟਰ ਪਲਾਨ ਅਕਤੂਬਰ, 2020 ਤੱਕ ਸੌਂਪੇ ਜਾਣ ਦੀ ਸੰਭਾਵਨਾ ਹੈ।
ਇਸ ਪ੍ਰਾਜੈਕਟ ਤਹਿਤ ਇਜ਼ਰਾਈਲ ਦੇ ਮਾਹਿਰਾਂ ਦੀ ਤਿੰਨ ਮੈਂਬਰੀ ਟੀਮ 14 ਜੂਨ, 2019 ਤੱਕ ਪੰਜਾਬ ਦੇ ਦੌਰੇ ‘ਤੇ ਆਈ ਹੈ, ਜਿਸ ਵੱਲੋਂ ਸੂਬੇ ਵਿੱਚ ਜਲ ਸਰੋਤਾਂ ਦੀ ਮੌਜੂਦਾ ਸਥਿਤੀ ਅਤੇ ਇਸ ਨੂੰ ਦਰਪੇਸ਼ ਚੁਣੌਤੀਆਂ ਬਾਰੇ ਜਾਣਕਾਰੀ ਇਕੱਤਰ ਕੀਤੀ ਜਾਵੇਗੀ।
ਇਥੇ ਪੰਜਾਬ ਭਵਨ ਵਿੱਚ ਅੱਜ ਇਸ ਟੀਮ ਨਾਲ ਡਾਇਰੈਕਟੋਰੇਟ ਆਫ ਗਰਾਊਂਡਵਾਟਰ ਮੈਨੇਜਮੈਂਟ ਦੇ ਮਿਸ਼ਨ ਡਾਇਰੈਕਟਰ ਸ੍ਰੀ ਅਰੁਨਜੀਤ ਸਿੰਘ ਮਿਗਲਾਨੀ ਦੀ ਅਗਵਾਈ ਹੇਠ ਜਲ ਸਰੋਤ, ਖੇਤੀਬਾੜੀ ਤੇ ਕਿਸਾਨ ਭਲਾਈ, ਜਲ ਸਪਲਾਈ ਤੇ ਸੈਨੀਟੇਸ਼ਨ, ਪੀਐਸਪੀਸੀਐਲ, ਭੌਂ ਤੇ ਜਲ ਸੰਭਾਲ ਵਿਭਾਗਾਂ ਦੇ ਤਕਨੀਕੀ ਮਾਹਿਰਾਂ ਵੱਲੋਂ ਵਿਚਾਰ-ਵਟਾਂਦਰਾ ਕੀਤਾ ਗਿਆ। ਭਾਰਤੀ ਮੌਸਮ ਵਿਗਿਆਨ ਵਿਭਾਗ ਅਤੇ ਸੈਂਟਰਲ ਗਰਾਊਂਡ ਵਾਟਰ ਬੋਰਡ ਦੇ ਮਾਹਿਰਾਂ ਨੇ ਵੀ ਇਸ ਸੈਸ਼ਨ ਵਿੱਚ ਹਿੱਸਾ ਲਿਆ।
ਮਿਸ਼ਨ ਡਾਇਰੈਕਟਰ ਸ੍ਰੀ ਮਿਗਲਾਨੀ ਨੇ ਜ਼ੋਰ ਦੇ ਕੇ ਕਿਹਾ ਕਿ ਜਲ ਸਰੋਤਾਂ ਦੀ ਸਮੇਂ ਸਿਰ ਅਤੇ ਅਸਰਦਾਰ ਢੰਗ ਨਾਲ ਸੰਭਾਲ ਨਾ ਕੀਤੇ ਜਾਣ ਦੀ ਸੂਰਤ ਵਿੱਚ ਖੇਤੀਬਾੜੀ ਪ੍ਰਧਾਨ ਸੂਬੇ ਪੰਜਾਬ ਲਈ ਬੇਹੱਦ ਗੰਭੀਰ ਸਮੱਸਿਆ ਖੜ•ੀ ਹੋ ਸਕਦੀ ਹੈ। ਉਨ•ਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੀ ਮੌਜੂਦਾ ਜਲ ਸਮੱਸਿਆ ਦੇ ਹੱਲ ਲਈ ਵਚਨਬੱਧ ਹਨ।
ਇਜ਼ਰਾਈਲ ਦੇ ਇੰਟਰਨੈਸ਼ਨਲ ਸਪੈਸ਼ਲ ਪ੍ਰਾਜੈਕਟਸ ਕੋਆਰਡੀਨੇਟਰ ਡਾ. ਡਿਏਗੋ ਬਰਜਰ ਨੇ ਉਨ•ਾਂ ਦੇ ਮੁਲਕ ਵਿੱਚ ਜਲ ਸਰੋਤ ਪ੍ਰਬੰਧਨ ਪ੍ਰਣਾਲੀ ਬਾਰੇ ਪ੍ਰੈਜ਼ਨਟੇਸ਼ਨ ਦਿੱਤੀ। ਉਨ•ਾਂ ਦੱਸਿਆ ਕਿ 1948 ਵਿੱਚ ਆਜ਼ਾਦ ਹੋਏ ਇਜ਼ਰਾਈਲ ਨੇ 1955 ਵਿੱਚ ਵਾਟਰ ਮੈਨੇਜਮੈਂਟ ਲਾਅ ਬਣਾਇਆ, ਜਿਸ ਨੇ ਰਾਜ ਨੂੰ ਹਰੇਕ ਸੈਕਟਰ ਨੂੰ ਸਪਲਾਈ ਕੀਤੇ ਗਏ ਪਾਣੀ ਦਾ ਹਿਸਾਬ-ਕਿਤਾਬ ਰੱਖਣ ਦਾ ਅਧਿਕਾਰ ਦਿੱਤਾ। ਇਸ ਬਾਅਦ 1959 ਵਿੱਚ ਇਜ਼ਰਾਈਲ ਵਾਟਰ ਲਾਅ ਲਾਗੂ ਕੀਤਾ ਗਿਆ, ਜਿਸ ਨੇ ਰਾਜ ਨੂੰ ਪਾਣੀ ਦੀ ਕੀਮਤ ਨਿਰਧਾਰਤ ਕਰਨ ਦਾ ਅਧਿਕਾਰ ਦਿੱਤਾ।
ਇਸ ਦੌਰਾਨ ਚੀਫ ਇੰਜਨੀਅਰ ਕੈਨਾਲਜ਼ ਸ੍ਰੀ ਜਗਮੋਹਨ ਸਿੰਘ ਮਾਨ ਅਤੇ ਚੀਫ ਇੰਜਨੀਅਰ ਡਰੇਨੇਜ ਐਂਡ ਮਾਈਨਿੰਗ ਸ੍ਰੀ ਸੰਜੀਵ ਗੁਪਤਾ ਨੇ ਇਜ਼ਰਾਇਲੀ ਟੀਮ ਨੂੰ ਸੂਬੇ ਵਿੱਚ ਮੌਜੂਦਾ ਸਿੰਜਾਈ ਅਤੇ ਹੜ•• ਪ੍ਰਬੰਧਨ ਦੇ ਬੁਨਿਆਦੀ ਢਾਂਚੇ ਬਾਰੇ ਜਾਣਕਾਰੀ ਦਿੱਤੀ ਅਤੇ ਚੁਣੌਤੀਆਂ ਬਾਰੇ ਦੱਸਿਆ। ਸੀ.ਜੀ.ਡਬਲਿਊ.ਬੀ. ਦੇ ਖੇਤਰੀ ਡਾਇਰੈਕਟਰ ਸ੍ਰੀ ਅਨੂਪ ਨਾਗਰ ਅਤੇ ਜਲ ਸਰੋਤ ਵਿਭਾਗ ਦੇ ਮੁੱਖ ਇੰਜਨੀਅਰ ਹਰਮਿੰਦਰ ਸਿੰਘ ਅਰੋੜਾ ਨੇ ਇਜ਼ਰਾਇਲੀ ਮਾਹਿਰਾਂ ਨੂੰ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਬਾਰੇ ਜਾਣੂ ਕਰਵਾਇਆ।
ਪ੍ਰੋਜੈਕਟ ਮੈਨੇਜਰ ਸ੍ਰੀ ਨਿਵ ਪਿੰਟੋ ਨੇ ਸੂਬੇ ਦੇ ਵੱਖ ਵੱਖ ਵਿਭਾਗਾਂ ਵੱਲੋਂ ਜਲ ਪ੍ਰਬੰਧਨ ਸੈਕਟਰ ਬਾਰੇ ਅੰਕੜੇ ਮੁਹੱਈਆ ਕਰਾਉਣ ਅਤੇ ਜਲ ਪ੍ਰਬੰਧਨ ਦੀਆਂ ਚੁਣੌਤੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਵਿੱਚ ਦਿੱਤੇ ਸਹਿਯੋਗ ਲਈ ਸ਼ਲਾਘਾ ਕੀਤੀ। ਇਜ਼ਰਾਈਲ ਦੇ ਮਾਹਿਰਾਂ ਦੀ ਟੀਮ ਵੱਲੋਂ ਜਲ ਸਰੋਤ ਵਿਭਾਗ ਦੇ ਅਫਸਰਾਂ ਨੂੰ ਨਾਲ ਲੈ ਕੇ ਅਗਲੇ ਤਿੰਨ ਦਿਨਾਂ ਦੌਰਾਨ ਸੂਬੇ ਦੇ ਮੌਜੂਦਾ ਜਲ ਸਰੋਤਾਂ ਅਤੇ ਬੁਨਿਆਦੀ ਢਾਂਚੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ।

Please Click here for Share This News

Leave a Reply

Your email address will not be published. Required fields are marked *