ਮੰਡੀ ਕਿੱਲਿਆਂਵਾਲੀ (ਇਕਬਾਲ ਸਿੰਘ ਸ਼ਾਂਤ) ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਕਾਂਗਰਸ ਦੇ ਚੋਣ ਮਨੋਰਥ ਪੱਤਰ ਨੂੰ ਝੂਠ ਦਾ ਪੁਲੰਦਾ ਦੱਸਿਆ। ਕਾਂਗਰਸ ਮਨੋਰਥ ਪੱਤਰ ‘ਚ ਸੂਬੇ ਨੂੰ ਚਾਰ ਹਫ਼ਤੇ ਵਿਚ ਨਸ਼ਾ ਮੁਕਤ ਕਰਨ ਦੇ ਦਾਅਵੇ ‘ਤੇ ਮੁੱਖ ਮੰਤਰੀ ਨੇ ਕਿਹਾ ਚਾਰ ਹਫ਼ਤੇ ਵਿਚ ਤਾਂ ਮਲੇਰੀਏ ਦਾ ਬੁਖ਼ਾਰ ਨਹੀਂ ਉਤਰਦਾ। ਉਹ ਲੰਬੀ ਹਲਕੇ ‘ਚ ਆਪਣੀ ਚੋਣ ਮੁਹਿੰਮ ਦੇ ਆਗਾਜ਼ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ: ਬਾਦਲ ਨੇ ਕਿਹਾ ਕਿ ਲੋਕਾਂ ਨੂੰ ਵਰਗਲਾਉਣ ਲਈ ਆਜ਼ਾਦੀ ਮਗਰੋਂ ਕਾਂਗਰਸ ਚੋਣ ਮਨੋਰਥ ਪੱਤਰ ਜਾਰੀ ਕਰਦੀ ਰਹੀ ਹੈ, ਪਰ ਉਸਨੇ ਕਦੇ ਵਾਅਦੇ ਪੂਰੇ ਨਹੀਂ ਕੀਤੇ। ਵਾਅਦੇ ਪੂਰੇ ਨਾ ਹੋਣ ‘ਤੇ ਉਨ੍ਹਾਂ ਨੂੰ ਕਿਹੜਾ ਸਜ਼ਾ ਹੋਣ ਲੱਗੀ ਹੈ। ਬਾਦਲ ਨੇ ਕਿਹਾ ਕਿ ਚੋਣ ਵਾਅਦਿਆਂ ‘ਤੇ ਖ਼ਰੇ ਨਾ ਉਤਰਨ ਵਾਲੀਆਂ ਪਾਰਟੀਆਂ ਦੇ ਅਗਲੀ ਵਾਰ ਚੋਣ ਲੜਨ ‘ਤੇ ਰੋਕ ਲੱਗਣੀ ਚਾਹੀਦੀ ਹੈ। ਜਦੋਂ ਉਨ੍ਹਾਂ ਨੂੰ ਪਿਛਲੇ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਵੱਲੋਂ ਵਿਦਿਆਰਥੀਆਂ ਨੂੰ ਲੈਪਟਾਪ ਦੇਣ ਦਾ ਵਾਅਦਾ ਪੂਰਾ ਨਾ ਹੋਣ ਬਾਰੇ ਪੁੱਛਿਆ ਤਾਂ ਸ: ਬਾਦਲ ਨੇ ਕਿਹਾ ਅਸੀਂ ਚੋਣ ਵਾਅਦਿਆਂ ਤੋਂ ਵੱਧ ਵੀ ਕੰਮ ਕੀਤਾ ਹੈ ਸ਼ਾਇਦ ਕੋਈ ਇੱਕ-ਅੱਧ ਗੱਲ ਰਹਿ ਗਈ ਹੋਣੀ ਐ। ਕਾਂਗਰਸ ਦੇ ਮਨੋਰਥ ਪੱਤਰ ‘ਚ ਕਿਸਾਨਾਂ ਦਾ ਸਾਰਾ ਕਰਜ਼ ਮਾਫ਼ ਕਰਨ ਦੇ ਵਾਅਦੇ ਬਾਰੇ ਬਾਦਲ ਹੁਰਾਂ ਨੇ ਕਿਹਾ ਕਿ ਕਾਂਗਰਸ ਤਾਂ ਕਹੂੰਗੀ ਕਿ ਜਨਤਾ ਨੂੰ ਤਾਜ ਮਹਿਲ ਬਣਾ ਕੇ ਦਿਆਂਗੇ। ਕਰਜ਼ ਦਾ ਮਾਮਲਾ ਰਿਜ਼ਰਵ ਬੈਂਕ ਨਾਲ ਜੁੜਿਆ ਮਾਮਲਾ ਹੈ ਇਹ ਸਿਰਫ਼ ਵੋਟਾਂ ਹਾਸਲ ਕਰਨ ਦਾ ਹਵਾਈ ਕਿਲ੍ਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਕਿਸਾਨਾਂ ਦੇ ਕਰਜ਼ ਦਾ ਵਿਆਜ ਮਾਫ਼ ਕੀਤਾ ਹੈ। ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਦਿੱਤੇ ਇੱਟਾਂ-ਵੱਟੇ ਮਾਰਨ ਸਬੰਧੀ ਬਿਆਨਾਂ ਕਿਹਾ ਕਿ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਇਹ ਤਹਿਜ਼ੀਬ ਵਾਲੀ ਸ਼ਬਦਾਵਲੀ ਨਹੀਂ ਹੈ ਅਜਿਹੀ ਪਾਰਟੀ ਦੀ ਮਾਨਤਾ ਰੱਦ ਹੋਣੀ ਚਾਹੀਦੀ ਹੈ।
(we are thankful to ajit)