
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਬਾਅਦ ਵੀ ਅਹਿਮ ਆਗੂਆਂ ਦੀਆਂ ਸਰਗਰਮੀਆਂ ਮੱਠੀਆਂ ਨਹੀਂ ਪਈਆਂ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਸਿਹਤ ਦਾ ਨਿਰੀਖਣ ਕਰਾਉਣ ਆਉਂਦੇ ਦਿਨੀਂ ਅਮਰੀਕਾ ਜਾਣਗੇ ਜਦੋਂ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ’ਚ ਡੇਰੇ ਲਾ ਕੇ ਕਾਂਗਰਸੀ ਆਗੂਆਂ ਨਾਲ ਮੁਲਾਕਾਤਾਂ ਦਾ ਦੌਰ ਸ਼ੁਰੂ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੁੱਝ ਦਿਨ ਆਰਾਮ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਦੇ ਕੰਮ ਵਿੱਚ ਰੁੱਝ ਜਾਣਗੇ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਸਦ ਦੇ ਸੈਸ਼ਨ ’ਚ ਹਾਜ਼ਰੀ ਭਰਨ ਦਾ ਫੈਸਲਾ ਕੀਤਾ ਹੈ। ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦਾ ਗਲਾ ਖ਼ਰਾਬ ਹੋ ਗਿਆ ਹੈ ਤੇ ਉਹ ਇਲਾਜ ਕਰਾਉਣਗੇ।
ਮੁੱਖ ਮੰਤਰੀ ਵੋਟਾਂ ਪੈਣ ਤੋਂ ਅਗਲੇ ਹੀ ਦਿਨ ਐਤਵਾਰ ਨੂੰ ਚੰਡੀਗੜ੍ਹ ਪਹੁੰਚ ਗਏ। ਇਥੇ ਉਨ੍ਹਾਂ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸਰਕਾਰੀ ਕੰਮਾਂ ਦੀ ਸਮੀਖਿਆ ਕੀਤੀ ਅਤੇ ਅਗਲੇ ਪ੍ਰੋਗਰਾਮ ਉਲੀਕੇ। ਸੂਤਰਾਂ ਮੁਤਾਬਕ ਸ੍ਰੀ ਬਾਦਲ ਨਾਲ ਤਾਇਨਾਤ ਡਾਕਟਰਾਂ ਤੇ ਪੀਜੀਆਈ ਦੇ ਮਾਹਿਰਾਂ ਨੇ ਮੁੱਖ ਮੰਤਰੀ ਨੂੰ ਅਮਰੀਕਾ ਤੋਂ ਸਿਹਤ ਦਾ ਨਿਰੀਖਣ ਕਰਾਉਣ ਦਾ ਸੁਝਾਅ ਦਿੱਤਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦਾ ਨਤੀਜਾ 11 ਮਾਰਚ ਨੂੰ ਆਉਣਾ ਹੈ, ਜਿਸ ਕਾਰਨ ਰਾਜਸੀ ਪਾਰਟੀਆਂ ਦੀ ਉਡੀਕ ਲੰਬੀ ਹੋ ਗਈ ਹੈ। ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਮੁਤਾਬਕ ਸ੍ਰੀ ਬਾਦਲ ਇੱਕ-ਦੋ ਦਿਨਾਂ ਵਿੱਚ ਅਮਰੀਕਾ ਰਵਾਨਾ ਹੋਣਗੇ ਅਤੇ ਉਥੇ ਇੱਕ ਹਫ਼ਤਾ ਬਿਤਾਉਣਗੇ। ਵਿਧਾਨ ਸਭਾ ਚੋਣਾਂ ਦੇ ਅਮਲ ਸਦਕਾ 11 ਮਾਰਚ ਤਕ ਚੋਣ ਜ਼ਾਬਤਾ ਲੱਗਾ ਹੋਣ ਕਾਰਨ ਸਰਕਾਰ ਵੱਲੋਂ ਕੋਈ ਵੱਡਾ ਫੈ਼ਸਲਾ ਨਹੀਂ ਲਿਆ ਜਾ ਸਕਦਾ। ਇਸ ਲਈ ਮੁੱਖ ਮੰਤਰੀ ਕੋਈ ਵੱਡੀਆਂ ਮੀਟਿੰਗਾਂ ਵੀ ਨਹੀਂ ਕਰਨਗੇ ਸਿਰਫ਼ ਆਪਣੇ ਨਾਲ ਤਾਇਨਾਤ ਅਧਿਕਾਰੀਆਂ ਤੋਂ ਹੀ ਰਿਪੋਰਟਾਂ ਲੈ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀਆਂ ਮੁਤਾਬਕ ਪੰਜਾਬ ਕਾਂਗਰਸ ਪ੍ਰਧਾਨ ਨੇ ਅੱਜ ਤਕਨੀਕੀ ਮਾਹਿਰਾਂ ਦੀ ਟੀਮ ਨੂੰ ਦੁਪਹਿਰ ਦੇ ਖਾਣੇ ਦੀ ਦਾਅਵਤ ਦਿੱਤੀ। ਆਉਣ ਵਾਲੇ ਦਿਨਾਂ ਦੌਰਾਨ ਵੀ ਕਾਂਗਰਸ ਪ੍ਰਧਾਨ ਚੰਡੀਗੜ੍ਹ ਵਿੱਚ ਰਹਿ ਕੇ ਵਿਧਾਨ ਸਭਾ ਦੇ ਉਮੀਦਵਾਰਾਂ ਨਾਲ ਮੀਟਿੰਗਾਂ ਕਰਕੇ ਭਵਿੱਖੀ ਰਣਨੀਤੀ ਉਲੀਕਣਗੇ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਰੀਬੀਆਂ ਨੇ ਦੱਸਿਆ ਕਿ ਛੋਟਾ ਬਾਦਲ ਕੁੱਝ ਦਿਨ ਨਵੀਂ ਦਿੱਲੀ ’ਚ ਆਪਣੇ ਬੱਚਿਆਂ ਨਾਲ ਗੁਜ਼ਾਰੇਗਾ ਅਤੇ ਉਸ ਬਾਅਦ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੀ ਰਣਨੀਤੀ ਉਲੀਕੇਗਾ। ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ 26 ਫਰਵਰੀ ਨੂੰ ਹੋਣ ਜਾ ਰਹੀਆਂ ਹਨ । ਇਨ੍ਹਾਂ ਚੋਣਾਂ ’ਤੇ ਪੰਜਾਬ ਦੇ ਰਾਜਸੀ ਹਾਲਾਤ ਦਾ ਪ੍ਰਭਾਵ ਪੈਣਾ ਲਾਜ਼ਮੀ ਹੈ। ਇਸ ਲਈ ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ ਲਈ ਵੱਕਾਰ ਦਾ ਸਵਾਲ ਬਣ ਗਈਆਂ ਹਨ। ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਉਹ 5 ਫਰਵਰੀ ਤੋਂ ਸੰਸਦ ਦੇ ਬਜਟ ਸੈਸ਼ਨ ’ਚ ਹਿੱਸਾ ਲੈਣ ਜਾ ਰਹੇ ਹਨ। ਦੱਸਣਯੋਗ ਹੈ ਕਿ ਸ੍ਰੀ ਮਾਨ ਸਰਦ ਰੁੱਤ ਸੈਸ਼ਨ ’ਚ ਸ਼ਮੂਲੀਅਤ ਨਹੀਂ ਕਰ ਸਕੇ ਸਨ ਕਿਉਂਕਿ ਮੌਨਸੂਨ ਸੈਸ਼ਨ ਦੌਰਾਨ ਉਨ੍ਹਾਂ ਵੱਲੋਂ ਸੰਸਦ ਦੀ ਵੀਡੀਓ ਬਣਾ ਕੇ ਜਨਤਕ ਕੀਤੇ ਜਾਣ ਕਾਰਨ ਲੋਕ ਸਭਾ ਸਪੀਕਰ ਨੇ ਉਨ੍ਹਾਂ ਨੂੰ ਸੈਸ਼ਨ ’ਚੋਂ ਬਾਹਰ ਕਰ ਦਿੱਤਾ ਸੀ। ਇਸ ਤਰ੍ਹਾਂ ਨਾਲ ‘ਆਪ’ ਦਾ ਇਹ ਸੰਸਦ ਮੈਂਬਰ ਦੋ ਸੈਸ਼ਨਾਂ ਬਾਅਦ ਸੰਸਦ ਦੇ ਸੈਸ਼ਨ ਵਿੱਚ ਸ਼ਮੂਲੀਅਤ ਕਰਨ ਜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉਸ ਦਾ ਗਲਾ ਖ਼ਰਾਬ ਹੋ ਗਿਆ ਹੈ ਅਤੇ ਹੁਣ ਉਹ ਆਪਣੇ ਗਲੇ ਦਾ ਇਲਾਜ ਕਰਾਉਣ ਬਾਅਦ ਹੀ ਅਗਲਾ ਕੰਮ ਆਰੰਭਣਗੇ।
ਸੁਖਬੀਰ ਨੇ ਦੇਖੀ ‘ਰਈਸ’
ਬਠਿੰਡਾ (ਚਰਨਜੀਤ ਭੁੱਲਰ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਬਠਿੰਡਾ ਦੇ ਮਿੱਤਲ ਮਾਲ ਵਿੱਚ ‘ਰਈਸ’ ਫਿਲਮ ਦੇਖ ਕੇ ਚੋਣ ਦੰਗਲ ਦੀ ਥਕਾਵਟ ਲਾਹੀ। ‘ਰਈਸ’ ਦਾ ਚਾਰ ਵਜੇ ਵਾਲਾ ਸ਼ੋਅ ਵੇਖਣ ਲਈ ਪੁੱਜੇ। ਉਨ੍ਹਾਂ ਨਾਲ ਸਿਕੰਦਰ ਸਿੰਘ ਮਲੂਕਾ, ਜਗਦੀਪ ਸਿੰਘ ਨਕਈ ਅਤੇ ਮਿੱਤਲ ਮਾਲ ਦੇ ਮਾਲਕ ਰਜਿੰਦਰ ਗੁਪਤਾ ਸਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਦਿੱਲੀ ਚਲੇ ਗਏ ਹਨ। ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਆਮ ਦਿਨਾਂ ਨਾਲੋਂ ਅੱਜ ਬਠਿੰਡਾ ’ਚ ਤਿੰਨ ਘੰਟੇ ਲੇਟ ਪੁੱਜੇ। ਉਨ੍ਹਾਂ ਅੱਜ ਸਟਰਾਂਗ ਰੂਮ ਵੀ ਵੇਖਿਆ ਅਤੇ ਮੌੜ ਬੰਬ ਧਮਾਕੇ ’ਚ ਜਾਨ ਗੁਆ ਬੈਠੇ ਵਿਅਕਤੀ ਨਮਿੱਤ ਬਠਿੰਡਾ ਵਿੱਚ ਭੋਗ ’ਤੇ ਗਏ। ਉਨ੍ਹਾਂ ਕਈ ਵਿਆਹਾਂ ਵਿੱਚ ਹਾਜ਼ਰੀ ਵੀ ਭਰੀ। ‘ਆਪ’ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਭਲਕੇ ਸੰਸਦ ਦੇ ਸੈਸ਼ਨ ’ਚ ਹਿੱਸਾ ਲੈਣਗੇ। ਅੱਜ ਉਹ ਦਿੱਲੀ ਚਲੇ ਗਏ ਸਨ। ਮਨਪ੍ਰੀਤ ਬਾਦਲ ਦੀ ਪਤਨੀ ਵੀਨੂੰ ਬਾਦਲ ਅੱਜ ਬਠਿੰਡਾ ਪੁੱਜ ਗਈ ਹੈ
(we are thankful to punjabi tribune for publish this news item)