ਚੰਡੀਗੜ੍ਹ, 21 ਨਵੰਬਰ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੀ ਵਪਾਰ ਵਿੰਗ ਦੀ ਪ੍ਰਧਾਨ ਨੀਨਾ ਮਿੱਤਲ ਨੇ ਰੇਤ ਮਾਫ਼ੀਆ ਵੱਲੋਂ ਬੇਖ਼ੌਫ ਹੋ ਕੇ ਵਸੂਲੇ ਜਾਂਦੇ ਗੁੰਡਾ ਟੈਕਸ ਦਾ ਵਿਰੋਧ ਅਤੇ ਸ਼ਿਕਾਇਤ ਕਰਨ ਵਾਲੀ ਮੁਬਾਰਿਕਪੁਰ ਕਰੈਸ਼ਰ ਐਸੋਸੀਏਸ਼ਨ ਦੇ ਅਹੁਦੇਦਾਰਾਂ ‘ਤੇ ਹੀ ਮਾਈਨਿੰਗ ਵਿਭਾਗ ਦੀ ਕਾਰਵਾਈ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਨੂੰ ਰੇਤ ਮਾਫ਼ੀਆ ਦੇ ਦਬਾਅ ਹੇਠ ਬਦਲੇ ਦੀ ਕਾਰਵਾਈ ਕਰਾਰ ਦਿੱਤਾ ਹੈ।
‘ਆਪ’ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ਼ਿਕਾਇਤਕਰਤਾ ਅਤੇ ਕਰੈਸ਼ਰ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਤੇਜਾ ਅਤੇ ਮੀਤ ਪ੍ਰਧਾਨ ਬ੍ਰਿਜ ਮੋਹਨ ਦੇ ਸਕਰੀਨਿੰਗ ਪਲਾਂਟਾਂ ਨੂੰ ਮਾਈਨਿੰਗ ਵਿਭਾਗ ਵੱਲੋਂ ਸੀਲ ਕਰਨਾ ਸਿੱਧੇ ਤੌਰ ‘ਤੇ ਰੇਤ ਮਾਫ਼ੀਆ ਵਿਰੁੱਧ ਉੱਠਦੀਆਂ ਆਵਾਜ਼ਾਂ ਨੂੰ ਦਬਾਉਣ ਦੀ ‘ਸਰਕਾਰੀ ਕੋਸ਼ਿਸ਼’ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਆਪਣੀਆਂ ਵਿਦੇਸ਼ੀ ਛੁੱਟੀਆਂ ਕੱਟ ਕੇ ਪੰਜਾਬ ਆ ਗਏ ਤਾਂ ‘ਆਪ’ ਵਿਧਾਇਕਾਂ ਅਤੇ ਆਗੂਆਂ ਦਾ ਵਫ਼ਦ ਸੂਬੇ ‘ਚ ਬੇਲਗ਼ਾਮ ਹੋਏ ਰੇਤ ਮਾਫ਼ੀਆ ਨੂੰ ਨੱਥ ਪਾਉਣ ਲਈ ਦਬਾਅ ਪਾਵੇਗਾ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਰੇਤ ਮਾਫ਼ੀਆ ਨੂੰ ਸਰਕਾਰੀ ਸਰਪ੍ਰਸਤੀ ਜਾਰੀ ਰੱਖਦੇ ਹਨ ਤਾਂ ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰ ਕੇ ਅੱਖਾਂ ਬੰਦ ਕਰੀ ਬੈਠੀ ਸਰਕਾਰ ਨੂੰ ਹਲੂਣੇਗੀ।
ਨੀਨਾ ਮਿੱਤਲ ਨੇ ਕਿਹਾ ਕਿ ਗੁੰਡਾ ਟੈਕਸ ਵਿਰੁੱਧ ਐਸਡੀਐਮ ਖਰੜ ਤੇ ਡੇਰਾਬਸੀ ਨੂੰ ਸ਼ਿਕਾਇਤ ਕਰਨ ਵਾਲੇ ਕਾਰੋਬਾਰੀਆਂ ਵਿਰੁੱਧ ਤੁਰੰਤ ਮਾਈਨਿੰਗ ਵਿਭਾਗ ਦੀ ਕਾਰਵਾਈ ਨੇ ਸਾਬਤ ਕਰ ਦਿੱਤਾ ਹੈ। ਸਰਕਾਰੀ ਤੰਤਰ ਅਤੇ ਮਾਫ਼ੀਆ ਕਿਸ ਹੱਦ ਤੱਕ ਘਿਉ-ਖਿਚੜੀ ਹਨ।
ਨੀਨਾ ਮਿੱਤਲ ਨੇ ਕਿਹਾ ਕਿ ਸਰਕਾਰ ਤੰਤਰ ਵੱਲੋਂ ਗੁੰਡਾ ਟੈਕਸ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਕਾਰੋਬਾਰੀਆਂ ‘ਤੇ ਮਾਫ਼ੀਆ ਨਾਲ ਸਮਝੌਤਾ ਕਰਨ ਦਾ ਦਬਾਅ ਪਾਉਣਾ ਸਮੁੱਚੀ ਸਰਕਾਰ ਲਈ ਸ਼ਰਮਨਾਕ ਵਰਤਾਰਾ ਹੈ। ਨੀਨਾ ਮਿੱਤਲ ਨੇ ਕਿਹਾ ਕਿ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਪਹਿਲਾਂ ਹੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਵਪਾਰੀਆਂ-ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨੂੰ ਸਰਕਾਰ ਮਾਫ਼ੀਆ ਤੋਂ ਬਚਾਉਣ ਦੀ ਥਾਂ ਮਾਫ਼ੀਆ ਦੇ ਦਬਾਅ ਥੱਲੇ ਹੋਰ ਪੀੜਨ ਦੀ ਮਾਰੂ ਨੀਤੀ ‘ਤੇ ਚੱਲ ਰਹੀ ਹੈ।