
ਚੰਡੀਗੜ੍ਹ : ਕਣਕ ਦੀ ਪੀਲੀ ਕੂੰਗੀ ਸਬੰਧ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ. ਜਸਬੀਰ ਸਿੰਘ ਬੈਂਸ, ਡਾਇਰੈਕਟਰ ਖੇਤੀਬਾੜੀ ਵਿਭਾਗ, ਪੰਜਾਬ ਨੇ ਕਿਸਾਨਾਂ ਲਈ ਕੁੱਝ ਜ਼ਰੁਰੀ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਨੀਮ ਪਹਾੜੀ ਜ਼ਿਲ੍ਹੇ ਕਣਕ ਦੀ ਪੀਲੀ ਅਤੇ ਭੂਰੀ ਕੂੰਗੀ ਲਈ ਬਹੁਤ ਢੁੱਕਵੇਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਸਿਫਾਰਿਸ਼ ਕੀਤੀਆਂ ਦਵਾਈਆਂ ਪ੍ਰੋਪੀਕੋਨਾਜ਼ੋਲ 25 ਈਸੀ 200 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ ਟਰਾਈਫਲੋਕਸਿਸਟ੍ਰੋਬਿਨ +ਟੈਬੂਕੋਨਾਜ਼ੋਲ 75 ਡਬਲਿਯੂ ਜੀ ਦਵਾਈ 120 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 15 ਦਿਨਾਂ ਦੇ ਵਕਫੇ ‘ਤੇ ਸਪਰਅ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਬਾਗਾਂ ਦੇ ਵਿੱਚ ਬੀਜੀ ਕਣਕ ਖਾਸ ਕਰਕੇ ਪੌਪਲਰ ਦੇ ਖੇਤਾਂ ਵਿੱਚ ਇਸ ਦਾ ਖਾਸ ਧਿਆਨ ਰੱਖਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਸਮੂਹ ਪੈਸਟ ਸਰਵਿਲਾਂਸ ਕਮੇਟੀ ਪੰਜਾਬ ਵਲੋਂ ਕਿਸਾਨਾਂ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਪੀਲੀ, ਭੂਰੀ ਕੂੰਗੀ ਜਾਂ ਕਿਸੇ ਹੋਰ ਬੀਮਾਰੀ ਦੇ ਹਮਲੇ ਦਾ ਸ਼ੱਕ ਹੋਣ ‘ਤੇ ਕਿਸੇ ਦਵਾਈ ਦਾ ਛਿੜਕਾਅ ਸਪਰੇਅ ਡੀਲਰ ਦੇ ਕਹਿਣ ‘ਤੇ ਨਾ ਕੀਤਾ ਜਾਵੇ ਅਤੇ ਇਸ ਸਬੰਧੀ ਕਸਈ ਵੀ ਕਾਰਵਾਈ ਸਬੰਧਤ ਖੇਤੀਬਾੜੀ ਵਿਭਾਗ ਦੇ ਦਫਤਰ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਨਾਲ ਸਲਾਹ ਮਗਰੋਂ ਹੀ ਕੀਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਮੁਫਤ ਸਲਾਹ ਲਈ ਕਿਸਾਨ ਕਾਲ ਸੈਂਟਰ ਦੇ ਟੋਲ ਫਰੀ ਨੰਬਰ 1800-180-1551 ‘ਤੇ ਸੰਪਰਕ ਕਰਨ ਦੀ ਵੀ ਸਲਾਹ ਦਿੱਤੀ।
ਉਨ੍ਹਾਂ ਇਹ ਵੀ ਦੱਸਿਆ ਕਿ ਵਿਭਾਵ ਵਲੋਂ ਵੱਖਰੇ ਤੌਰ ‘ਤੇ ਸਮੂਹ ਜ਼ਿਲ੍ਹਿਆਂ ਦੇ ਤਕਨੀਕੀ ਸਟਾਫ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਜ਼ਿਲ੍ਹਿਆਂ ਤੋਂ ਰਿਪੋਰਟਾਂ ਦੀ ਮੰਗ ਕੀਤੀ ਗਈ ਹੈ।