ਚੰਡੀਗੜ੍ਹ : ਚੋਣ ਕਮਿਸਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਪੰਜਾਬ ਵਿਚ ਚੋਣ ਜਾਬਤਾ ਲੱਗਣ ਪਿਛੋਂ ਜੇਕਰ ਕੋਈ ਵਿਅਕਤੀ ਲਈ 10 ਹਜਾਰ ਰੁਪਏ ਤੋਂ ਵੱਧ ਕੈਸ ਲੈ ਕੇ ਜਾਂਦਾ ਹੈ ਤਾਂ ਉਸ ਕੋਲ ਰਕਮ ਦਾ ਪੂਰਾ ਹਿਸਾਬ ਹੋਣਾ ਚਾਹੀਦਾ ਹੈ ਕਿ ਉਹ ਇਹ ਰਕਮ ਕਿਥੋਂ ਲੈ ਕੇ ਆਇਆ ਹੈ ਅਤੇ ਕਿਸ ਮਕਸਦ ਲਈ ਲੈ ਕੇ ਜਾ ਰਿਹਾ ਹੈ। ਇਸ ਲਈ ਚੋਣ ਜਾਬਤਾ ਲੱਗਣ ਪਿਛੋਂ ਕਿਸੇ ਵੀ ਵਿਅਕਤੀ ਲਈ 10 ਹਜਾਰ ਰੁਪਏ ਤੋਂ ਵੱਧ ਰਕਮ ਲੈ ਕੇ ਜਾਣਾ ਪ੍ਰੇਸਾਨੀ ਖੜ੍ਹੀ ਕਰ ਸਕਦਾ ਹੈ। ਚੋਣ ਕਮਿਸਨ ਨੇ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸਨਰਾਂ, ਪੁਲੀਸ ਕਮਿਸਨਰਾਂ ਅਤੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਨੋਟੀਫਿਕੇਸਨ ਜਾਰੀ ਕੀਤਾ ਹੈ ਕਿ ਚੋਣ ਜਾਬਤਾ ਲੱਗਣ ਤੋਂ ਬਾਅਦ ਕੋਈ ਵਿਅਕਤੀ ਬਿਨਾਂ ਹਿਸਾਬ ਕਿਤਾਬ ਜਾਂ ਦਸਤਾਵੇਜਾਂ ਦੇ 10 ਹਜਾਰ ਰੁਪਏ ਤੋਂ ਵੱਧ ਰਕਮ ਲੈ ਕੇ ਨਹੀਂ ਚੱਲ ਸਕਦਾ। ਇਸ ਲਈ ਕਿਸੇ ਵੀ ਵਿਅਕਤੀ ਦੀ ਕਾਰ, ਸਕੂਟਰ, ਬੱਸ ਆਦਿ ਵਿਚ ਜਾਂਦਿਆਂ ਤਲਾਸੀ ਲਈ ਜਾ ਸਕਦੀ ਹੈ ਅਤੇ ਉਸ ਕੋਲ ਨਕਦੀ ਗਿਣੀ ਜਾ ਸਕਦੀ ਹੈ। 10 ਹਜਾਰ ਤੋਂ ਲੈ ਕੇ 10 ਲੱਖ ਰੁਪਏ ਤੱਕ ਦੀ ਰਕਮ ਦਾ ਮੌਕੇ ਤੇ ਹੀ ਹਿਸਾਬ ਦੇਣਾ ਪਵੇਗਾ ਅਤੇ 10 ਲੱਖ ਰੁਪਏ ਤੋਂ ਵੱਧ ਦੀ ਰਕਮ ਜਬਤ ਕਰਕੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪੀ ਜਾਵੇਗੀ। ਸੂਤਰਾਂ ਅਨੁਸਾਰ ਇਸ ਤੋਂ ਪਹਿਲਾਂ ਕੇਵਲ 10 ਲੱਖ ਰੁਪਏ ਤੋਂ ਵੱਧ ਦੀ ਰਕਮ ਬਾਰੇ ਹੀ ਪੜਤਾਲ ਕੀਤੀ ਜਾਂਦੀ ਸੀ, ਪਰ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਵਲੋਂ ਚੋਣ ਕਮਿਸਨ ਕੋਲ ਸਿਕਾਇਤ ਕੀਤੀ ਗਈ ਸੀ ਕਿ 10 ਲੱਖ ਰੁਪਏ ਤੋਂ ਘੱਟ ਰਕਮ ਵੀ ਚੋਣਾ ਵਿਚ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਭਰਮਾਉਣ ਲਈ ਵਰਤੀ ਜਾਂਦੀ ਹੈ। ਇਸ ਲਈ ਚੋਣ ਕਮਿਸਨ ਨੇ ਹੁਣ 10 ਹਜਾਰ ਤੋਂ ਵੱਧ ਰਕਮ ਬਾਰੇ ਵੀ ਪੜਤਾਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।