best platform for news and views

ਕੈਪਟਨ ਨੂੰ ਟੱਕਰ ਦੇਣ ਲਈ ਅਕਾਲੀ ਦਲ ਦੇ ਜਹਾਜ ‘ਤੇ ਲੈਂਡਿੰਗ ਕੀਤੀ ਸਾਬਕਾ ਥਲ ਸੈਨਾ ਮੁਖੀ ਨੇ

Please Click here for Share This News

ਚੰਡੀਗੜ੍ਹ : ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾ ਵਿਚ ਦਲਬਦਲੀਆਂ ਅਤੇ ਰਾਜਨੀਤੀ ਵਿਚ ਨਵੇਂ ਸ਼ਾਮਲ ਹੋਏ ਅਧਿਕਾਰੀਆਂ ਨੂੰ ਆਮ ਨਾਲੋਂ ਵੱਧ ਮਹੱਤਤਾ ਦਿੱਤੀ ਜਾ ਰਹੀ ਹੈ, ਜਿਸ ਤੋਂ ਆਮ ਵਰਕਰਾਂ ਦੇ ਭਵਿੱਖ ‘ਤੇ ਸਵਾਲੀਆ ਚਿੰਨ ਲੱਗ ਗਿਆ ਹੈ। ਨਵੇਂ ਰਾਜਨੀਤੀ ਵਿਚ ਆਏ ਸਾਬਕਾ ਅਧਿਕਾਰੀਆਂ ਨੂੰ ਚੋਣ ਮੈਦਾਨ ਵਿਚ ਧੜਾਧੜ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ। ਦਿਲਚਸਪਤ ਤੱਥ ਇਹ ਵੀ ਹਨ ਕਿ ਇਸ ਵਾਰ ਪਾਰਟੀਆਂ ਵਲੋਂ ਅਜਿਹੇ ਆਗੂਆਂ ਨੂੰ ਚੁੱਪ ਚੁਪੀਤੇ ਉਪਰੋਂ ਹੀ ਉਤਾਰ ਦਿੱਤਾ ਜਾਂਦਾ ਹੈ ਕਿ ਸਬੰਧਿਤ ਇਲਾਕੇ ਦੇ ਲੋਕਾਂ ਨੇ ਉਸ ਆਗੂ ਦਾ ਕਦੇ ਨਾਮ ਵੀ ਨਹੀਂ ਸੁਣਿਆ ਹੁੰਦਾ। ਇਸੇ ਤਰਾਂ ਹੀ ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਜੇ.ਜੇ. ਸਿੰਘ ਇਥੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹਾਜਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋਏ ਅਤੇ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਪਟਿਆਲਾ (ਸ਼ਹਿਰੀ) ਹਲਕੇ ਦੀ ਟਿਕਟ ਦੇ ਕੇ ਨਿਵਾਜਿਆ ਗਿਆ ਹੈ। ਜਨਰਲ ਜੇ.ਜੇ. ਸਿੰਘ ਹੁਣ ਇਸ ਹਲਕੇ ਤੋਂ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਖਿਲਾਫ ਚੋਣ ਲੜਨਗੇ।
ਜੇ.ਜੇ. ਸਿੰਘ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਟਿਆਲਾ (ਸ਼ਹਿਰੀ) ਵਿਧਾਨ ਸਭਾ ਹਲਕੇ ਤੋਂ ਜਿੱਤ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਫੌਜੀ ਜਰਨੈਲ ਹੋਣ ਕਰ ਕੇ ਲੜਾਈ ਸਿਰਫ਼ ਲੜਨੀ ਨਹੀਂ, ਸਗੋਂ ਜਿੱਤਣੀ ਵੀ ਆਉਂਦੀ ਹੈ। ਉਨ੍ਹਾਂ ਕਿਹਾ ‘ਮੇਰੇ ਨਾਨਕੇ ਦਾਦਕੇ ਸਭ ਕੁਝ ਪਟਿਆਲਾ ਸ਼ਹਿਰ ਨਾਲ ਜੁੜਿਆ ਹੋਇਆ ਹੈ।’ ਇਸ ਲਈ ਇਹ ਸ਼ਹਿਰ ਤੇ ਇੱਥੋਂ ਦੇ ਵੋਟਰ ਕਿਸੇ ਵੀ ਤਰ੍ਹਾਂ ਬੇਗਾਨੇ ਨਹੀਂ ਹਨ।
ਉਨ੍ਹਾਂ ਨੇ ਫ਼ੌਜੀ ਅੰਦਾਜ਼ ਵਿੱਚ ਕਿਹਾ ਕਿ ਪਟਿਆਲਾ ਜਿੱਤਣ ਦੀ ਮੁਹਿੰਮ ਨੂੰ ‘ਸੰਪਰੂਨ ਫ਼ਤਿਹ’ ਅਪਰੇਸ਼ਨ ਦਾ ਨਾਮ ਦਿੱਤਾ ਗਿਆ ਹੈ। ਉਨ੍ਹਾਂ ਨੂੰ ਲੜਾਈ ਦੀਆਂ ਸਾਰੀਆਂ ਤਕਨੀਕਾਂ ਆਉਂਦੀਆਂ ਹਨ ਤੇ ਅਮਰਿੰਦਰ ਸਿੰਘ ਨੂੰ ਪਟਿਆਲਾ ਵਿੱਚ ਹੀ ਘੇਰ ਕੇ ਰੱਖਿਆ ਜਾਵੇਗਾ। ਜੇ.ਜੇ. ਸਿੰਘ ਨੇ ਕਿਹਾ ਕਿ ਰਾਜਨੀਤੀ ਵਿੱਚ ਬੇਸ਼ੱਕ ਉਨ੍ਹਾਂ ਦਾ ਇਹ ਪਹਿਲਾ ਕਦਮ ਹੈ, ਪਰ ਲੀਡਰਸ਼ਿਪ ਦਾ ਉਨ੍ਹਾਂ ਕੋਲ ਬਹੁਤ ਲੰਮਾ ਤਜਰਬਾ ਹੈ। ਉਹ ਆਪਣੇ ਇਸ ਤਜਰਬੇ ਨੂੰ ਪਟਿਆਲੇ ਦੇ ਲੋਕਾਂ ਦੀ ਸੇਵਾ ਵਿੱਚ ਲਾਉਣਗੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਕੋਈ ਭਾਰਤੀ ਸੈਨਾ ਦੀ ਅਗਵਾਈ ਕਰਨ ਵਾਲੇ ਅਫ਼ਸਰ ਦੀ ਪਾਰਟੀ ਵਿੱਚ ਸ਼ਮੂਲੀਅਤ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕੋਲ ਕੋਈ ਮੁੱਦਾ ਨਹੀਂ ਹੈ, ਜਿਸ ਕਰ ਕੇ ਉਹ ਹਰ ਰੋਜ਼ ਇੱਕ ਨਵਾਂ ਸ਼ੋਸ਼ਾ ਛੱਡ ਕੇ ਲੋਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲੋਂ ਤਾਂ ਟਿਕਟਾਂ ਵੀ ਨਹੀਂ ਵੰਡੀਆਂ ਜਾ ਰਹੀਆਂ। ਅੰਦਰੂਨੀ ਫੁੱਟ ਇੰਨੀ ਜ਼ਿਆਦਾ ਹੈ ਕਿ ਕਾਂਗਰਸ ਨੂੰ ਹਰਾਉਣ ਲਈ ਕਾਂਗਰਸੀ ਆਗੂ ਹੀ ਕਮਰ ਕੱਸੀ ਬੈਠੇ ਹਨ।

Please Click here for Share This News

Leave a Reply

Your email address will not be published. Required fields are marked *