best platform for news and views

ਗੁਰਦਾਸਪੁਰ ਚੋਣ ਚ ਅਕਾਲੀ ਦਲ ਤੇ ਭਾਜਪਾ ਤੇ ਬਲਾਤਕਾਰੀ ਤੇ ਚਿੱਟੇ ਦੇ ਵਪਾਰੀ ਦਾ ਮਾਮਲਾ ਪਿਆ ਭਾਰੀ

Please Click here for Share This News

ਰਾਜਨ ਮਾਨ
ਗੁਰਦਾਸਪੁਰ,6 ਅਕਤੂਬਰ : ਗੁਰਦਾਸਪੁਰ ਦੀ ਪਾਰਲੀਮੇਂਟ ਹਲਕੇ ਦੀ ਹੋਣ ਜਾ ਰਹੀ ਜਿਮਨੀ ਚੋਣ ਵਿੱਚ ਚੋਣ ਪ੍ਰਚਾਰ ਪੂਰੀਆਂ ਸਿਖਰਾਂ ਤੇ ਪਹੁੰਚ ਗਿਆ ਹੈ।ਹਾਲ ਹੀ ਵਿੱਚ ਸਾਬਕਾ ਅਕਾਲੀ ਮੰਤਰੀ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਆਉਣ ਤੇ ਉਸ ਤੋਂ ਬਾਅਦ ਭਾਜਪਾ ਦੇ ਉਮੀਦਵਾਰ ਵਿਰੁੱਧ ਵੀ ਮੁਬੰਈ ਵਿੱਚ ਬਲਾਤਕਾਰ ਦਾ ਮਾਮਲਾ ਸਾਹਮਣੇ ਆਉਣ ਨਾਲ ਕਾਂਗਰਸ ਤੇ ਆਪ ਨੇ ਅਕਾਲੀ ਦਲ ਤੇ ਭਾਜਪਾ ਨੂੰ ਇਹਨਾਂ ਮਾਮਲਿਆਂ ਵਿੱਚ ਘੇਰ ਲਿਆ ਹੈ। ਕਾਂਗਰਸ ਵਲੋਂ ਹੁਣ ਸਟੇਜਾਂ ਤੇ ਅਕਾਲੀ ਦਲ ਤੇ ਭਾਜਪਾ ਵਿਰੁੱਧ ਬਲਾਤਕਾਰੀ ਤੇ ਚਿੱਟੇ ਦੇ ਵਪਾਰੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਅਕਾਲੀ ਭਾਜਪਾ ਆਪਣੇ ਬਚਾਅ ਵਿੱਚ ਲੱਗੇ ਹੋਏ ਹਨ। ਇਹਨਾਂ ਮਾਮਲਿਆਂ ਤੋਂ ਬਾਅਦ ਸਿਆਸੀ ਧਿਰਾਂ ਨੇ ਆਪਣੀਆਂ ਤਕਰੀਰਾਂ ਦੀਆਂ ਤੋਪਾਂ ਦੇ ਮੂੰਹ ਹੁਣ ਇਹਨਾਂ ਮਾਮਲਿਆਂ ਵੱਲ ਮੋੜ ਲਏ ਹਨ। ਅਕਾਲੀ ਦਲ ਤੇ ਭਾਜਪਾ ਦੀ ਹਾਲਤ ਇਸ ਸਮੇਂ ਔਖੀ ਬਣੀ ਹੋਈ ਹੈ। ਕਰਜਾ ਮੁਆਫੀ,ਕਿਸਾਨ ਖੁਦਕੁਸ਼ੀਆਂ ਤੇ ਹੋਰ ਮਾਮਲੇ ਬਲਾਤਕਾਰ ਦੇ ਮਾਮਲਿਆਂ ਅੱਗੇ ਬੌਣੇ ਪੈ ਗਏ ਹਨ।
ਹਰ ਦਿਨ ਚੋਣ ਦਾ ਮਾਹੌਲ ਬਦਲ ਰਿਹਾ ਹੈ। ਪਹਿਲਾਂ ਜਿਥੇ ਅਕਾਲੀ ਦਲ ਤੇ ਭਾਜਪਾ ਵਲੋਂ ਕਾਂਗਰਸ ਪਾਰਟੀ ਤੇ ਪੰਜਾਬ ਵਿੱਚ ਸੱਤਾ ਤੇ ਕਾਬਜ਼ ਹੋਣ ਤੋਂ ਛੇ ਮਹੀਨੇ ਬਾਅਦ ਵੀ ਕਿਸਾਨਾਂ ਦਾ ਕਰਜਾਂ ਨਾ ਮੁਆਫ ਕਰਨ ਤੇ ਹੋਰ ਮਾਮਲਿਆਂ ਨੂੰ ਲੈ ਕੇ ਹਮਲੇ ਕੀਤੇ ਜਾ ਰਹੇ ਸਨ,ਉਥੇ ਹੁਣ ਇਹ ਆਪਣੇ ਉਪਰ ਲੱਗ ਰਹੇ ਬਲਾਤਕਾਰੀ ਤੇ ਚਿੱਟੇ ਦੇ ਵਪਾਰੀ ਦੇ ਦੋਸ਼ਾਂ ਦੀਆਂ ਸਫਾਈਆਂ ਦੇਣ ਵਿੱਚ ਲੱਗ ਗਏ ਹਨ। ਲੰਗਾਹ ਦੀ ਅਸ਼ਲੀਲ ਵੀਡੀਓ ਨੇ ਅਕਾਲੀ ਦਲ ਨੂੰ ਅਰਸ਼ੋ ਫਰਸ਼ ਤੇ ਲੈ ਆਂਦਾ ਹੈ।ਇਹਨਾਂ ਮੁੱਦਿਆਂ ਨੂੰ ਲੈ ਕੇ ਕਾਂਗਰਸ ਪਾਰਟੀ ਇਹਨਾਂ ਤੇ ਕਾਫੀ ਭਾਰੂ ਹੋ ਗਈ ਹੈ।
ਹਾਲ ਹੀ ਵਿੱਚ ਭਾਜਪਾ ਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸਵਰਨ ਸਲਾਰੀਆ ਵਿਰੁੱਧ ਕਾਂਗਰਸੀ ਆਗੂ ਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਮੁਬੰਈ ਵਿੱਚ ਇੱਕ ਏਅਰ ਹੋਸਟਸ ਨਾਲ ਕਥਿਤ ਬਲਾਤਕਾਰ ਕਰਨ ਦਾ ਖੁਲਾਸਾ ਕਰਕੇ ਭਾਜਪਾ ਦੀਆਂ ਮੁਸ਼ਕਲਾਂ ਵਿੱਚ ਵੀ ਵਾਧਾ ਕਰ ਦਿੱਤਾ ਹੈ। ਸਲਾਰੀਆ ਦੀਆਂ ਕਥਿਤ ਕੁਝ ਅਸ਼ਲੀਲ  ਤਸਵੀਰਾਂ ਵੀ ਸ਼ੋਸ਼ਲ ਸਾਈਡਾਂ ਤੇ ਵਾਇਰਲ ਹੋਈਆਂ ਹਨ। ਭਾਜਪਾ ਵਲੋਂ ਇਹਨਾਂ ਦੋ਼ਸਾਂ ਨੂੰ ਨਕਾਰਿਆ ਜਾ ਰਿਹਾ ਹੈ। ਭਾਜਪਾ ਤੇ ਅਕਾਲੀ ਦਲ ਵਲੋਂ ਦੋਸ਼ ਲਾਏ ਜਾ ਰਹੇ ਹਨ ਕਿ ਕਾਂਗਰਸ ਪਾਰਟੀ ਗੰਦੀ ਰਾਜਨੀਤੀ ਕਰ ਰਹੀ ਹੈ। ਉਧਰ ਕਾਂਗਰਸ ਪਾਰਟੀ ਵਲੋਂ ਇਹ ਦੋ਼ਸ ਲਾਏ ਜਾ ਰਹੇ ਹਨ ਕਿ ਇਹਨਾਂ ਪਾਰਟੀਆਂ ਦੇ ਆਗੂਆਂ ਨੂੰ ਗੰਦੇ ਕੰਮ ਕਰਨ ਲੱਗਿਆਂ ਸ਼ਰਮ ਨਹੀਂ ਆਈ ਜੋ ਸਾਡੇ ਤੇ ਹੁਣ ਗੰਦੀ ਰਾਜਨੀਤੀ ਕਰਨ ਦੇ ਦੋਸ਼ ਲਾ ਰਹੇ ਹਨ।
ਅਕਾਲੀ ਦਲ ਤੇ ਭਾਜਪਾ ਦੇ ਆਗੂਆਂ ਵਿਰੁੱਧ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਣ ਤੇ ਚੋਣ ਮੁਹਿੰਮ ਦੀਆਂ ਤਕਰੀਰਾਂ ਹੀ ਬਦਲ ਗਈਆਂ ਹਨ। ਸ਼ੁਰੂ ਸ਼ੁਰੂ ਵਿੱਚ ਵਿਕਾਸ ਦੇ ਮੁੱਦਿਆਂ ਤੇ ਸਿਆਸੀ ਪਾਰਟੀਆਂ ਵਿਚਕਾਰ ਜੰਗ ਸ਼ੁਰੂ ਹੋਈ ਸੀ ਤੇ ਇਹ ਜੰਗ ਅੱਜ ਬਲਾਤਕਾਰ ਦੇ ਚਿੱਟੇ ਦਾ ਵਪਾਰ ਵਿੱਚ ਬਦਲ ਗਈ ਹੈ। ਹਰ ਪਾਸੇ ਇਹਨਾਂ ਮਾਮਲਿਆਂ ਨੂੰ ਲੈ ਕੇ ਚਰਚਾ ਹੋ ਰਹੀ ਹੈ। ਸ਼ੋਸ਼ਲ ਮੀਡੀਆ ਉਪਰ ਤਾਂ ਇਹ ਮਾਮਲਾ ਬਹੁਤ ਹੀ ਗਰਮਾਇਆ ਹੋਇਆ ਹੈ। ਭਾਜਪਾ ਉਮੀਦਵਾਰ ਤੇ ਬਲਾਤਕਾਰ ਦੇ ਦੋ਼ਸ ਲਾਉਣ ਵਾਲੀ ਮਹਿਲਾ ਨੇ ਤਾਂ ਸੁਪਰੀਮ ਕੋਰਟ ਵਿੱਚ ਵੀ ਨਿਆਂ ਲਈ ਅਰਜ਼ੀ ਦਾਖਿਲ ਕਰਵਾਈ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਹੋਰ ਗਰਮਾ ਕਸਦਾ ਹੈ।
ਜਿਥੇ ਕਾਂਗਰਸ ਪਾਰਟੀ ਵਲੋਂ ਲੋਕਾਂ ਵਿੱਚ ਜਾ ਕੇ ਇਹਨਾਂ ਤੋਂ ਆਪਣੇ ਨੌਜਵਾਨਾਂ ਤੇ ਧੀਆਂ ਭੈਣਾਂ ਨੂੰ ਬਚਾਉਣ ਦਾ ਹੋਕਾ ਦਿੱਤਾ ਜਾ ਰਿਹਾ ਹੈ ਉਥੇ ਅਕਾਲੀ ਦਲ ਵਲੋਂ ਇਸਨੂੰ ਗਲਤ ਭੰਢੀ ਪ੍ਰਚਾਰ ਕਿਹਾ ਜਾ ਰਿਹਾ ਹੈ। ਅਕਾਲੀ ਦਲ ਤੇ ਭਾਜਪਾ ਦਾ ਦੋ਼ਸ ਹੈ ਕੇ ਕਾਂਗਰਸ ਪਾਰਟੀ ਕੋਝੇ ਹੱਥ ਕੰਡੇ ਅਪਣਾ ਰਹੀ ਹੈ।

ਹੁਣ ਇਸ ਮਾਮਲੇ ਦਾ ਪਰਛਾਵਾਂ  ਅਕਾਲੀ ਦਲ-ਭਾਜਪਾ ਗੱਠਜੋੜ ਦੇ ਉਮੀਦਵਾਰ ਸਵਰਨ ਸਲਾਰੀਆ ‘ਤੇ ਪੈਣ ਲੱਗਾ ਹੈ। ਇਸ ਮਸਲੇ ‘ਤੇ ਅਕਾਲੀ-ਭਾਜਪਾ ਪਾਰਟੀਆਂ ਦੇ ਆਗੂਆਂ ਨੂੰ ਜੁਆਬ ਦੇਣਾ ਔਖਾ ਹੋਇਆ ਪਿਆ ਹੈ।  ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਤਿੱਖਾ ਹਮਲਾ ਕਰਦਿਆਂ ਅਕਾਲੀਆਂ ਨੂੰ ‘ਬਲਾਤਕਾਰੀ ਤੇ ਚਿੱਟੇ ਦੇ ਵਪਾਰੀ’ ਕਹਿ ਕੇ ਭੰਡਿਆ ਹੈ।
ਕਾਂਗਰਸੀ ਆਗੂਆਂ ਵਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੁਆਲ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਲੰਗਾਹ ਦੇ ਮੁੱਦੇ ‘ਤੇ ਚੁੱਪ ਕਿਉਂ ਧਾਰੀ ਹੋਈ ਹੈ? ਪਹਿਲਾਂ ਅਕਾਲੀ  ਆਗੂ ਸੁੱਚਾ ਸਿੰਘ ਲੰਗਾਹ ਤੇ ਬਲਾਤਕਾਰ ਦਾ ਮਾਮਲਾ ਦਰਜ ਹੋਣ ਕਾਰਨ ਸਿਆਸੀ ਹਲਕਿਆਂ ਵਿੱਚ ਇਹ ਗੱਲ ਚਰਚਾ ਦਾ ਵਿਸ਼ਾ ਬਣ ਗਈ ਸੀ ਕਿ ਜੇਕਰ ਭਾਜਪਾ ਇਹ ਸੀਟ ਹਾਰਦੀ ਹੈ ਤਾਂ ਇਹ ਸਾਰਾ ਭਾਂਡਾ ਅਕਾਲੀ ਦਲ ਉਪਰ ਭੱਜੇਗਾ ਕਿ ਉਹਨਾਂ ਦੇ ਆਗੂ ਦੀ ਵੀਡੀਓ ਆਉਣ ਕਾਰਲ ਉਹਨਾਂ ਨੂੰ ਨੁਕਸਾਨ ਹੋਇਆ ਹੈ ਪਰ ਹੁਣ ਭਾਜਪਾ ਦੇ ਉਮੀਦਵਾਰ ਸਲਾਰੀਆ ਵਿਰੁੱਧ ਵੀ ਬਲਾਤਕਾਰ ਦਾ ਕਞਥਤ ਮਾਮਲਾ ਸਾਹਮਣੇ ਆੳਣ ਨਾਲ ਅੰਦਰੋ ਅੰਦਰੀ ਅਕਾਲੀ ਹਲਕਿਆਂ ਵਿੱਚ ਇਸ ਗੱਲ ਨੂੰ ਲੈ ਕੇ ਬੇਚੈਨੀ ਘਟੀ ਹੈ ਕਿ ਸਾਰਾ ਭਾਂਡਾ ਸਾਡੇ ਸਿਰ ਨਹੀਂ ਪੱਜੇਗਾ ਹੁਣ ਵੰਡਵਾਂ ਭਾਰ ਹੀ ਪਵੇਗਾ।
ਇਹ ਚੋਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੁੱਛ ਦਾ ਸਵਾਲ ਬਣੀ ਹੋਈ ਹੈ। ਪੰਜਾਬ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਇਹ ਪਹਿਲੀ ਚੋਣ ਹੈ ਤੇ ਇਸਨੂੰ ਜਿੱਤਕੇ ਪਾਰਟੀ ਦੀ ਝੋਲੀ ਵਿੱਚ ਪਾਉਣ ਲਈ ਉਹ ਪੂਰੀ ਤਰ੍ਹਾਂ ਤਤਪਰ ਹਨ। ਕਾਂਗਰਸ ਪਾਰਟੀ ਇਸਨੂੰ 2019 ਦੀਆਂ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਦੱਸ ਰਹੀ ਹੈ।
ਗੁਰਦਾਸਪੁਰ ਹਲਕੇ ਵਿੱਚ ਕਾਂਗਰਸ ਪਾਰਟੀ ਦਾ ਹਰ ਛੋਟਾ ਵੱਡਾ ਆਗੂ ਪਹੁੰਚਿਆ ਹੋਇਆ ਹੈ ਸਾਰੇ ਮੰਤਰੀ ਹਲਕੇ ਵਿੱਚ ਫੈਲੇ ਹੋਏ ਹਨ। ਨਵਜੋਤ ਸਿੰਘ ਸਿੱਧੂ ਤੇ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਨੂੰ ਤਾਂ ਕਰੜੇ ਹੱਥੀਂ ਲੈ ਰਹੇ ਹਨ। ਇਹਨਾਂ ਦੋਹਾਂ ਧਨਾੜ ਆਗੂਆਂ ਵਲੋਂ ਅਆਪਣੀਆਂ ਤੋਪਾਂ ਦੇ ਮੁੰਂਹ ਅਕਾਲੀਆਂ ਵੱਲ ਕੀਤੇ ਹੋਏ ਹਨ। ਇਹ ਆਗੂ ਮਜੀਠੀਆ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਇੱਕਵਾਰ ਫਿਰ ਚਿੱਟੇ ਦਾ ਮਾਮਲਾ ਗਰਮਾਇਆ ਹੋਇਆ ਹੈ। ਇਸ ਚੋਣ ਨੇ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਦਾ ਸਿਆਸੀ ਭਵਿੱਖ ਤਹਿ ਕਰਨਾ ਹੈ। ਉਹ ਆਪਣੀ ਲੜਾਈ ਆਪਣੇ ਸਿਆਸੀ ਭਵਿੱਖ ਨੂੰ ਲੈ ਕੇ ਲੜ ਰਹੇ ਹਨ।
ਕਾਂਗਰਸ ਤੇ ਅਕਾਲੀ ਭਾਜਪਾ ਸਾਹਣਾਂ ਦੇ ਭੇੜ ਵਿੱਚ ਆਮ ਆਦਮੀ ਪਾਰਟੀ ਵਿਚਾਰੀ ਬਣਕੇ ਰਹਿ ਗਈ ਹੈ। ਪਾਰਟੀ ਦੀ ਹਾਲਤ ਇਹ ਹੋ ਗਈ ਹੈ ਕਿ ਉਹਨਾਂ ਨੂੰ ਹੁਣ ਹਲਕੇ ਅੰਦਰ ਝੰਡਾ ਬਰਦਾਰ ਨਹੀਂ ਲੱਭ ਰਹੇ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਮੁਹਾਰੇ ਮੋਢਿਆਂ ਤੇ ਕਈ ਕਈ ਝਾੜੂ ਚੁੱਕੀ ਫਿਰਦੇ ਬਸ਼ਿੰਦੇ ਹੁਣ ਕਿਧਰੇ ਨਜ਼ਰ ਨਹੀਂ ਆ ਰਹੇ। ਆਪ ਤਾਂ ਕਾਂਗਰਸ ਤੇ ਅਕਾਲੀ ਭਾਜਪਾ ਦੀਆਂ ਗੱਡੀਆਂ ਦੀ ਉਡਦੀ ਥੂੜ ਵਿੱਚ ਹੀ ਕਿਧਰੇ ਗੁਆਚ ਗਈ ਨਜ਼ਰ ਆ ਰਹੀ ਹੈ।

Please Click here for Share This News

Leave a Reply

Your email address will not be published. Required fields are marked *