best platform for news and views

ਕੱਲ੍ਹ ਦੇ ਪ੍ਰਾਹੁਣਿਆਂ ਨੂੰ ਟਿਕਟਾਂ ਦੇਣ ਵਿਰੁੱਧ ਪੰਜਾਬ ਭਰ ‘ਚ ਬਗਾਵਤ

Please Click here for Share This News
ਹਮੀਰ ਸਿੰਘ

ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਲੜ ਰਹੀਆਂ ਪ੍ਰਮੁੱਖ ਪਾਰਟੀਆਂ ਵਿੱਚ ਪਾਰਟੀ ਪ੍ਰਤੀ ਵਫ਼ਾਦਾਰੀ ’ਤੇ ਗੁੱਟਬਾਜ਼ੀ ਅਤੇ ਜਿੱਤਣ ਦੀ ਸਮਰੱਥਾ ਭਾਰੂ ਪੈਂਦੀ ਦਿਖਾਈ ਦੇ ਰਹੀ ਹੈ। ਹੋਰਨਾਂ ਪਾਰਟੀਆਂ ਤੋਂ ਲਿਆਂਦੇ ਉਮੀਦਵਾਰਾਂ ਕਾਰਨ ਵੱਖ ਵੱਖ ਪਾਰਟੀਆਂ ਦੀ ਅੰਦਰੂਨੀ ਲੜਾਈ ਵੀ ਤੇਜ਼ ਹੋ ਗਈ ਹੈ ਅਤੇ ਵੱਡੀ ਗਿਣਤੀ ਆਗੂਆਂ ਦੇ ਬਾਗ਼ੀ ਹੋਣ ਦੇ ਆਸਾਰ ਹਨ। ਸਾਰੀਆਂ  ਪਾਰਟੀਆਂ ਨੇ ਲਗਪਗ ਤਿੰਨ ਦਰਜਨ ਅਜਿਹੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ  ਹਨ, ਜੋ ਹੋਰਨਾਂ ਪਾਰਟੀਆਂ ਤੋਂ ਆਏ ਹਨ। ਭਾਜਪਾ ਦੇ 17 ਅਤੇ ਕਾਂਗਰਸ ਦੇ 23 ਉਮੀਦਵਾਰਾਂ ਦੀ ਸੂਚੀ ਤੋਂ ਨਾਰਾਜ਼ ਆਗੂ ਦੋਹਾਂ ਪਾਰਟੀਆਂ ਲਈ ਸਿਰਦਰਦੀ ਪੈਦਾ ਕਰ ਸਕਦੇ ਹਨ।
ਕਾਂਗਰਸ ਪਾਰਟੀ ਦੀ 23 ਉਮੀਦਵਾਰਾਂ ਦੀ ਤੀਜੀ ਸੂਚੀ ਵਿੱਚ ਪੰਜ ਉਮੀਦਵਾਰ ਅਜਿਹੇ ਹਨ, ਜੋ ਸ਼੍ਰੋਮਣੀ ਅਕਾਲੀ ਦਲ ਤੋਂ ਆਏ ਹਨ। ਅਕਾਲੀ ਦਲ ਦੀ ਟਿਕਟ ਉੱਤੇ ਲੋਕ ਸਭਾ ਚੋਣ ਲੜ ਚੁੱਕੇ ਦੀਪਇੰਦਰ ਸਿੰਘ ਢਿੱਲੋਂ ਨੂੰ ਡੇਰਾਬਸੀ ਤੋਂ ਉਮੀਦਵਾਰ ਬਣਾਇਆ ਗਿਆ ਹੈ। ਉਹ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਬਾਗ਼ੀ ਸਨ। ਬਾਅਦ ਵਿੱਚ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ।  ਅਕਾਲੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਪੁੱਤਰ ਦਵਿੰਦਰ ਸਿੰਘ ਘੁਬਾਇਆ ਨੂੰ ਫ਼ਾਜ਼ਿਲਕਾ ਤੋਂ ਟਿਕਟ ਦਿੱਤੀ ਗਈ ਹੈ। ਲੁਧਿਆਣਾ ਦੇ ਕੌਂਸਲਰ ਕਮਲਜੀਤ ਸਿੰਘ ਕੜਵਲ ਨੂੰ ਕਾਂਗਰਸ ਟਿਕਟ ਮਿਲੀ ਹੈ। ਅਕਾਲੀ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ ਨੂੰ ਆਪਣੇ ਪਹਿਲੇ ਹਲਕੇ ਨਿਹਾਲ ਸਿੰਘ ਵਾਲਾ ਤੋਂ ਹੀ ਟਿਕਟ ਦਿੱਤੀ ਗਈ ਹੈ।  ਪ੍ਰੀਤਮ ਸਿੰਘ ਕੋਟਭਾਈ 2012 ਵਿੱਚ ਅਕਾਲੀ ਦਲ ਦੇ ਉਮੀਦਵਾਰ ਸਨ ਅਤੇ ਥੋੜੀਆਂ ਵੋਟਾਂ ਉੱਤੇ ਹਾਰੇ ਸਨ। ਇਸ ਵਾਰ ਕਾਂਗਰਸ ਦੇ ਉਮੀਦਵਾਰ ਬਣਾਏ ਗਏ ਹਨ।
ਇਸ ਤੋਂ ਇਲਾਵਾ ਪਾਰਟੀਆਂ ’ਤੇ ਗੁੱਟਬਾਜ਼ੀ ਵੀ ਭਾਰੂ ਹੋ ਰਹੀ ਹੈ। ਡੇਰਾ ਬਾਬਾ ਨਾਨਕ ਤੋਂ ਕਾਂਗਰਸ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦਾ ਭਤੀਜਾ ਦੀਪਇੰਦਰ ਸਿੰਘ ਰੰਧਾਵਾ ਆਪਣੇ ਚਾਚੇ ਖ਼ਿਲਾਫ਼ ਮੈਦਾਨ ਵਿੱਚ ਹੈ। ਬਟਾਲਾ ਤੋਂ ਅਸ਼ਵਨੀ ਸੇਖੜੀ ਖ਼ਿਲਾਫ਼ ਉਨ੍ਹਾਂ ਦਾ ਹੀ ਭਰਾ ਇੰਦਰ ਸੇਖੜੀ ਅਪਣਾ ਪੰਜਾਬ ਪਾਰਟੀ ਤੋਂ ਉਮੀਦਵਾਰ ਬਣਿਆ ਹੈ। ਸੂਤਰਾਂ ਅਨੁਸਾਰ ਉਨ੍ਹਾਂ ਨੂੰ ਅਮਰਿੰਦਰ ਸਿੰਘ ਵਿਰੋਧੀ ਮਾਝੇ ਦੇ ਹੀ ਇੱਕ ਵੱਡੇ ਆਗੂ ਦਾ ਥਾਪੜਾ ਹੈ। ਜਲੰਧਰ ਸੀਟ ਤੋਂ ਵੀ ਸਾਬਕਾ ਮੰਤਰੀ ਅਵਤਾਰ ਹੈਨਰੀ ਦੇ ਪੁੱਤਰ ਨੂੰ ਸੀਟ ਨਹੀਂ ਦਿੱਤੀ ਗਈ ਤੇ ਹੁਣ ਸ੍ਰੀ ਹੈਨਰੀ ਦਾ ਪੁੱਤਰ ਬਾਗ਼ੀ ਉਮੀਦਵਾਰ ਵਜੋਂ ਚੋਣ ਲੜ ਸਕਦਾ ਹੈ। ਇੱਕ ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਕਾਂਗਰਸ  ਨੇ ਬੀਤੇ ਤੋਂ ਸਬਕ ਨਹੀਂ ਸਿੱਖਿਆ। ਬਚਦੀਆਂ 17 ਸੀਟਾਂ ਉੱਤੇ ਉਮੀਦਵਾਰਾਂ ਦੇ ਐਲਾਨ ਨਾਲ ਹੋਰ ਵੀ ਸਮੱਸਿਆ ਖੜੀ ਹੋ ਸਕਦੀ ਹੈ। ਅਕਾਲੀ ਦਲ ਵਿੱਚੋਂ ਲਿਆਂਦੇ ਵਿਧਾਇਕ ਪਰਗਟ ਸਿੰਘ, ਇੰਦਰਬੀਰ ਸਿੰਘ ਬੁਲਾਰੀਆ, ਮਹੇਸ਼ ਇੰਦਰ ਸਿੰਘ ਸਮੇਤ ਕਈਆਂ ਦੀਆਂ ਟਿਕਟਾਂ ਬਗ਼ਾਵਤ ਕਰਵਾ ਸਕਦੀਆਂ ਹਨ। ਭੁੱਲਥ ਤੋਂ ਉਮੀਦਵਾਰ ਗੁਰਬਿੰਦਰ ਸਿੰਘ ਅਟਵਾਲ ਨਕੋਦਰ ਆਉਣਾ ਚਾਹੁੰਦੇ ਹਨ। ਜਲੰਧਰ ਕੈਂਟ ਸੀਟ ਤੋਂ ਜਗਬੀਰ ਸਿੰਘ ਬਰਾੜ ਹਰ ਹਾਲਤ ਵਿੱਚ ਚੋਣ ਲੜਨਾ ਚਾਹੁੰਦੇ ਹਨ। ਪਿਛਲੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਪਰਗਟ ਸਿੰਘ ਨੇ ਹਰਾਇਆ ਸੀ। ਜੇਕਰ ਜਗਬੀਰ ਨੂੰ ਟਿਕਟ ਮਿਲਦੀ ਹੈ ਤਾਂ ਪਰਗਟ ਸਿੰਘ ਨੂੰ ਨਕਦੋਰ ਤੋਂ ਟਿਕਟ ਦੇਣ ਬਾਰੇ ਸੋਚਿਆ ਜਾ ਸਕਦਾ ਹੈ। ਅਟਵਾਲ ਵੱਲੋਂ ਨਕੋਦਰ ਤੋਂ ਚੋਣ ਲੜਨ ਦੇ ਦਿੱਤੇ ਸੰਕੇਤ ਨੇ ਕਾਂਗਰਸ ਲਈ ਨਵਾਂ ਸੰਕਟ ਪੈਦਾ ਕਰ ਦਿੱਤਾ ਹੈ।
ਭਾਜਪਾ ਵਿੱਚ ਵੀ ਸਭ ਠੀਕ-ਠਾਕ ਨਹੀਂ ਹੈ। ਪਾਰਟੀ ਨੇ 17 ਸੀਟਾਂ  ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਭਾਜਪਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਸੀਨੀਅਰ ਆਗੂ ਸਤਪਾਲ ਗੋਸਾਈਂ ਪਾਰਟੀ ਛੱਡ ਕੇ ਕਾਂਗਰਸ ਵਿੱਚ ਚਲੇ ਗਏ ਹਨ। ਪਠਾਨਕੋਟ  ਤੋਂ ਮੁੜ ਟਿਕਟ ਕੱਟੇ ਜਾਣ ਤੋਂ ਨਾਰਾਜ਼ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਆਪਣੇ ਕਿਸੇ ਨਜ਼ਦੀਕੀ ਨੂੰ ਆਜ਼ਾਦ ਉਮੀਦਵਾਰ ਵਜੋਂ ਲੜਾਉਣ ਬਾਰੇ ਵਿਚਾਰ ਕਰ ਰਹੇ ਹਨ। ਪਾਰਟੀ ਦੇ ਚਾਰ ਸੀਨੀਅਰ ਮੰਤਰੀਆਂ ਚੁੂਨੀ ਲਾਲ ਭਗਤ, ਮਦਨ ਮੋਹਨ ਮਿੱਤਲ, ਅਨਿਲ ਜੋਸ਼ੀ ਅਤੇ ਸੁਰਜੀਤ ਕੁਮਾਰ ਜਿਆਣੀ ਦੀਆਂ ਟਿਕਟਾਂ ਸਬੰਧੀ ਹਾਲੇ ਰੇੜਕਾ ਚੱਲ ਰਿਹਾ ਹੈ। ਭਾਜਪਾ ਸਾਹਮਣੇ ਇਹ ਸਮੱਸਿਆ ਵੀ ਹੈ ਕਿ ਦੋ ਬਜ਼ੁਰਗ ਆਗੂ ਆਪਣੇ ਪੁੱਤਰਾਂ ਲਈ ਟਿਕਟਾਂ ਮੰਗ ਰਹੇ ਹਨ। ਜੇਕਰ ਇਸ ਤਰ੍ਹਾਂ ਟਿਕਟਾਂ ਦਿੱਤੀਆਂ  ਜਾਂਦੀਆਂ ਹਨ ਤਾਂ ਭਾਜਪਾ ਵੀ ਪਰਿਵਾਰਵਾਦ ਦੇ ਦੋਸ਼ ਦੇ ਦਾਇਰੇ ਵਿੱਚ ਆ ਜਾਵੇਗੀ।

(we are thankful to punjabi tribune for publisht this item)

Please Click here for Share This News

Leave a Reply

Your email address will not be published. Required fields are marked *