
ਚੰਡੀਗੜ੍ਹ : ਵਿਧਾਨ ਸਭਾ ਚੋਣਾ ਵਿਚ ਹੇਰਾਫੇਰੀ ਅਤੇ ਖਰੀਦੋਫਰੋਖਤ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੋਟਾਂ ਪੈਣ ਤੋਂ ਪਹਿਲਾਂ ਵੀ ਅਤੇ ਬਾਅਦ ਵਿਚ ਵੀ ਬਹੁਤ ਸਵਾਲ ਉਠ ਰਹੇ ਹਨ, ਜਿਨ੍ਹਾਂ ਦਾ ਚੋਣ ਕਮਿਸ਼ਨ ਜਾਂ ਸੁਰੱਖਿਆ ਏਜੰਸੀਆਂ ਕੋਲ ਕੋਈ ਜਵਾਬ ਨਹੀਂ ਹੈ ਜਾਂ ਫਿਰ ਜਾਣ ਬੁੱਝ ਕੇ ਇਨ੍ਹਾਂ ਸਵਾਲਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਨਾਲ ਇਹ ਪ੍ਰਣਾਲੀ ਸ਼ੱਕ ਦੇ ਘੇੇਰੇ ਵਿਚ ਆ ਰਹੀ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਵਿਅਕਤੀ ਸ਼ਰੇਆਮ ਅਕਾਲੀ ਦਲ ਨੂੰ ਵੋਟਾਂ ਪਵਾ ਰਿਹਾ ਹੈ ਅਤੇ ਵਾਰ ਵਾਰ ਤੱਕੜੀ ਵਾਲਾ ਬਟਨ ਦਬਾ ਰਿਹਾ ਹੈ। ਇਸ ਬਾਰੇ ਨਾ ਤਾਂ ਕਿਸੇ ਸੁਰੱਖਿਆ ਏਜੰਸੀ ਦਾ ਜਵਾਬ ਆਇਆ ਹੈ ਅਤੇ ਨਾ ਹੀ ਚੋਣ ਕਮਿਸ਼ਨ ਨੇ ਹੀ ਅਜੇ ਤੱਕ ਇਸਦਾ ਨੋਟਿਸ ਲਿਆ ਹੈ। ਜੇਕਰ ਇਹ ਵੀਡੀਓ ਸੱਚੀ ਹੈ ਤਾਂ ਵੋਟਾਂ ਪਾਉਣ ਦੇ ਕੰਮ ‘ਤੇ ਇੰਨਾ ਪੈਸਿਆ ਲਗਾਇਆ ਬਿੱਲਕੁੱਲ ਵੇਅਰਥ ਹੈ ਅਤੇ ਲੋਕਤੰਤਰ ਨਾਂ ਦੀ ਕੀ ਚੀਜ ਹੈ? ਇਸ ਤੋਂ ਪਹਿਲਾਂ ਵੀ ਮੀਡੀਆ ਵਿਚ ਇਹ ਤੱਥ ਹਾਈਲਾਈਟ ਹੋਏ ਸਨ ਕਿ ਉਮੀਦਵਾਰਾਂ ਵਲੋਂ ਵੋਟਾਂ ਖਰੀਦਣ ਲਈ ਸਮਾਰਟ ਫੋਨ ਦੀ ਵਰਤੋਂ ਕੀਤੀ ਜਾਵੇਗੀ ਤਾਂ ਜੋ ਇਹ ਨਾ ਹੋਵੇ ਕਿ ਵੋਟਰ ਪੈਸੇ ਲੈ ਕੇ ਵੋਟ ਕਿਸੇ ਹੋਰ ਨੂੰ ਪਾ ਆਵੇ। ਉਮੀਦਵਾਰਾਂ ਵਲੋਂ ਵੋਟਰਾਂ ਨੂੰ ਕਿਹਾ ਜਾਂਦਾ ਸੀ ਕਿ ਜਿਹੜਾ ਵੋਟਰ ਆਪਣੀ ਵੋਟ ਪਾਉਂਦੇ ਦੀ ਵੀਡੀਓ ਬਣਾ ਕੇ ਜਾਂ ਫੋਟੋ ਖਿੱਚ ਕੇ ਲੈ ਆਵੇਗਾ, ਉਸ ਨੂੰ ਪੈਸੇ ਦਿੱਤੇ ਜਾਣਗੇ। ਇਹ ਸਭ ਕੁੱਝ ਮੀਡੀਆ ਵਿਚ ਪਹਿਲਾਂ ਹੀ ਆ ਚੁੱਕਾ ਸੀ ਅਤੇ ‘ਮਾਲਵਾ ਨਿਊਜ਼’ ਨੇ ਇਸ ਤੱਥ ਨੂੰ ਵਿਸ਼ੇਸ਼ ਤੌਰ ‘ਤੇ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਇਸ ਬਾਰੇ ਚੋਣ ਕਮਿਸ਼ਨ ਜਾਂ ਸੁਰੱਖਿਆ ਏਜੰਸੀ ਨੇ ਕੋਈ ਨੋਟਿਸ ਨਹੀਂ ਲਿਆ ਗਿਆ। ਸਾਰੇ ਪੋਲਿੰਗ ਬੂਥਾਂ ਵਿਚ ਸਮਾਰਟ ਫੋਨ ਵਰਤੇ ਜਾ ਰਹੇ ਸਨ ਅਤੇ ਵੋਟਰਾਂ ਦੀ ਆਜਾਦੀ ‘ਤੇ ਧੜਾਧੜਾ ਹਮਲੇ ਕੀਤੇ ਜਾ ਰਹੇ ਸਨ। ਇਸ ਵਾਰ ਵੋਟਾਂ ਦੌਰਾਨ ਵੋਟਿੰਗ ਮਸ਼ੀਨਾਂ ਵਿਚ ਆਈ ਖਰਾਬੀ ਨੇ ਵੀ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਸ਼ੱਕ ਪੈਦਾ ਕਰ ਦਿੱਤਾ ਹੈ, ਪਰ ਹੁਣ ਇਨ੍ਹਾਂ ਮਾਮਲਿਆਂ ਬਾਰੇ ਚੋਣ ਕਮਿਸ਼ਨ ਵਲੋਂ ਧਾਰੀ ਗਈ ਚੁੱਪ ਹੋਰ ਵੀ ਸ਼ੱਕੀ ਸਾਬਤ ਹੋ ਰਹੀ ਹੈ।