
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਕਿਹਾ ਹੈ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਹੋਇਆ ਸਮਝੌਤਾ ਹੁਣ ਜੱਗ ਜਾਹਿਰ ਹੋ ਗਿਆ ਹੈ ਕਿਉਂਕਿ ਅਕਾਲੀ ਸਾਂਸਦ ਸ਼ੇਰ ਸਿੰਘ ਘੁਬਾਇਆ ਦੇ ਬੇਟੇ ਨੂੰ ਦਵਿੰਦਰ ਘੁਬਾਇਆ ਨੂੰ ਜਲਾਲਾਬਾਦ ਤੋਂ ਫਾਜਿਲਕਾ ਬਦਲ ਦਿੱਤਾ ਗਿਆ ਹੈ।
ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਕਾਂਗਰਸ ਵੱਲੋਂ ਇਹ ਸਭ ਕੁੱਝ ਸੁਖਬੀਰ ਬਾਦਲ ਦੇ ਕਹਿਣ ਉਤੇ ਕੀਤਾ ਗਿਆ ਹੈ, ਕਿਉਂਕਿ ਸੁਖਬੀਰ ਬਾਦਲ ਜਲਾਲਾਬਾਦ ਵਿੱਚ ਖੁਦ ਨੂੰ ਅਸੁਰੱਖਿਅਤ ਮਹਿਸੂਸ ਕੀਤਾ ਜਾ ਰਿਹਾ ਸੀ। ਉਨਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਘੁਬਾਇਆ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਪ੍ਰੇਸ਼ਾਨ ਕੀਤਾ ਗਿਆ, ਜਿਸ ਕਾਰਨ ਰਾਏ ਸਿੱਖ ਭਾਈਚਾਰੇ ਦੇ ਲੋਕ ਜਲਾਲਾਬਾਦ ਹਲਕੇ ਵਿੱਚ ਸੁਖਬੀਰ ਬਾਦਲ ਨੂੰ ਵੋਟ ਨਹੀਂ ਦੇਣਗੇ। ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਰਾਏ ਸਿੱਖ ਵੋਟਾਂ ਹਾਸਿਲ ਕਰਨ ਲਈ ਕਾਂਗਰਸ ਨਾਲ ਸਮਝੌਤਾ ਕੀਤਾ ਹੈ, ਪਰ ਉਸਨੂੰ (ਸੁਖਬੀਰ ਬਾਦਲ ਨੂੰ) ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ।
ਕਾਂਗਰਸ ਵੱਲੋਂ ਜਾਰੀ ਤੀਜੀ ਲਿਸਟ ਜਾਰੀ ਹੋਣ ਉਤੇ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਪਰਿਵਾਰ ਇੱਕ ਟਿਕਟ ਦਾ ਨਿਯਮ ਕਹਿ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਟਿਕਟਾਂ ਦੀ ਵੰਡ ਵਿੱਚ ਦੋਹਰਾ ਮਾਪਦੰਡ ਅਪਣਾਇਆ ਹੈ। ਕਾਂਗਰਸ ਉਮੀਦਵਾਰਾਂ ਦੀ ਜਾਰੀ ਲਿਸਟ ਦਾਗੀ ਸਾਬਕਾ ਮੰਤਰੀਆਂ, ਉਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਅਤੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਵਿਅਕਤੀਆਂ ਦੀ ਹੈ।
ਮਾਨ ਨੇ ਕਿਹਾ ਕਿ ਕਾਂਗਰਸ ਦੀ ਲਿਸਟ ਵਿੱਚੋਂ ਸਿੱਧੂ ਜੋੜੇ, ਪਰਗਟ ਸਿੰਘ ਅਤੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਲੋਕਾਂ ਦੇ ਨਾਂਅ ਗਾਇਬ ਹੋਣਾ ਇਹ ਸਾਫ ਸੰਕੇਤ ਦਿੰਦਾ ਹੈ ਕਿ ਕਾਂਗਰਸ ਪਾਰਟੀ ਵਿੱਚ ਵੱਡਾ ਭੂਚਾਲ ਆਇਆ ਹੋਇਆ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਮ ਆਦਮੀ ਪਾਰਟੀ ਉਤੇ ਕੰਮੈਂਟ ਕਰਨ ਦਾ ਨੈਤਿਕ ਆਧਾਰ ਖੋ ਚੁੱਕੇ ਹਨ।
ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਦੋ ਮਹੀਨੇ ਤੋਂ ਦਿੱਲੀ ਵਿੱਚ ਡੇਰੇ ਲਾਏ ਹੋਏ ਹਨ ਅਤੇ ਆਪਣੇ ਚਹੇਤਿਆਂ ਨੂੰ ਟਿਕਟਾਂ ਦੁਆਉਣ ਲਈ ਲੇਲੜੀਆਂ ਕੱਢਦੇ ਰਹੇ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਹਾਈਕਮਾਨ ਦੀਆਂ ਅੱਖਾਂ ਵਿੱਚੋਂ ਆਪਣੀ ਕੀਮਤ ਖੋ ਚੁੱਕੇ ਹਨ। ਉਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਹਾਰ ਸਵੀਕਾਰ ਕਰ ਲੈਣ ਅਤੇ ਕਾਂਗਰਸ ਦੇ ਸੱਤਾ ਵਿੱਚ ਆਉਣ ਦਾ ਝੂਠਾ ਸੁਪਨਾ ਨਾ ਵਿਖਾਉਣ। ਉਨਾਂ ਕਿਹਾ ਕਿ 2017 ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਹਾਰ ਦੀ ਹੈਟ੍ਰਿਕ ਹੋਣਗੀਆਂ। ਉਨਾਂ ਕਿਹਾ ਕਿ ਉਨਾਂ ਸੂਬਿਆਂ ਵਿੱਚ ਕਾਂਗਰਸ ਕਦੇ ਵਾਪਿਸ ਨਹੀਂ ਆਈ, ਜਿੱਥੇ ਉਸਨੇ ਦੋ ਵਾਰ ਲਗਾਤਾਰ ਹਾਰ ਦਾ ਮੂੰਹ ਵੇਖਿਆ ਹੈ, ਇਸ ਕਾਰਨ ਪੰਜਾਬ ਵਿੱਚ ਕਾਂਗਰਸ ਦੀ ਹਾਰ ਯਕੀਨਨ ਹੈ।