ਫਰੀਦਕੋਟ – ਸ਼੍ਰੋਮਣੀ ਅਕਾਲੀ ਦਲ ਵਿਧਾਇਕ ਨੇ ਸਰਕਾਰ ਦੇ ਬਚੇ ਆਖਰੀ ਹਫ਼ਤੇ ਤੋਂ ਕੁਝ ਦਿਨ ਪਹਿਲਾਂ ਹੀ ਫਰੀਦਕੋਟ ਵਿਧਾਨ ਸਭਾ ਹਲਕੇ ਵਿੱਚ ਕਰੀਬ 20 ਕਰੋੜ ਰੁਪਏ ਦੀਆਂ ਗਰਾਂਟਾਂ ਤਕਸੀਮ ਕਰਕੇ ਲੋਕਾਂ ਦੇ ਗਿਲੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਿਛਲੇ ਕਰੀਬ 5 ਸਾਲਾਂ ਤੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੈਸੇ ਦੀ ਘਾਟ ਕਾਰਨ ਬੁਨਿਆਦੀ ਕੰਮ ਲਟਕ ਰਹੇ ਸਨ ਅਤੇ ਪ੍ਰਸ਼ਾਸ਼ਨ ਪੈਸੇ ਨਾ ਹੋਣ ਦਾ ਤਰਕ ਦੇ ਕੇ ਆਪਣਾ ਬਚਾਅ ਕਰ ਰਿਹਾ ਸੀ ਪਰੰਤੂ ਚੋਣਾਂ ਸਿਰ ‘ਤੇ ਹੋਣ ਕਾਰਨ ਅਕਾਲੀ ਦਲ ਨੇ ਆਪਣੇ ਉਮੀਦਵਾਰ ਨੂੰ ਸਫ਼ਲ ਬਣਾਉਣ ਲਈ ਫਰੀਦਕੋਟ ਵਿਧਾਨ ਸਭਾ ਹਲਕੇ ਵਿੱਚ 19 ਕਰੋੜ 80 ਦੀ ਗਰਾਂਟ ਦਸੰਬਰ ਮਹੀਨੇ ਵਿੱਚ ਭੇਜੀ ਹੈ। ਪੰਜਾਬ ਸਰਕਾਰ ਵੱਲੋਂ ਭੇਜੀ ਇਹ ਰਾਸ਼ੀ ਪ੍ਰਸ਼ਾਸ਼ਨਕ ਅਧਿਕਾਰੀਆਂ ਨੇ ਚੈੱਕਾਂ ਰਾਹੀਂ ਠੇਕੇਦਾਰਾਂ, ਨਗਰ ਕੌਂਸਲ ਅਤੇ ਪੰਚਾਇਤਾਂ ਦੇ ਖਾਤਿਆਂ ਵਿੱਚ ਤਬਦੀਲ ਕਰ ਦਿੱਤੀ ਹੈ। ਅਕਾਲੀ ਦਲ ਨੇ ਚੋਣ ਜਾਬਤੇ ਤੋਂ ਪਹਿਲਾਂ ਜਾਰੀ ਹੋਈਆਂ ਗਰਾਂਟਾਂ ਨੂੰ ਖਾਤਿਆਂ ਵਿੱਚ ਭੇਜ ਦਿੱਤਾ ਹੈ ਤਾਂ ਜੋ ਇਸ ਨੂੰ ਵਰਤਣ ਵਿੱਚ ਕੋਈ ਦਿੱਕਤ ਨਾ ਆਵੇ। ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਉਸ ਨੂੰ ਅਕਾਲੀ ਦਲ ਨੇ 16 ਨਵੰਬਰ ਨੂੰ ਹੀ ਹਲਕੇ ਦੀ ਵਾਗਡੋਰ ਸੌਂਪੀ ਸੀ ਅਤੇ ਇਸ ਤੋਂ ਤੁਰੰਤ ਬਾਅਦ ਉਸ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੋਂ ਹਲਕੇ ਦੇ ਵਿਧਾਇਕ ਲਈ ਫੰਡਾਂ ਦੀ ਤਜਵੀਜ ਬਣਾਉਣ ਲਈ ਕਿਹਾ ਸੀ ਅਤੇ ਕੁਝ ਦਿਨਾਂ ਵਿੱਚ ਹੀ ਫਰੀਦਕੋਟ ਵਿਧਾਨ ਸਭਾ ਹਲਕੇ ਵਿੱਚ ਕਰੀਬ 20 ਕਰੋੜ ਰੁਪਏ ਤਕਸੀਮ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਇਹਨਾਂ ਪੈਸਿਆਂ ਨਾਲ ਬਕਾਇਦਾ ਤੌਰ ‘ਤੇ ਵਿਕਾਸ ਕਾਰਜ ਸ਼ੁਰੂ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਇਸ ਰਾਸ਼ੀ ਤੋਂ ਇਲਾਵਾ ਹਲਕੇ ਵਿੱਚ ਆਟਾ ਦਾਲ ਸਕੀਮ, ਬੁਢਾਪਾ ਪੈਨਸ਼ਨ, ਸ਼ਗਨ ਸਕੀਮ, ਮੁਫ਼ਤ ਬਿਜਲੀ, ਮੁਫ਼ਤ ਗੈਸ ਕੁਨੈਕਸ਼ਨ ਆਦਿ ਦਾ ਲਾਭ ਵੀ ਲੋਕਾਂ ਨੂੰ ਬਿਨਾਂ ਦੇਰੀ ਦਿੱਤਾ ਜਾ ਰਿਹਾ ਹੈ। ਉਹਨਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ, ਉਹਨਾਂ ਨੂੰ ਇਮਾਨਦਾਰੀ ਨਾਲ ਨਿਭਾਇਆ ਜਾ ਰਿਹਾ ਹੈ। ਨਗਰ ਕੌਂਸਲ ਦੇ ਪ੍ਰਧਾਨ ਸਤੀਸ਼ ਗਰੋਵਰ ਅਤੇ ਬਲਾਕ ਸੰਮਤੀ ਮੈਂਬਰ ਜਗਸੀਰਤ ਸਿੰਘ ਭੁੱਲਰ ਨੇ ਕਿਹਾ ਕਿ ਪਿਛਲੇ ਪੰਜਾਂ ਸਾਲਾਂ ਤੋਂ ਲਟਕ ਰਹੇ ਵਿਕਾਸ ਪੰਜਾਬ ਸਰਕਾਰ ਵੱਲੋਂ ਭੇਜੀਆਂ ਗਰਾਂਟਾਂ ਨਾਲ ਬਕਾਇਦਾ ਤੌਰ ‘ਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਸ਼ੁਰੂ ਹੋ ਗਏ ਹਨ।
ਚੋਣ ਪ੍ਰਚਾਰ ਦੌਰਾਨ ਪੰਚਾਇਤਾਂ ਨੂੰ ਚੈੱਕ ਤਕਸੀਮ ਕਰਦੇ ਹੋਏ ਅਕਾਲੀ ਉਮੀਦਵਾਰ ਬੰਟੀ ਰੋਮਾਣਾ