best platform for news and views

ਜਗਜੀਤ ਸਿੰਘ ਰਾਏ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਮੌਕੇ ਵਿਰੋਧ ਕਰਦੇ ਸਾਬਕਾ ਮੰਤਰੀ ਸਮੇਤ ਕਈਆਂ ਦੀਆਂ ਪੱਗਾਂ ਲੱਥੀਆਂ

Please Click here for Share This News

ਧੂਰੀ, 10 ਮਾਰਚ (ਮਹੇਸ਼) – ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਦਾ ਕਾਰਜਕਾਲ ਲੰਘੇ ਦਿਨੀਂ ਪੂਰਾ ਹੋਣ ਉਪਰੰਤ ਅੱਜ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ, ਜਦੋਂ ਪੁਲਸ ਦੀ ਮੌਜੂਦਗੀ ‘ਚ ਜਗਜੀਤ ਸਿੰਘ ਰਾਏ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਥਾਪੇ ਜਾਣ ਮੌਕੇ ਇਸ ਨੂੰ ਧੱਕੇਸ਼ਾਹੀ ਕਰਾਰ ਦੇ ਰਹੇ ਕੁੱਝ ਟਰੱਕ ਅਪਰੇਟਰਾਂ ‘ਤੇ ਕੁੱਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਜਿੱਥੇ ਸਾਬਕਾ ਮੰਤਰੀ ਸੁਰਿੰਦਰ ਸਿੰਘ ਧੂਰੀ ਸਮੇਤ ਕਈਆਂ ਦੀਆਂ ਪੱਗਾਂ ਲੱਥੀਆਂ ਉੱਥੇ ਹੀ ਇਕ ਮਹਿਲਾ ਸਮੇਤ ਕੁੱਝ ਵਿਅਕਤੀ ਜ਼ਖਮੀ ਵੀ ਹੋ ਗਏ ਅਤੇ ਪੁਲਸ ਨੂੰ ਹਲਕੇ ਬਲ ਦੀ ਵਰਤੋ ਵੀ ਕਰਨੀ ਪਈ।
ਇਸ ਮੌਕੇ ਪੁੱਜੇ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਧਨਵੰਤ ਸਿੰਘ ਨੇ ਕਿਹਾ ਕਿ ਟਰੱਕ ਯੂਨੀਅਨਾਂ ਭੰਗ ਕਰਨ ਉਪਰੰਤ ਜੇਕਰ ਟਰੱਕ ਆਪਰੇਟਰ ਆਪਸੀ ਸਹਿਮਤੀ ਨਾਲ ਚੋਣ ਕਰਦੇ ਹਨ ਤਾਂ ਇਸ ਚੋਣ ਦੌਰਾਨ ਪੁਲਸ ਦੀ ਮੌਜੂਦਗੀ ‘ਚ ਸਿਆਸੀ ਸ਼ਹਿ ‘ਤੇ ਗੁੰਡਾਗਰਦੀ ਕਰ ਕੇ ਪ੍ਰਧਾਨ ਥਾਪਣਾ ਸਰਾਸਰ ਗਲਤ ਹੈ। ਉਨ•ਾਂ ਇਸ ਘਟਨਾ ਨੂੰ ਧੱਕੇਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ ਪੁਲਸ ਨੂੰ ਅਨੇਕਾਂ ਮੁਕੱਦਮਿਆਂ ‘ਚ ਲੋੜੀਂਦੇ ਰਹੇ ਅਨੇਕਾਂ ਗੁੰਡਾ ਅਨਸਰਾਂ ਦੀ ਮੌਜੂਦਗੀ ‘ਚ ਗੁੰਡਾਗਰਦੀ ਕਰ ਕੇ ਟਰੱਕ ਯੂਨੀਅਨ ਦਾ ਪ੍ਰਧਾਨ ਥਾਪੇ ਜਾਣ ਸਬੰਧੀ ਉਚ ਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ•ਾਂ ਇਸ ਲਈ ਡੀ.ਐਸ.ਪੀ ਧੂਰੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਡੀ.ਐਸ.ਪੀ ਧੂਰੀ ਨੂੰ ਮੁਅੱਤਲ ਕਰਨ ਉਪਰੰਤ ਇਸ ਮਾਮਲੇ ਸਬੰਧੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਇਸ ਪੂਰੀ ਘਟਨਾ ਨੂੰ ਧੱਕੇਸ਼ਾਹੀ ਕਰਾਰ ਦਿੰਦੇ ਹੋਏ ਕੁੱਝ ਟਰੱਕ ਅਪਰੇਟਰਾਂ ਨੇ ਧੂਰੀ-ਮਲੇਰਕੋਟਲਾ ਰੋਡ ਨੂੰ ਜਾਮ ਕਰ ਦਿੱਤਾ। ਧਰਨੇ ਵਿਚ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਦੇ ਆਗੂ ਜਸਵੀਰ ਸਿੰਘ ਜੱਸੀ ਸੇਖੋਂ ਨੇ ਕਿਹਾ ਕਿ ਇਹ ਲੋਕਤੰਤਰ ਦਾ ਘਾਣ ਹੈ। ਹਲਕਾ ਵਿਧਾਇਕ ਦੀ ਸ਼ਹਿ ‘ਤੇ ਇਹ ਧੱਕੇਸ਼ਾਹੀ ਹੋਈ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਉਨ•ਾਂ ਉੱਪਰ ਲਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਕੁੱਝ ਦਿਨ ਪਹਿਲਾਂ ਟਰੱਕ ਯੂਨੀਅਨ ਦੀਆਂ 2 ਧਿਰਾਂ ਉਨ•ਾਂ ਕੋਲ ਆਈਆਂ ਸਨ, ਜਿਨ•ਾਂ ਕਿਸੇ ਯੋਗ ਵਿਅਕਤੀ ਨੂੰ ਪਰਚੀ ਕੱਢ ਕੇ ਪ੍ਰਧਾਨ ਥਾਪੇ ਜਾਣ ਸਬੰਧੀ ਕਿਹਾ ਗਿਆ ਸੀ ਤਾਂ ਜੋ ਟਰੱਕ ਅਪਰੇਟਰਾਂ ਦੇ ਕਾਰਜ ਸੁਚਾਰੂ ਢੰਗ ਨਾਲ ਚੱਲ ਸਕਣ। ਉਨ•ਾਂ ਦੱਸਿਆ ਕਿ ਟਰੱਕ ਅਪਰੇਟਰਾਂ ਦੀ ਇਕ ਧਿਰ ਵੱਲੋਂ ਸ਼ਿੰਦਾ ਸਿੰਘ ਤੇ ਦੂਜੀ ਧਿਰ ਵੱਲੋਂ ਜਗਜੀਤ ਸਿੰਘ ਰਾਏ ਦਾ ਨਾਂ ਪੇਸ਼ ਕੀਤਾ ਗਿਆ ਸੀ ਅਤੇ ਜਦੋਂ ਅੱਜ ਟਰੱਕ ਯੂਨੀਅਨ ‘ਚ ਪਰਚੀ ਕੱਢੀ ਗਈ ਤਾਂ ਜਗਜੀਤ ਸਿੰਘ ਰਾਏ ਦੀ ਪਰਚੀ ਨਿਕਲੀ, ਜਿਸ ਤੋਂ ਬਾਅਦ ਉਨ•ਾਂ ਦੇ ਰਾਜਨੀਤਿਕ ਵਿਰੋਧੀਆਂ ਵੱਲੋਂ ਸ਼ਹਿਰ ਅਤੇ ਟਰੱਕ ਯੂਨੀਅਨ ਦਾ ਮਾਹੌਲ ਖ਼ਰਾਬ ਕਰਨ ਲਈ ਇਹ ਨਾਟਕ ਖੇਡਿਆ ਤਾਂ ਜੋ ਉਨ•ਾਂ ਨੂੰ ਰਾਜਨੀਤਿਕ ਤੌਰ ‘ਤੇ ਬਦਨਾਮ ਕੀਤਾ ਜਾ ਸਕੇ। ਪ੍ਰੰਤੂ ਉਹ ਧੱਕੇਸ਼ਾਹੀ ਸਬੰਧੀ ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਲੋਕਾਂ ਦੀ ਕਚਹਿਰੀ ‘ਚ ਆਉਣ ਲਈ ਤਿਆਰ ਹਨ ਅਤੇ ਕਿਸੇ ਨੂੰ ਵੀ ਇਲਾਕੇ ਦਾ ਮਾਹੌਲ ਖ਼ਰਾਬ ਨਹੀਂ ਕਰਨ ਦਿੱਤਾ ਜਾਵੇਗਾ।
ਇਸ ਸਬੰਧੀ ਐਸ.ਡੀ.ਐਮ ਧੂਰੀ ਅਮਰੇਸ਼ਵਰ ਸਿੰਘ ਨਾਲ ਗੱਲ ਕਰਨ ‘ਤੇ ਉਨ•ਾਂ ਕਿਹਾ ਕਿ ਟਰੱਕ ਯੂਨੀਅਨ ਦੀ ਪ੍ਰਧਾਨਗੀ ਮੌਕੇ ਸਭ ਕੁੱਝ ਕਾਨੂੰਨ ਅਨੁਸਾਰ ਸ਼ਾਂਤੀ ਪੂਰਵਕ ਹੋਇਆ ਹੈ ਪ੍ਰੰਤੂ ਕੁੱਝ ਵਿਅਕਤੀਆਂ ਵੱਲੋਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ ਅਤੇ ਜੇਕਰ ਕਿਸੇ ਟਰੱਕ ਆਪਰੇਟਰ ਨੂੰ ਇਤਰਾਜ਼ ਹੈ ਤਾਂ ਉਹ ਸੋਮਵਾਰ ਨੂੰ ਉਨ•ਾਂ ਦੇ ਦਫ਼ਤਰ ‘ਚ ਆ ਕੇ ਮਿਲ ਸਕਦਾ ਹੈ ।
ਡੀ.ਐਸ.ਪੀ ਧੂਰੀ ਆਕਾਸ਼ਦੀਪ ਸਿੰਘ ਔਲਖ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਟਰੱਕ ਯੂਨੀਅਨ ਅੰਦਰ ਅਪਰੇਟਰਾਂ ਵੱਲੋਂ ਐਸੋਸੀਏਸ਼ਨ ਬਣਾਉਣ ਸਬੰਧੀ ਸਹਿਮਤੀ ਹੋ ਗਈ ਸੀ ਪ੍ਰੰਤੂ 12-15 ਵਿਅਕਤੀਆਂ ਵੱਲੋਂ ਇਸ ਦਾ ਵਿਰੋਧ ਕਰਦੇ ਹੋਏ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਪੁਲਸ ਵੱਲੋਂ ਸਖ਼ਤੀ ਵਰਤਦੇ ਹੋਏ ਇਲਾਕੇ ਅੰਦਰ ਅੰਦਰ ਅਮਨ-ਸਾਂਤੀ ਨੂੰ ਬਰਕਰਾਰ ਰੱਖਿਆ ਗਿਆ।

ਕੈਪਸ਼ਨ- ਧਰਨਾ ਦਿੰਦੇ ਹੋਏ ਟਰੱਕ ਆਪਰੇਟਰ ਸਾਬਕਾ ਮੰਤਰੀ ਸੁਰਿੰਦਰ ਸਿੰਘ ਤੇ ਆਪ ਆਗੂ ਜਸਵੀਰ ਸਿੰਘ ਜੱਸੀ ਸੇਖੋਂ

Please Click here for Share This News

Leave a Reply

Your email address will not be published. Required fields are marked *