best platform for news and views

ਗੈਂਗਸਟਰ ਤੇ ਡਰੱਗ ਕਾਰੋਬਾਰ ਦਾ ਪਿਤਾਮਾ ਮਜੀਠੀਆ ਵਰਕਰਾਂ ਦੀਆਂ ਚਿਤਾਵਾਂ ਉਤੇ ਸਿਆਸੀ ਰੋਟੀਆਂ ਸੇਕਣ ਤੋਂ ਬਾਜ਼ ਆਵੇ: ਸੁਨੀਲ ਜਾਖੜ

Please Click here for Share This News

ਚੰਡੀਗੜ੍ਹ, 25 ਨਵੰਬਰ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਕਾਂਗਰਸ ਦੇ ਅੱਧੀ ਦਰਜਨ ਵਿਧਾਇਕਾਂ ਨੇ ਅੱਜ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਕਾਂਗਰਸੀ ਆਗੂ ਉਪਰ ਲਾਏ ਜਾ ਰਹੇ ਦੋਸ਼ਾਂ ਨੂੰ ਮੁੱਢੋ ਰੱਦ ਕਰਦਿਆਂ ਸਾਬਕਾ ਅਕਾਲੀ ਮੰਤਰੀ ਨੂੰ ਗੈਂਗਸਟਰ ਕਲਚਰ ਤੇ ਡਰੱਗ ਕਾਰੋਬਾਰ ਦਾ ਪਿਤਾਮਾ ਦੱਸਿਆ। ਉਨ੍ਹਾਂ ਕਿਹਾ ਕਿ ਜਿਸ ਅਕਾਲੀ ਆਗੂ ਉਪਰ ਭੋਲਾ ਨੇ ਸ਼ਰ੍ਹੇਆਮ 6000 ਕਰੋੜ ਰੁਪਏ ਦੇ ਡਰੱਗ ਕਾਰੋਬਾਰ ਨਾਲ ਜੁੜੇ ਹੋਣ ਦੇ ਦੋਸ਼ ਲਾਏ ਸਨ, ਅੱਜ ਉਹ ਕਿਹੜੇ ਮੂੰਹ ਨਾਲ ਹਾਲ ਦੁਹਾਈ ਪਾ ਰਿਹਾ ਹੈ। ਇਸ ਦੇ ਨਾਲ ਹੀ ਸ. ਰੰਧਾਵਾ ਨੇ ਮਜੀਠੀਆ ਨੂੰ ਚੁਣੌਤੀ ਦਿੱਤੀ ਕਿ ਉਹ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ ਤਫਤੀਸ਼ ਕਰਵਾਉਣ ਲਈ ਚੀਫ ਜਸਟਿਸ ਕੋਲ ਜਾਣ ਨੂੰ ਤਿਆਰ ਹਨ ਅਤੇ ਨਾਲ ਹੀ ਮਜੀਠੀਆ ਵੀ ਆਪਣੇ ਉਪਰ ਲੱਗੇ ਡਰੱਗ ਤੇ ਗੈਂਗਸਟਰਾਂ ਦੀ ਸਰਪ੍ਰਸਤੀ ਦੇ ਦੋਸ਼ਾਂ ਲਈ ਜਾਂਚ ਲਈ ਨਾਲ ਚੱਲੇ।
ਅੱਜ ਇਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਭਵਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ਲੋਕਾਂ ਵਿੱਚ ਆਪਣੀ ਸਿਆਸੀ ਸਾਖ ਗਵਾਉਣ ਅਤੇ ਜਨ ਆਧਾਰ ਖੁੱਸ ਜਾਣ ਤੋਂ ਬਾਅਦ ਮਜੀਠੀਆ ਨੇ ਆਪਣੇ ਵਰਕਰਾਂ ਦੀਆਂ ਚਿਤਾਵਾਂ ਉਤੇ ਸਿਆਸੀ ਰੋਟੀਆਂ ਸੇਕਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਸਭ ਭਲੀ ਭਾਂਤ ਜਾਣਦੇ ਹਨ ਕਿ ਅਕਾਲੀਆਂ ਦੇ 10 ਸਾਲ ਦੇ ਕੁਸ਼ਾਸਨ ਵਿੱਚ ਹੀ ਪੰਜਾਬ ਵਿੱਚ ਗੈਂਗਸਟਰ ਨਾਮ ਪਹਿਲੀ ਸੁਣਨ ਨੂੰ ਮਿਲਿਆ ਸੀ ਜਿਨ੍ਹਾਂ ਦੀ ਪੁਸ਼ਤ ਪਨਾਹੀ ਤੇ ਸਰਪ੍ਰਸਤੀ ਬਿਕਰਮ ਮਜੀਠੀਆ ਵੱਲੋਂ ਕੀਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਅੱਜ ਇਹ ਆਗੂ ਕਿਹੜੇ ਮੂੰਹ ਨਾਲ ਕਾਂਗਰਸੀਆਂ ਉਪਰ ਗੈਂਗਸਟਰਾਂ ਨਾਲ ਜੁੜੇ ਹੋਣ ਦੇ ਦੋਸ਼ ਲਾਉਂਦੇ ਹਨ।
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਤੱਥਾਂ ਅਤੇ ਤਸਵੀਰਾਂ ਨੂੰ ਦਿਖਾਉਂਦਿਆਂ ਦੱਸਿਆ ਕਿ ਜਿਸ ਜੇਲ੍ਹ ਵਿੱਚ ਬੰਦ ਜੱਗੂ ਭਗਵਾਨਪੁਰੀਆ ਗੈਂਗਸਟਰ ਨਾਲ ਉਸ ਦੇ ਮਿਲੇ ਹੋਣ ਦੇ ਦੋਸ਼ ਲਾਏ ਜਾ ਰਹੇ ਹਨ ਅਸਲ ਵਿੱਚ ਉਹ ਸਭ ਤੋਂ ਵੱਧ ਮਜੀਠੀਆ ਦੇ ਹਲਕੇ ਵਿੱਚ ਸਰਗਰਮ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਗੈਂਗਸਟਰ ਉਪਰ 44 ਕੇਸ ਦਰਜ ਹਨ ਜਿਨ੍ਹਾਂ ਵਿੱਚੋਂ 29 ਕੇਸ ਮਜੀਠੀਆ ਦੇ ਹਲਕੇ ਅੰਮ੍ਰਿਤਸਰ (ਦਿਹਾਤੀ) ਖੇਤਰ ਦੇ ਹਨ। ਉਨ੍ਹਾਂ ਕਿਹਾ ਕਿ ਇਸ ਗੈਂਗਸਟਰ ਦਾ ਗੁਨਾਹਾਂ ਦਾ ਚਿੱਠਾ ਖੋਲ੍ਹੀਏ ਤਾਂ ਸਭ ਕੁੱਝ ਅਕਾਲੀਆਂ ਦੇ ਰਾਜ ਵਿੱਚ ਕੀਤੇ ਗਏ। ਉਨ੍ਹਾਂ ਕਿਹਾ ਕਿ ਜੱਗੂ ਦਾ ਭਰਾ ਮਨਦੀਪ ਮੰਨੂੰ ਪਿਛਲੀ ਅਕਾਲੀ ਸਰਕਾਰ ਦੌਰਾਨ ਹੀ ਪੰਜਾਬ ਤੋਂ ਬਾਹਰ ਵਿਦੇਸ਼ ਜਾਣ ਵਿੱਚ ਸਫਲ ਹੋਇਆ ਜਿਸ ਉਪਰ ਵੀ ਕਈ ਕੇਸ ਦਰਜ ਸਨ। ਉਨ੍ਹਾਂ ਕਿਹਾ ਕਿ ਇਸ ਉਪਰ ਸਿੱਧੇ ਤੌਰ ‘ਤੇ ਮਜੀਠੀਆ ਦੀ ਹਮਾਇਤ ਸੀ।
ਸ. ਰੰਧਾਵਾ ਨੇ ਨਾਮੀਂ ਗੈਂਗਸਟਰਾਂ ਦੇ ਕੇਸਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਅਕਾਲੀ ਆਗੂਆਂ ਖਾਸ ਕਰ ਕੇ ਮਜੀਠੀਆ ਨਾਲ ਸਾਂਝ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਜਿਨ੍ਹਾਂ ਵਿੱਚ ਪੈਰੋਲ ‘ਤੇ ਰਿਹਾਅ ਹੋਇਆ ਪੰਮਾ ਸੁਲਤਾਨਵਿੰਡ, ਨਾਭਾ ਦੀ ਹਾਈ ਸਕਿਓਰਟੀ ਜੇਲ੍ਹ ਵਿੱਚ ਬੰਦ ਗੋਲੀ ਗੋਪੀ, ਦਿਲਬਾਗ ਲੰਮਾ ਪੱਟੀ (ਵਿਸ਼ੂ ਗੈਂਗ), ਸੋਨੂੰ ਕੰਗਲਾ ਸ਼ਾਮਲ ਹਨ। ਇਨ੍ਹਾਂ ਗੈਂਗਸਟਰਾਂ ਵੱਲੋਂ ਖੁੱਲ੍ਹੇ ਤੌਰ ‘ਤੇ ਮਜੀਠੀਆ ਸਮੇਤ ਹੋਰਨਾਂ ਅਕਾਲੀ ਆਗੂਆਂ ਅਤੇ ਖਾਸ ਕਰ ਕੇ ਮਜੀਠੀਆ ਦੇ ਪੀ.ਏ. ਤਲਬੀਰ ਸਿੰਘ ਨਾਲ ਮੇਲ ਮਿਲਾਪ ਕੀਤਾ ਜਾਂਦਾ ਰਿਹਾ ਹੈ ਜਿਸ ਦੇ ਸਬੂਤ ਉਨ੍ਹਾਂ ਅੱਜ ਤਸਵੀਰਾਂ ਰਾਹੀਂ ਪੇਸ਼ ਕੀਤੇ ਹਨ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਉਹ ਅਕਾਲੀ ਵਰਕਰ ਦੇ ਕਤਲ ਦੀ ਨਿੰਦਾ ਕਰਦੇ ਹਨ ਅਤੇ ਇਸ ਮਾਮਲੇ ਦੀ ਡੂੰਘਾਈ ਵਿੱਚ ਜਾਂਚ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਵਕਾਲਤ ਕਰਦੇ ਹਨ ਪਰ ਇਸ ਮਾਮਲੇ ‘ਤੇ ਕਿਸੇ ਪਾਰਟੀ ਨੂੰ ਸਿਆਸੀ ਰੋਟੀਆਂ ਸੇਕਣ ਦੀ ਆਗਿਆ ਨਹੀਂ ਦੇਣਗੇ। ਇਸ ਮੌਕੇ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ, ਦਰਸ਼ਨ ਸਿੰਘ ਬਰਾੜ, ਬਰਿੰਦਰਮੀਤ ਸਿੰਘ ਪਾਹੜਾ, ਕੁਲਬੀਰ ਸਿੰਘ ਜ਼ੀਰਾ ਤੇ ਪਰਮਿੰਦਰ ਸਿੰਘ ਪਿੰਕੀ ਵੀ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *