ਚਿੱਟਫੰਡ ਕੰਪਨੀ ਨੇ ਰਗੜ ਦਿੱਤਾ ਇਕ ਹੋਰ ਸਾਬਕਾ ਕਾਂਗਰਸੀ ਵਿਧਾਇਕ
ਚੰਡੀਗੜ੍ਹ: ਪ੍ਰਸਿੱਧ ਚਿੱਟਫੰਡ ਕੰਪਨੀ ਦੇ ਘਪਲੇ ਦਾ ਸੇਕ ਹੁਣ ਤੱਕ ਕਈ ਆਗੂਆਂ ਨੂੰ ਲੱਗ ਚੁੱਕਾ ਹੈ। ਇਸ ਕੰਪਨੀ ਰਾਹੀਂ ਲੋਕਾਂ ਦੇ ਕਰੋੜਾਂ ਰੁਪਿਆ ਹੜੱਪ ਕਰਨ ਦੇ ਮਾਮਲੇ ਵਿਚ ਨਿਰਮਲ ਸਿੰਘ ਭੰਗੂ ਇਸ ਵੇਲੇ ਜੇਲ੍ਹ ਵਿਚ ਹਨ। ਭੰਗੂ ਦੀ ਜ਼ਮਾਨਤ ਕਰਵਾਉਣ ਦੇ ਮਾਮਲੇ ਵਿਚ ਹੁਣ ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਖਿਲਾਫ ਵੀ ਪਰਚਾ ਦਰਜ ਕਰ ਲਿਆ ਗਿਆ ਹੈ।
ਪਤਾ ਲੱਗਾ ਹੈ ਕਿ ਜੇਲ ਵਿਚ ਬੰਦ ਨਿਰਮਲ ਸਿੰਘ ਭੰਗੂ ਦੇ ਭਤੀਜੇ ਸ਼ਿੰਦਰ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਦੇ ਕੇ ਦੋਸ਼ ਲਾਇਆ ਹੈ ਕਿ ਉਸਦਾ ਚਾਚਾ ਨਿਰਮਲ ਸਿੰਘ ਭੰਗੂ ਜੇਲ ਵਿਚ ਬੰਦ ਹੈ। ਕਾਂਗਰਸ ਸਰਕਾਰ ਦੌਰਾਨ ਤੱਤਕਾਲੀ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਉਸ ਨੂੰ ਕਿਹਾ ਸੀ ਕਿ ਉਹ ਨਿਰਮਲ ਸਿੰਘ ਭੰਗੂ ਦੀ ਜ਼ਮਾਨਤ ਕਰਵਾ ਸਕਦਾ ਹੈ। ਇਸ ਬਦਲੇ ਉਸ ਨੇ 5 ਕਰੋੜ ਰੁਪਏ ਦੀ ਮੰਗ ਕੀਤੀ ਸੀ। ਸ਼ਿਕਾਇਤ ਵਿਚ ਕਿਹਾ ਗਿਆ ਕਿ ਉਨ੍ਹਾਂ ਨੇ ਉਸ ਵੇਲੇ ਦੇ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੂੰ ਸਾਢੇ ਤਿੰਨ ਕਰੋੜ ਰੁਪਏ ਦੇ ਦਿੱਤੇ ਸਨ। ਜਦੋਂ ਉਨ੍ਹਾਂ ਨੇ ਇਹ ਰਕਮ ਤੱਤਕਾਲੀ ਵਿਧਾਇਕ ਨੂੰ ਦੇ ਦਿੱਤੀ ਤਾਂ ਬਾਅਦ ਵਿਚ ਉਸ ਨੇ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ। ਸ਼ਿੰਦਰ ਸਿੰਘ ਨੇ ਦੋਸ਼ ਲਾਇਆ ਕਿ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਨਾ ਤਾਂ ਉਸਦੇ ਚਾਚਾ ਨਿਰਮਲ ਸਿੰਘ ਭੰਗੂ ਦੀ ਜ਼ਮਾਨਤ ਕਰਵਾਈ ਅਤੇ ਨਾ ਹੀ ਪੈਸੇ ਵਾਪਿਸ ਕੀਤੇ। ਇਸ ਸ਼ਿਕਾਇਤ ਦੇ ਆਧਾਰ ‘ਤੇ ਪੁਲੀਸ ਨੇ 6 ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਲਿਆ ਹੈ। ਇਨ੍ਹਾਂ ਵਿਚੋਂ ਪੁਲੀਸ ਨੇ 3 ਵਿਅਕਤੀਆਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਹੈ, ਪਰ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਸਮੇਤ 3 ਵਿਅਕਤੀ ਅਜੇ ਤੱਕ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਹਨ।