ਡੇਰਾਬਸੀ, 16 ਜਨਵਰੀ
ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਮਿਸ਼ਨ ਨੇ ਸਖ਼ਤ ਰੁਖ਼ ਅਪਣਾ ਲਿਆ ਹੈ। ਚੋਣ ਕਮਿਸ਼ਨ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ. ਸ਼ਰਮਾ ਨੂੰ ਦੋ ਵੱਡੇ ਝਟਕੇ ਦਿੱਤੇ। ਕਮਿਸ਼ਨ ਨੇ ਬਿਨਾਂ ਪ੍ਰਵਾਨਗੀ ਪ੍ਰਚਾਰ ਵਿੱਚ ਵਰਤੀ ਜਾ ਰਹੀ ਐਨ.ਕੇ. ਸ਼ਰਮਾ ਦੀ ਇਨੋਵਾ ਗੱਡੀ ਜ਼ਬਤ ਕਰ ਲਈ। ਉੱਡਣ ਦਸਤੇ ਨੇ ਇਹ ਗੱਡੀ ਸ਼ਾਮ ਪੰਜ ਵਜੇ ਜ਼ਬਤ ਕੀਤੀ ਜਦ ਸ੍ਰੀ ਸ਼ਰਮਾ ਪੰਜਗ੍ਰਾਮੀ ਦੇ ਪਿੰਡ ਮਹਿਮਦਪੁਰ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰ ਜਾ ਰਹੇ ਸੀ। ਉਨ੍ਹਾਂ ਨੇ ਮੌਕੇ ’ਤੇ ਦੂਜੀ ਗੱਡੀ ਮੰਗਵਾਈ ਅਤੇ ਉਸ ਸਵਾਰ ਹੋ ਕੇ ਅਗਲੀ ਚੋਣ ਮੀਟਿੰਗ ਲਈ ਰਵਾਨਾ ਹੋਏ। ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਸ੍ਰੀ ਸ਼ਰਮਾ ਦੀ ਸੁਰੱਖਿਆ ਵਿੱਚ ਤਾਇਨਾਤ ਪੁਲੀਸ ਦੀ ਐਸਕਾਰਟ ਗੱਡੀ ਤੇ ਗੰਨਮੈਨ ਵੀ ਵਾਪਸ ਲੈ ਲਏ। ਸ੍ਰੀ ਸ਼ਰਮਾ ’ਤੇ ਤਿੰਨ ਤੋਂ ਚਾਰ ਗੰਨਮੈਨ ਲੈ ਕੇ ਘੁੰਮਣ ਦਾ ਦੋਸ਼ ਹੈ।
ਇਸ ਦੇ ਨਾਲ ਹੀ ਸਰਕਾਰੀ ਪ੍ਰਾਪਰਟੀ ’ਤੇ ਪੋਸਟਰ ਲਾਉਣ ਦੇ ਦੋਸ਼ ਹੇਠ ਤਿੰਨ ਵੱਡੀਆਂ ਪਾਰਟੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ। ਕਮਿਸ਼ਨ ਵੱਲੋਂ ਹੁਣ ਤੱਕ ਬਿਨਾਂ ਪ੍ਰਵਾਨਗੀ ਤੋਂ ਚੋਣ ਪ੍ਰਚਾਰ ਕਰ ਰਹੇ ਤਿੰਨ ਵਾਹਨ ਵੀ ਜ਼ਬਤ ਕੀਤੇ ਗਏ ਹਨ।
ਰਿਟਰਨਿੰਗ ਅਫਸਰ ਕਮ ਐਸ.ਡੀ.ਐਮ. (ਆਈ.ਏ.ਐਸ.) ਰੂਹੀ ਦੁਗ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ. ਸ਼ਰਮਾ ਪੁਲੀਸ ਦੀ ਐਸਕਾਰਟ ਗੱਡੀ ਲੈ ਕੇ ਚੋਣ ਪ੍ਰਚਾਰ ਕਰ ਰਹੇ ਸੀ ਜੋ ਕਿ ਚੋਣ ਜ਼ਾਬਤੇ ਦੀ ਉਲੰਘਣਾ ਹੈ। ਨਿਯਮ ਮੁਤਾਬਕ ਸ੍ਰੀ ਸ਼ਰਮਾ ਬਤੌਰ ਵਿਧਾਇਕ ਆਪਣੇ ਸਰਕਾਰੀ ਕੰਮਾਂ ਲਈ ਹੀ ਐਸਕਾਰਟ ਗੱਡੀ ਦੀ ਵਰਤੋਂ ਕਰ ਸਕਦੇ ਹਨ। ਇਸ ਨਾਲ ਵੋਟਰ ਪ੍ਰਭਾਵਿਤ ਹੁੰਦੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਦੋ ਵਾਹਨਾਂ ਦੀ ਪ੍ਰਵਾਨਗੀ ਲਈ ਹੈ। ਉਨ੍ਹਾਂ ਨੂੰ ਛੱਡ ਕੇ ਕਿਸੇ ਵੀ ਪਾਰਟੀ ਵੱਲੋਂ ਕਿਸੇ ਤਰਾਂ ਦੀ ਕੋਈ ਪ੍ਰਵਾਨਗੀ ਨਹੀਂ ਲਈ ਗਈ।
ਇਸੇ ਤਰ੍ਹਾਂ ਹੁਣ ਤੱਕ ਬਿਨਾਂ ਪ੍ਰਵਾਨਗੀ ਤੋਂ ਚੋਣ ਪ੍ਰਚਾਰ ਕਰ ਰਹੇ ਤਿੰਨ ਵਾਹਨ ਜ਼ਬਤੇ ਕੀਤੇ ਗਏ ਹਨ। ਇਨ੍ਹਾਂ ਵਿੱਚ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦਾ ਇਕ-ਇਕ ਆਟੋ ਅਤੇ ਕਾਂਗਰਸ ਦੀ ਇਕ ਗੱਡੀ ਸ਼ਾਮਲ ਹੈ।
ਬਿਨਾਂ ਪ੍ਰਵਾਨਗੀ ਸੁਨੇਹੇ ਭੇਜਣ ’ਤੇ ਸ਼ਰਮਾ ਨੂੰ ਨੋਟਿਸ
w ਚੋਣ ਕਮਿਸ਼ਨ ਨੇ ਸੋਸ਼ਲ ਮੀਡੀਆ ਤੇ ਬਲਕ (ਵਾਧੂ ਗਿਣਤੀ) ਵਿੱਚ ਬਿਨਾਂ ਪ੍ਰਵਾਨਗੀ ਤੋਂ ਸੁਨੇਹੇ ਭੇਜਣ ਲਈ ਅਕਾਲੀ ਦਲ ਦੇ ਉਮੀਦਵਾਰ ਐਨ.ਕੇ. ਸ਼ਰਮਾ ਨੂੰ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਵੱਲੋਂ ਸੋਸ਼ਲ ਮੀਡੀਆ ’ਤੇ ਸੁਨੇਹੇ ਭੇਜਣ ਖ਼ਿਲਾਫ਼ ਹਲਕੇ ਵਿੱਚ ਇਹ ਪਹਿਲੀ ਕਾਰਵਾਈ ਹੈ। ਬਾਕੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੀ ਇਸ ਸਬੰਧੀ ਪ੍ਰਵਾਨਗੀ ਲੈਣ ਲਈ ਕਿਹਾ ਗਿਆ ਹੈ।
(we are thankful to punjabi tribune for published this item)