best platform for news and views

ਮਾਝੇ ‘ਚ ਆਪ ਨੂੰ ਝਟਕਾ : ਪੰਜ ਦਰਜਨ ਤੋ ਵੱਧ ਸਿਰਕੱਢ ਆਗੂ ਕਾਂਗਰਸ ‘ਚ ਸ਼ਾਮਲ

Please Click here for Share This News

ਰਾਜਨ ਮਾਨ
ਅੰਮ੍ਰਿਤਸਰ : ਪਹਿਲਾਂ ਤੋਂ ਹੀ ਮਾਝੇ ਵਿਚ ਕਮਜ਼ੋਰ ਚੱਲੀ ਆ ਰਹੀ ਆਮ ਆਦਮੀ ਪਾਰਟੀ ਨੂੰ  ਅੱਜ ਉਸ ਵੇਲੇ ਭਾਰੀ ਝਟਕਾ ਲੱਗਾ ਜਦੋਂ ਦਰਜਨਾ ਆਗੂ ਆਪ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਸੋ ਗਏ ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਿਚ ਆਮ ਆਦਮੀ ਪਾਰਟੀ ਦਾ ਲੱਕ ਤੋੜ ਦਿੱਤਾ ਹੈ। ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿਚੋ ਪਿਛਲੇ ਲੰਮੇ ਸਮੇਂ ਤੋਂ ਜ਼ਮੀਨੀ ਪੱਧਰ ਤੇ ਆਮ ਆਦਮੀ ਪਾਰਟੀ ਲਈ ਕੰਮ ਕਰਨ ਵਾਲੇ ਪੰਜ ਦਰਜਨ ਤੋ ਵੱਧ ਸਿਰਕੱਢ ਆਗੂ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਕਾਂਗਰਸ ਵਿਚ ਸ਼ਾਮਲ ਹੋ ਗਏ। ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਕੁਮਾਰੀ ਆਸ਼ਾ ਕੁਮਾਰੀ, ਸਾਬਕਾ ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਅਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਉਨ੍ਹਾਂ ਦਾ ਪਾਰਟੀ ਵਿਚ ਆਉਂਣ ਤੇ ਨਿੱਘਾ ਸੁਆਗਤ ਕੀਤਾ। ਇਸ ਸਮੇ ਅੰਮ੍ਰਿਤਸਰ ਕੇਂਦਰੀ ਤੋ ਓਮ ਪ੍ਰਕਾਸ਼ ਸੋਨੀ, ਰਾਜਾਸਾਂਸੀ ਤੋ ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਅੰਮ੍ਰਿਤਸਰ ਪੱਛਮੀ ਤੋ ਡਾਕਟਰ ਰਾਜ ਕੁਮਾਰ, ਮਜੀਠਾ ਹਲਕੇ ਤੋ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਅਜਨਾਲਾ ਤੋ ਹਰਪ੍ਰਤਾਪ ਸਿੰਘ ਅਜਨਾਲਾ , ਅਟਾਰੀ ਤੋ ਤਰਸੇਮ ਸਿੰਘ ਡੀ.ਸੀ., ਉੱਤਰੀ ਹਲਕੇ ਤੋਂ ਸੁਨੀਲ ਦੱਤੀ, ਅੰਮ੍ਰਿਤਸਰ ਦੱਖਣੀ ਤੋ ਇੰਦਰਬੀਰ ਸਿੰਘ ਬੁਲਾਰੀਆ ਆਦਿ ਹਾਜਰ ਸਨ।  ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਆਉਂਣ ਵਾਲਿਆਂ ਵਿੱਚ ਪ੍ਰਮੁਖ ਆਗੂ ਸੁਬਾਈ ਜੁਆਇੰਟ ਸਕਤੱਰ ਨਵਦੀਪ ਸਿੰਘ ਵਿਛੋਆ, ਮਾਝਾ ਜ਼ੋਨ ਦੇ ਮੀਡੀਆ ਇੰਚਾਰਜ ਗੁਰਭੇਜ ਸਿੰਘ ਸੰਧੂ, ਵਿਧਾਨ ਸਭਾ ਹਲਕਾ ਉੱਤਰੀ ਦੇ ਇੰਚਾਰਜ ਅਜੀਤਪਾਲ ਸ਼ਰਮਾ, ਜਯੋਤੀ ਠਾਕੁਰ, ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਸੈਕਟਰ ਇੰਚਾਰਜ ਸਾਬਕਾ ਕੌਸਲਰ ਭਾਵਨਾ, ਹਰਿੰਦਰ ਸਿੰਘ ਨਿਜਾਮਪੁਰਾ ਸਰਪੰਚ ਨਿਜਾਮਪੁਰਾ ਆਦਿ ਸ਼ਾਮਲ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਜੁਆਇੰਟ ਸਕਤੱਰ ਪੰਜਾਬ ਨਵਦੀਪ ਸਿੰਘ ਵਿਛੋਆ ਨੇ ਕਿਹਾ ਕਿ ਜਿਸ ਸੋਚ ਦੇ ਅਧਾਰ ਤੇ ਉਹ ਆਪ ਵਿਚ ਆਏ ਸਨ ਪਾਰਟੀ ਨੇ ਉਸ ਵਿਚਾਰਧਾਰਾ ਨੂੰ ਤਿਆਗ ਦਿੱਤਾ ਹੈ। ਇਸ ਸਮੇਂ ਪਾਰਟੀ ਵਿਚ ਕੁਝ ਸਰਮਾਏਦਾਰ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਪਾਰਟੀ ਦਾਅਵਾ ਕਰਦੀ ਸੀ ਕਿ ਅੰਮ੍ਰਿਤਸਰ ਦੇ 9 ਦੇ 9 ਹਲਕਿਆਂ ਵਿਚ ਆਮ ਆਦਮੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ ਪਰ 9 ਦੇ 9 ਹਲਕਿਆਂ ਵਿਚ ਉਤਾਰੇ ਉਮੀਦਵਾਰ ਪੈਸੇ ਦੇ ਜ਼ੋਰ ਨਾਲ ਟਿਕਟ ਲੈ ਕੇ ਆਏ ਹਨ। ਵਿਛੋਆ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿਚ ਤੱਥਾਂ ਦੇ ਅਧਾਰ ‘ਤੇ ਉਹ ਸਾਬਤ ਕਰਨਗੇ ਕਿ ਪੈਸੇ ਦੇ ਜ਼ੋਰ ‘ਤੇ ਕਿਵੇਂ ਟਿਕਟਾਂ ਵੇਚੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਅਜਨਾਲਾ ਦੇ ਸਾਰੇ ਸਰਕਲ, ਬੂਥ ਅਤੇ ਬਲਾਕ ਪ੍ਰਧਾਨ ਜਲਦ ਹੀ ਕਾਂਗਰਸ ਵਿਚ ਸ਼ਾਮਲ ਹੋਣਗੇ। ਵਿਧਾਨ ਸਭਾ ਹਲਕਾ ਮਜੀਠਾ, ਰਾਜਾਸਾਂਸੀ ਅਤੇ ਅਟਾਰੀ ਤੋਂ ਵੀ ਸੀਨੀਅਰ ਆਗੂ ਅਤੇ ਵਲੰਟੀਅਰ ਮੇਰੇ ਸੰਪਰਕ ਵਿਚ ਹਨ ਤੇ ਜਲਦ ਹੀ ਇਨ੍ਹਾਂ ਸਭ ਨੂੰ ਕਾਂਗਰਸ ਵਿਚ ਲਿਆਂਦਾ ਜਾਵੇਗਾ। 9 ਦੀਆਂ 9 ਵਿਧਾਨ ਸਭਾ ਸੀਟਾਂ ਸਮੇਤ ਕਾਂਗਰਸ ਲੋਕ ਸਭਾ ਦੀ ਜਿਮਨੀ ਚੋਣ ਬੜੇ ਹੀ ਸ਼ਾਨ ਨਾਲ ਜਿੱਤ ਰਹੀ ਹੈ। ਆਮ ਆਦਮੀ ਪਾਰਟੀ ਦਾ ਪੂਰੀ ਤਰ੍ਹਾਂ ਨਾਲ ਸਫਾਇਆ ਹੋਣ ਵਾਲਾ ਹੈ ਤੇ ਇਕ ਵੀ ਉਮੀਦਵਾਰ ਲੋਕਾਂ ਅਤੇ ਵਲੰਟੀਅਰਾਂ ਦੀਆਂ ਭਾਵਨਾਵਾਂ ਨਾਲ ਨਹੀ ਉਤਾਰਿਆ। ਸਾਰੇ ਉਮੀਦਵਾਰ ਸੰਜੈ ਸਿੰਘ ਅਤੇ ਦੁਰਗੇਸ਼ ਪਾਠਕ ਦੀ ਮਨ ਮਰਜੀ ਨਾਲ ਥੋਪੇ ਗਏ ਹਨ ਜਿੰਨਾ ‘ਤੇ ਹਲਕਿਆਂ ਦੇ ਲੋਕਾਂ ਦਾ ਵਿਸ਼ਵਾਸ ਨਹੀ ਬੈਠ ਰਿਹਾ। ਕੇਜਰੀਵਾਲ ਵੀ ਸਵੈਰਾਜ ਦੇ ਕੀਤੇ ਵਾਅਦਿਆਂ ਤੋ ਭੱਜ ਕੇ ਝੂਠਾ ਸਾਬਤ ਹੋ ਰਿਹਾ ਹੈ। ਦਿੱਲੀ ਤੋ ਆਏ ਤਨਖਾਹਦਾਰ ਮੁਲਾਜਮਾਂ ਨੇ ਹਲਕਿਆਂ ਵਿਚ ਦੌਰੇ ਕਰਕੇ ਲੋਕਾਂ ਨੂੰ ਟਿਕਟਾਂ ਦਾ ਲਾਲਚ ਦਿਖਾ ਕੇ ਜਜ਼ਬਾਤਾਂ ਨਾਲ ਖੇਡੇ ਹਨ ਤੇ ਆਰਥਿਕ ਘਾਣ ਕੀਤਾ ਹੈ।  ਵਿਛੋਆ ਨੇ ਕਿਹਾ ਕਿ 4 ਫਰਵਰੀ ਤੋ ਬਾਅਦ ਆਮ ਆਦਮੀ ਦੇ ਲੀਡਰ ਦਿੱਲੀ ਭੱਜ ਜਾਣਗੇ ਅਤੇ ਇਥੇ ਕੋਈ ਨਹੀ ਲੱਭੇਗਾ।  ਪੰਜਾਬ ਵਿਚ ਸਿਰਫ ਕੈਪਟਨ ਅਮਰਿੰਦਰ ਸਿੰਘ ਹੀ ਨਜ਼ਰ ਆਉਣਗੇ। ਮਾਝਾ ਜੋਨ ਦੇ ਮੀਡੀਆ ਇੰਚਾਰਜ ਗੁਰਭੇਜ ਸਿੰਘ ਸੰਧੂ ਨੇ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਵਲੋ ਲਏ ਫੈਸਲੇ ਤੋ ਪ੍ਰਭਾਵਿਤ ਹੋ ਕੇ ਵੀ ਕਾਂਗਰਸ ਵਿਚ ਸ਼ਾਮਲ ਹੋਏ ਹਨ।

ਕਾਂਗਰਸ ‘ਚ ਸ਼ਾਮਲ ਹੋਏ ਆਗੂਆਂ ਦਾ ਸਵਾਗਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ, ਗੁਰਜੀਤ ਸਿੰਘ ਔਜਲਾ।

Please Click here for Share This News

Leave a Reply

Your email address will not be published. Required fields are marked *