
ਚੰਡੀਗੜ੍ਹ : ਬਠਿੰਡਾ ਵਿਖੇ ਭਾਰੀ ਮਾਤਰਾ ਵਿੱਚ ਬਰਾਮਦ ਹੋਈ ਸ਼ਰਾਬ ਸਬੰਧੀ ਮਾਮਲੇ ਵਿੱਚ ਸਖਤ ਕਾਰਵਾਈ ਕਰਦਿਆਂ ਚੋਣ ਕਮਿਸ਼ਨ ਨੇ ਅੱਜ ਪੰਜ ਡਿਸਟਲਰੀਆਂ ਤੋਂ ਸ਼ਰਾਬ ਦਾ ਉਤਪਾਦਨ ਅਤੇ ਵੰਡ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਹ ਖੁਲਾਸਾ ਅੱਜ ਇਥੇ ਮੁੱਖ ਚੋਣ ਅਫਸਰ ਸ੍ਰੀ ਵੀ.ਕੇ.ਸਿੰਘ ਅਤੇ ਏ.ਡੀ.ਜੀ.ਪੀ. ਕਮ ਨੋਡਲ ਅਫਸਰ ਚੋਣਾਂ ਸ੍ਰੀ ਵੀ.ਕੇ.ਭਾਵੜਾ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ। ਇਸ ਮੌਕੇ ਵਧੀਕ ਮੁੱਖ ਚੋਣ ਅਫਸਰ ਸ੍ਰੀ ਸਿਬਨ ਸੀ ਵੀ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਉਕਤ ਫੈਸਲਾ ਬਠਿੰਡਾ ਸ਼ਰਾਬ ਬਰਾਮਦਗੀ ਸਬੰਧੀ ਮੁੱਢਲੀ ਜਾਂਚ ਉਪਰੰਤ ਲਿਆ ਗਿਆ ਹੈ ਅਤੇ ਉਨ੍ਹਾਂ ਡਿਸਟਲਰੀਆਂ ਤੋਂ ਹੀ ਸ਼ਰਾਬ ਦਾ ਉਤਪਾਦਨ ਅਤੇ ਵੰਡ ਕਰਨ ਦਾ ਹੁਕਮ ਦਿੱਤਾ ਹੈ ਜਿਨ੍ਹਾਂ ਤੋਂ ਬਣੀ ਸ਼ਰਾਬ ਬਠਿੰਡਾ ਰੇਡ ਦੌਰਾਨ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਚੋਣਾਂ ਦੌਰਾਨ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਕਾਰਜ ਲਈ ਉਡਣ ਦਸਤਿਆਂ ਅਤੇ ਨਿਗਰਾਨ ਟੀਮਾਂ ਨੂੰ ਚੈਕਿੰਗ ਹੋਰ ਜ਼ਿਆਦਾ ਅਤੇ ਵੱਡੇ ਪੱਧਰ ‘ਤੇ ਚੌਕਸੀ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਸ੍ਰੀ ਵੀ.ਕੇ.ਸਿੰਘ ਨੇ ਰਾਜ ਦੇ ਲੋਕਾਂ ਤੋਂ ਸਾਫ-ਸੁਥਰੇ ਅਤੇ ਅਮਨ-ਆਮਾਨ ਨਾਲ ਚੋਣਾਂ ਨੇਪਰੇ ਚੜ੍ਹਾਉਣ ਲਈ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਕੋਈ ਵੀ ਨਾਗਰਿਕ ਪੈਸਾ, ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਵੰਡ ਸਬੰਧੀ ਕਮਿਸ਼ਨ ਨੂੰ ਜਾਣਕਾਰੀ ਮੁਹੱਈਆ ਕਰਵਾ ਸਕਦਾ ਹੈ ਜਿਸ ਉਪਰ ਕਮਿਸ਼ਨ ਤੁਰੰਤ ਕਾਰਵਾਈ ਕਰੇਗਾ। ਸੁਰੱਖਿਆ ਕਰਮੀਆਂ ਅਤੇ ਗੰਨਮੈਨਾਂ ਦੀ ਨਾਜਾਇਜ਼ ਵਰਤੋਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਚੋਣ ਅਫਸਰ ਨੇ ਦੱਸਿਆ ਕਿ ਪਹਿਲਾਂ ਹੀ 1200 ਗੰਨਮੈਨਾਂ ਨੂੰ ਵਾਪਸ ਲਿਆ ਜਾ ਚੁੱਕਾ ਸੀ ਜਦੋਂ ਕਿ ਨਵੇਂ ਸਿਰੇ ਤੋਂ ਕੀਤੀ ਸੁਰੱਖਿਆ ਸਮੀਖਿਆ ਉਪੰਰਤ 400 ਹੋਰ ਗੰਨਮੈਨ ਵਾਪਸ ਲਏ ਗਏ ਹਨ ਅਤੇ ਹੁਣ ਵਾਪਸ ਬੁਲਾਏ ਗਏ ਗੰਨਮੈਨਾਂ ਦੀ ਗਿਣਤੀ 1600 ਤੱਕ ਪਹੁੰਚ ਗਈ ਹੈ।
ਡੀ.ਜੀ.ਪੀ. ਮੁਹੰਮਦ ਮੁਸਤਫਾ ਦੇ ਮਾਮਲੇ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਸ੍ਰੀ ਵੀ.ਕੇ.ਸਿੰਘ ਨੇ ਕਿਹਾ ਕਿ ਉਹ ਅਤੇ ਏ.ਡੀ.ਜੀ.ਪੀ. ਖੁਦ ਇਸ ਮਾਮਲੇ ਦੀ ਪੜਤਾਲ ਕਰਨ ਲਈ ਮਾਲੇਰਕੋਟਲਾ ਦਾ ਦੌਰਾ ਕਰ ਕੇ ਆਏ ਹਨ ਅਤੇ ਸਾਰੇ ਉਮੀਦਵਾਰਾਂ ਤੋਂ ਡੀ.ਜੀ.ਪੀ. ਮੁਹੰਮਦ ਮੁਸਤਫਾ ਬਾਰੇ ਜਾਣਕਾਰੀ ਲਈ ਗਈ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਜਾਂ ਸਬੂਤ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਫੇਰ ਵੀ ਕਮਿਸ਼ਨ ਵੱਲੋਂ ਡੀ.ਜੀ.ਪੀ. ਮੁਸਤਫਾ ਨੂੰ ਸਲਾਹ ਦਿੱਤੀ ਗਈ ਹੈ ਕਿ ਚੋਣਾਂ ਦੌਰਾਨ ਉਹ ਹੈਡਕੁਆਟਰ ‘ਤੇ ਹੀ ਰਹਿਣ।
ਸ੍ਰੀ ਵੀ.ਕੇ.ਸਿੰਘ ਨੇ ਕਿਹਾ ਕਿ ਵੋਟਾਂ ਦੇ ਕੰਮ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜ੍ਹਨ ਦੇ ਮੰਤਵ ਨਾਲ ਅੱਜ ਸਵੇਰੇ ਹੀ ਪੰਜਾਬ ਸੂਬੇ ਨਾਲ ਲੱਗਦੇ ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ ਅਤੇ ਰਾਜਸਥਾਨ ਦ ਮੁੱਖ ਸਕੱਤਰਾਂ ਅਤੇ ਡੀ.ਜੀ.ਪੀਜ਼ ਅਤੇ ਯੂ.ਟੀ. ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀਡਿਓ ਕਾਨਫਰਸਿੰਗ ਰਾਹੀਂ ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਗੁਆਢੀਂ ਸੂਬਿਆਂ ਨਾਲ ਲੱਗਦੀਆਂ ਅੰਤਰ ਰਾਜੀ ਸਰਹੱਦਾਂ ਨੂੰ ਸੀਲ ਕੀਤਾ ਜਾਵੇਗਾ ਅਤੇ ਇਨ੍ਹਾਂ ਗੁਆਂਢੀ ਸੂਬਿਆਂ ਵਿੱਚ ਸਰਹੱਦ ਤੋਂ ਤਿੰਨ ਕਿਲੋ ਮੀਚਰ ਦੇ ਅੰਦਰ ਲੱਗਦੇ ਖੇਤਰਾਂ ਵਿੱਚ ਡਰਾਈ ਡੇਅ ਐਲਾਨਿਆ ਜਾਵੇਗਾ ਅਤੇ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹੇਗਾ। ਇਸ ਤੋਂ ਇਲਾਵਾ ਦੋਵੇਂ ਪਾਸਿਆਂ ਤੋਂ ਅੰਤਰਰਾਜੀ ਸਰਹੱਦ ਉਪਰ ਨਾਕੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਹਲਕਾ ਅਨੁਸਾਰ ਚੈਕਿੰਗ ਹੋਰ ਵੀ ਸਖਤ ਕੀਤੀ ਜਾਵੇਗੀ ਤਾਂ ਜੋ ਵੋਟਾਂ ਦੌਰਾਨ ਕਿਸੇ ਕਿਸਮ ਦੇ ਨਸ਼ੇ, ਪੈਸੇ, ਸ਼ਰਾਬ ਜਾਂ ਹੋਰ ਨਾਜਾਇਜ਼ ਸਮੱਗਰੀ ਦੀ ਵਰਤੋਂ ਨਾ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਵੋਟਾਂ ਤੋਂ 48 ਘੰਟਿਆਂ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸੇ ਵੀ ਹਲਕੇ ਵਿੱਚ ਹਲਕੇ ਤੋਂ ਬਾਹਰਲਾ ਵੋਟਰ ਨਾ ਠਹਿਰੇ ਅਤੇ ਇਸ ਸਬੰਧੀ ਚੈਕਿੰਗ ਦੌਰਾਨ ਵੋਟਰਾਂ ਦੇ ਸ਼ਨਾਖਤੀ ਕਾਰਡ ਚੈਕ ਕੀਤੇ ਜਾਣਗੇ। ਪੇਡ ਨਿਊਜ਼ ਦੇ ਮਾਮਲੇ ਵਿੱਚ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹੁਣ ਤੱਕ 34 ਖਬਰਾਂ ਨੂੰ ਪੇਡ ਨਿਊਜ਼ ਐਲਾਨਿਆ ਗਿਆ ਹੈ ਜਿਨ੍ਹਾਂ ਨੂੰ ਸਬੰਧਤ ਉਮੀਦਵਾਰ ਦੇ ਚੋਣ ਖਰਚੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ।
ਏ.ਡੀ.ਜੀ.ਪੀ. ਸ੍ਰੀ ਵੀ.ਕੇ.ਭਾਵੜਾ ਨੇ ਕਿਹਾ ਕਿ ਚੋਣ ਅਮਲ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਪੰਜਾਬ ਪੁਲਿਸ ਵੱਲੋਂ 5573 ਸ਼ਰਾਰਤੀ ਤੱਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਕਿ 4147 ਨੂੰ ਇਹਤਿਹਾਤ ਵਜੋਂ ਹਿਰਾਸਤ ਵਿੱਚ ਲਿਆ। ਇਸ ਤੋਂ ਇਲਾਵਾ ਚੋਣ ਕਮਿਸ਼ਨ ਵੱਲੋਂ ਪੰਜਾਬ ਸੂਬੇ ਵਿੱਚ 4840 ਇਲਾਕੇ ਸੰਵੇਦਨਸ਼ੀਲ, 786 ਪੋਲਿੰਗ ਸਟੇਸ਼ਨ ਅਤਿ ਸੰਵੇਦਨਸ਼ੀਲ ਐਲਾਨੇ ਗਏ ਹਨ ਜਿਨ੍ਹਾਂ ਦੀ ਨਿਗਰਾਨੀ ਹੋਰ ਵੀ ਸਖਤੀ ਨਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਰਿਕਾਰਡ 94 ਫੀਸਦੀ ਲਾਇਸੈਂਸੀ ਹਥਿਆਰ ਜਮ੍ਹਾਂ ਹੋ ਚੁੱਕੇ ਹਨ ਜਦੋਂ ਕਿ ਸੂਬੇ ਵਿੱਚ ਚੋਣਾਂ ਨਾਲ ਸਬੰਧਤ 16 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ।