best platform for news and views

ਕੈਪਟਨ ਤੋਂ ਵਾਅਦੇ ਪੂਰੇ ਕਰਾਉਣੇ ਹਨ ਤਾਂ ਕਾਂਗਰਸ ਨੂੰ ਹਰਾ ਕੇ ‘ਆਪ’ ਨੂੰ ਜਿਤਾਉਣਾ ਜ਼ਰੂਰੀ : ਭਗਵੰਤ ਮਾਨ

Please Click here for Share This News

ਚੰਡੀਗੜ੍ਹ 8 ਅਪ੍ਰੈਲ 2019
ਆਮ ਆਦਮੀ ਪਾਰਟੀ (ਆਪ)  ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬੀਆਂ ਦੇ ਨਾਂ ਇੱਕ ਪੱਤਰ ਲਿਖ ਕੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦੇ ਹੋਏ ਅਪੀਲ ਕੀਤੀ ਹੈ ਕਿ ਜੇਕਰ ਉਹ ਅਗਲੇ ਤਿੰਨ ਸਾਲਾਂ ਅੰਦਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਵਾਅਦੇ ਪੂਰੇ ਕਰਵਾਉਣੇ ਚਾਹੁੰਦੇ ਹਨ ਤਾਂ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਬੁਰੀ ਤਰ੍ਹਾਂ ਹਰਾਉਣਾ ਜ਼ਰੂਰੀ ਹੈ।
‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਵਿਚ ਇਸ ਪੱਤਰ ਰਾਹੀਂ ਭਗਵੰਤ ਮਾਨ ਨੇ ਸਭ ਤੋਂ ਪਹਿਲਾਂ ਰਸਮੀ ਦੁਆ ਸਲਾਮ ਕੀਤੀ ਹੈ।
ਭਗਵੰਤ ਮਾਨ ਲਿਖਦੇ ਹਨ ਕਿ ਕੁੱਝ ਮਹੀਨੇ ਪਹਿਲਾਂ ਮੈਂ ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ। ਪਾਰਟੀ ਵਿੱਚ ਕੁੱਝ ਸਮਾਂ ਸਮੱਸਿਆਵਾਂ ਰਹੀਆਂ। ‘ਆਪ’ ਵਿਰੋਧੀ ਬਾਹਰੀ ਤਾਕਤਾਂ ਨਾਲ ਮਿਲ ਕੇ ਕੁੱਝ ਸਵਾਰਥੀ ਲੋਕ ਪਾਰਟੀ ਨੂੰ ਅੰਦਰੋ-ਅੰਦਰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ । ਹੁਣ ਉਹ ਪਾਰਟੀ ਛੱਡ ਕੇ ਚਲੇ ਗਏ। ਹੁਣ ਪਾਰਟੀ ਪੂਰੀ ਤਰ੍ਹਾਂ ਨਾਲ ਮਜ਼ਬੂਤ ਹੋ ਗਈ ਹੈ। ਜਦੋਂ ਤੋਂ ਮੈਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਹੀ ਆਮ ਆਦਮੀ ਪਾਰਟੀ ਇੱਕ ਮਜ਼ਬੂਤ ਟੀਮ ਦੀ ਤਰ੍ਹਾਂ ਰਾਤ-ਦਿਨ ਪੰਜਾਬ ਦੇ ਵਿਕਾਸ ਲਈ ਕੰਮ ਕਰ ਰਹੀ ਹੈ।
ਭਗਵੰਤ ਮਾਨ ਨੇ ਦੱਸਿਆ ਕਿ ਉਹ ਪਹਿਲਾਂ ਇੱਕ ਮਸ਼ਹੂਰ ਕਲਾਕਾਰ ਸੀ ਅਤੇ ਇੱਕ ਸ਼ੋਅ ਕਰਨ ਦਾ ਲੱਖਾਂ ਰੁਪਏ ਲੈਂਦਾ ਸੀ। ਮੈਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਆਪਣਾ ਕੰਮ ਛੱਡ ਦਿੱਤਾ। ਮੈਂ ਕਦੇ-ਕਦਾਈਂ ਸ਼ਰਾਬ ਪੀਂਦਾ ਸੀ। ਇੱਕ ਦਿਨ ਮੇਰੀ ਮਾਂ ਨੇ ਮੈਨੂੰ ਕਿਹਾ-“ਜਨਤਾ ਦੀ ਸੇਵਾ ਕਰਨ ਵਿੱਚ ਸ਼ਰਾਬ ਰੁਕਾਵਟਾਂ ਪੈਦਾ ਕਰਦੀ ਹੈ, ਪੁੱਤ ਸ਼ਰਾਬ ਛੱਡਦੇ।” ਮੇਰੀ ਮਾਂ ਦੇ ਕਹਿਣ ‘ਤੇ ਇਸੇ ਸਾਲ 1 ਜਨਵਰੀ ਤੋਂ ਮੈਂ ਹਮੇਸ਼ਾ ਲਈ ਸ਼ਰਾਬ ਪੀਣੀ ਛੱਡ ਦਿੱਤੀ। ਮੇਰੇ ਜੀਵਨ ਦਾ ਇੱਕ-ਇੱਕ ਮਿੰਟ ਵੀ ਹੁਣ ਪੰਜਾਬ ਦੇ ਲੋਕਾਂ ਲਈ ਸਮਰਪਿਤ ਹੈ!
ਭਗਵੰਤ ਮਾਨ ਨੇ ਕਿਹਾ ”ਸਾਡੇ ਗੁਰੂਆਂ, ਪੀਰਾਂ-ਪੈਗ਼ੰਬਰਾਂ ਤੇ ਸ਼ਹੀਦਾਂ ਨੂੰ ਯਾਦ ਰੱਖਣਾ ਸਾਡਾ ਫ਼ਰਜ਼ ਬਣਦਾ ਹੈ। 27 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਸੀ। ਮੈਂ ਸੰਸਦ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ  ਕੁਰਬਾਨੀ ਨੂੰ ਸ਼ਰਧਾਂਜਲੀ ਭੇਟ ਕਰਵਾਈ ਅਤੇ ਪੂਰੀ ਸੰਸਦ ਨੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕੀਤਾ। ਸੰਸਦ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਅਤੇ ਆਜ਼ਾਦੀ ਤੋਂ ਬਾਅਦ ਅੱਜ ਤੱਕ ਕਿਸੇ ਪਾਰਟੀ ਨੇ ਅਜਿਹਾ ਨਹੀਂ ਕਰਵਾਇਆ ਸੀ, ਮੈਨੂੰ ਬਹੁਤ ਸਕੂਨ ਮਿਲਿਆ।”
ਭਗਵੰਤ ਮਾਨ ਨੇ ਅੱਗੇ ਲਿਖਿਆ ਕਿ ਰੋਜ਼ੀ-ਰੋਟੀ ਲਈ ਗਏ ਲੱਖਾਂ ਪੰਜਾਬੀ ਵਿਦੇਸ਼ਾਂ ਵਿੱਚ ਵੱਸਦੇ ਹਨ । ਉਹ ਕਈ ਵਾਰ ਮੁਸੀਬਤ ਵਿੱਚ ਫਸ ਜਾਂਦੇ ਹਨ। ਅੱਜ ਤੱਕ ਕਦੇ ਕਿਸੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਮੈਂ ਧਾਰ ਲਿਆ ਕਿ ਜਦ ਕੋਈ ਵੀ ਪੰਜਾਬੀ ਵਿਦੇਸ਼ਾਂ ਵਿੱਚ ਕਿਸੇ ਮੁਸੀਬਤ ਵਿਚ ਘਿਰੇਗਾ ਤਾਂ ਮੈਂ ਉਸ ਨੂੰ ਹਰ ਹੀਲੇ ਵਤਨ ਵਾਪਸ ਲੈ ਕੇ ਆਵਾਂਗਾ। ਪਿਛਲੇ 5 ਸਾਲਾਂ ਵਿੱਚ ਮੈਂ ਵਿਦੇਸ਼ਾਂ ਵਿੱਚ ਫਸੇ ਸੈਂਕੜੇ ਪੰਜਾਬੀਆਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਵਾਪਸ ਘਰ ਲੈ ਕੇ ਆਇਆ ਹਾਂ। ਇਸ ਦੇ ਲਈ ਮੈਨੂੰ ਕਈ ਵਾਰ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪਿਆ, ਪਰ ਮੈਂ ਕਦੇ ਹਾਰ ਨਹੀਂ ਮੰਨੀ। ਹਮੇਸ਼ਾ ਇਹੀ ਸੋਚਦਾ ਸੀ ਕਿ ਜੇ ਮੇਰੀ ਕੋਸ਼ਿਸ਼ ਨਾਲ ਕਿਸੇ ਦੇ ਘਰ ਦੀ ਖ਼ੁਸ਼ੀ ਵਾਪਸ ਆਉਂਦੀ ਹੈ, ਤਾਂ ਮੇਰੇ ਲਈ ਇਸ ਤੋਂ ਵੱਡਾ ਪੁੰਨ ਦਾ ਕੰਮ ਹੋਰ ਕੋਈ ਨਹੀਂ।
ਮਾਨ ਨੇ ਦੱਸਿਆ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ। ਉਨ੍ਹਾਂ ਨੇ ਸਰਕਾਰੀ ਸਕੂਲਾਂ ਵਿਚ ਕਮਾਲ ਦਾ ਸੁਧਾਰ ਕਰ ਦਿਖਾਇਆ ਹੈ, ਸਰਕਾਰੀ ਹਸਪਤਾਲ ਵਿਚ ਹਰ ਸਹੂਲਤ ਦਿੱਤੀ ਹੈ, ਬਿਜਲੀ ਸਸਤੀ ਕਰ ਦਿੱਤੀ ਅਤੇ ਹੁਣ ਦਿੱਲੀ ਵਿੱਚ 24 ਘੰਟੇ ਬਿਜਲੀ ਆਉਂਦੀ ਹੈ । ਕੇਜਰੀਵਾਲ ਜੀ ਨੇ ਦਿੱਲੀ ਵਿੱਚ ਐਨੇ ਵਧੀਆ ਕੰਮ ਕੀਤੇ ਨੇ, ਪਰ ਇੱਥੇ ਕੈਪਟਨ ਅਮਰਿੰਦਰ ਸਿੰਘ ਨੇ ਕੀ ਕੀਤਾ? ਜੇ ਕੇਜਰੀਵਾਲ ਜੀ ਅਜਿਹੇ ਪ੍ਰਸ਼ੰਸਾਯੋਗ ਕੰਮ ਕਰ ਸਕਦੇ ਨੇ ਤਾਂ ਕੈਪਟਨ ਸਾਹਿਬ ਵੀ ਕਰ ਸਕਦੇ ਹਨ। ਪਰੰਤੂ ਅਜਿਹਾ ਤਾਂ ਹੀ ਸੰਭਵ ਹੈ ਜੇਕਰ ਨੀਅਤ ਸਾਫ਼ ਹੋਵੇ।
ਭਗਵੰਤ ਮਾਨ ਨੇ ਇਹ ਲਿਖਿਆ ਕਿ ਵੋਟਾਂ ਤੋਂ ਪਹਿਲਾਂ ਕੈਪਟਨ ਸਾਹਿਬ ਨੇ ਬਹੁਤ ਵੱਡੇ-ਵੱਡੇ ਵਾਅਦੇ ਕੀਤੇ, ਪਰ ਕੋਈ ਵਾਅਦਾ ਵਫ਼ਾ ਨਹੀਂ ਹੋਇਆ, ਕਿਉਂਕਿ ਕੈਪਟਨ ਸਾਹਿਬ ਦੀ ਨੀਅਤ ਵਿੱਚ ਖੋਟ ਸੀ। ਕੀ ਤੁਹਾਡੇ ਘਰ ਵਿੱਚ ਕਿਸੇ ਨੂੰ ਨੌਕਰੀ ਮਿਲੀ? ਕੀ ਕਿਸੇ ਕਿਸਾਨ ਜਾਂ ਮਜ਼ਦੂਰ ਦਾ ਕਰਜ਼ਾ ਮੁਆਫ਼ ਹੋਇਆ? ਕੀ ਤੁਹਾਡੇ ਘਰ ਦੇ ਬਜ਼ੁਰਗਾਂ ਨੂੰ 2500 ਮਹੀਨਾ ਪੈਨਸ਼ਨ ਲੱਗੀ? ਕੀ ਤੁਹਾਡੇ ਘਰ ਵਿੱਚ ਕਿਸੇ ਨੂੰ ਸਮਾਰਟ ਫ਼ੋਨ ਮਿਲਿਆ? ਅਸਲੀਅਤ ਇਹ ਹੈ ਕਿ ਕਿਸੇ ਨੂੰ ਵੀ ਨਹੀਂ।  ਕੈਪਟਨ ਸਾਹਿਬ ਨੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ ਉਹ 1 ਮਹੀਨੇ ਵਿੱਚ ਨਸ਼ਾ ਬੰਦ ਕਰ ਦੇਣਗੇ ਅਤੇ ਚਿੱਟੇ ਦੇ ਤਸਕਰਾਂ ਨੂੰ ਜੇਲ੍ਹਾਂ ਵਿਚ ਸੁੱਟਣਗੇ। ਪਰੰਤੂ ਅਜਿਹਾ ਕੁੱਝ ਨਹੀਂ ਕੀਤਾ ਅਤੇ ਅੱਜ ਵੀ ਪੂਰੇ ਪੰਜਾਬ ਵਿੱਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ, ਜਿੰਨੇ ਵੀ ਵੱਡੇ-ਵੱਡੇ ਨਸ਼ਾ ਤਸਕਰ ਸ਼ਰੇਆਮ ਖੁੱਲ੍ਹੇ ਘੁੰਮ ਰਹੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਸੱਚ ਪੁੱਛੋ, ਕੁੱਝ ਵੀ ਨਹੀਂ ਬਦਲਿਆ, ਕੈਪਟਨ ਸਾਹਿਬ ਨੇ ਝੂਠ ਬੋਲ ਕੇ ਵੋਟਾਂ ਲਈਆਂ ਸਨ। ਜੇਕਰ ਤੁਸੀਂ ਹੁਣ ਵੀ ਕੈਪਟਨ ਸਾਹਿਬ ਨੂੰ ਵੋਟਾਂ ਪਾਓਗੇ ਤਾਂ ਉਨ੍ਹਾਂ ਨੂੰ ਲੱਗੇਗਾ ਕਿ ਲੋਕ ਸਾਰੇ ਪੁਰਾਣੇ ਵਾਅਦੇ ਭੁੱਲ ਗਏ ਹਨ। ਇਸ ਲਈ ਲੋਕਾਂ ਦੀ ਭਲਾਈ ਲਈ ਕੁੱਝ ਕਰਨ ਦੀ ਲੋੜ ਨਹੀਂ। ਇਸ ਲਈ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਂਗੇ ਤਾਂ ਉਨ੍ਹਾਂ ਨੂੰ ਸਬਕ ਮਿਲ ਜਾਵੇਗਾ ਕਿ ਲੋਕ ਕੈਪਟਨ ਸਰਕਾਰ ਤੋਂ ਬੁਰੀ ਤਰ੍ਹਾਂ ਨਾਰਾਜ਼ ਹਨ। ਹੋ ਸਕਦਾ ਉਹ ਕੁੱਝ ਵਾਅਦੇ ਪੂਰੇ ਕਰਨ ਲਈ ਮਜਬੂਰ ਹੋ ਜਾਣ । ਇਸ ਲਈ ਤੁਸੀਂ ਝਾੜੂ ਨੂੰ ਵੋਟ ਪਾਓ, ਮੇਰੀ ਪਾਰਟੀ ਨੂੰ ਵੋਟ ਦਿਓ। ਮੈਂ ਕੈਪਟਨ ਅਮਰਿੰਦਰ ਸਿੰਘ ‘ਤੇ ਦਬਾਅ ਬਣਾ ਕੇ ਉਨ੍ਹਾਂ ਤੋਂ ਵਾਅਦੇ ਪੂਰੇ ਕਰਵਾਵਾਂਗਾ।
ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਸਵਾਮੀਨਾਥਨ ਰਿਪੋਰਟ ਲਾਗੂ ਕਰ ਦਿੱਤੀ ਹੈ। ਹੁਣ ਦਿੱਲੀ ਵਿੱਚ ਕਣਕ 2616 ਰੁਪਏ ਪ੍ਰਤੀ ਕਵਿੰਟਲ ਅਤੇ ਝੋਨੇ ਦੀ ਫ਼ਸਲ 2667 ਰੁਪਏ ਪ੍ਰਤੀ ਕਵਿੰਟਲ ਵਿਕੇਗੀ । ਮੈਂ ਕੈਪਟਨ ਸਾਹਿਬ ਤੋਂ ਪੰਜਾਬ ਵਿੱਚ ਵੀ ਦਿੱਲੀ ਦੀ ਤਰਜ਼ ਉੱਤੇ ਸਵਾਮੀਨਾਥਨ ਰਿਪੋਰਟ ਦੇ ਬਰਾਬਰ ਫ਼ਸਲਾਂ ਦੇ ਭਾਅ ਲੈਣ ਲਈ ਲੜਾਈ ਲੜਾਂਗਾ। ਪੰਜਾਬ ਦੇ ਕਿਸਾਨਾਂ ਨੂੰ ਵੀ ਫ਼ਸਲਾਂ ਦੇ ਸਹੀ ਭਾਅ ਦਿਵਾ ਕੇ ਰਹਾਂਗਾ!
ਭਗਵੰਤ ਮਾਨ ਨੇ ਕਿਹਾ, ਕੀ ਤੁਸੀਂ ਕਦੇ ਸੋਚਿਆ ਪੰਜਾਬ ਵਿੱਚ ਬਿਜਲੀ ਐਨੀ ਮਹਿੰਗੀ ਕਿਉਂ ਹੈ? ਕੇਜਰੀਵਾਲ ਜੀ ਨੇ ਦਿੱਲੀ ਵਿੱਚ 1 ਰੁਪਏ ਪ੍ਰਤੀ ਯੂਨਿਟ ਬਿਜਲੀ ਕਰ ਦਿੱਤੀ ਹੈ। ਅਸੀ ਪੰਜਾਬ ਵਿੱਚ ਬਿਜਲੀ ਅੰਦੋਲਨ ਕਰ ਰਹੇ ਹਾਂ, ਦਲਿਤ ਵਰਗ ਦੇ 200 ਯੂਨਿਟ ਮੁਫ਼ਤ ਬਿਜਲੀ ਦੇਣ ਉੱਤੇ ਲਗਾਈਆਂ ਸ਼ਰਤਾਂ ਖ਼ਤਮ ਕਰਵਾ ਦਿੱਤੀਆਂ ਹਨ, ਬਕਾਇਆ ਬਿੱਲ ਮੁਆਫ਼ ਕਰਵਾ ਕੇ ਅੱਧੀ ਲੜਾਈ ਜਿੱਤ ਲਈ ਹੈ, ਪਰ ਇਹ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕੈਪਟਨ ਸਰਕਾਰ ਕੇਜਰੀਵਾਲ ਦੀ ਸਰਕਾਰ ਵਾਂਗ ਅੱਧੇ ਮੁੱਲ ਉੱਤੇ ਬਿਜਲੀ ਨਹੀਂ ਦੇ ਦਿੰਦੀ। ਪੰਜਾਬ ਵਿੱਚ  ਗ਼ਰੀਬ ਲੋਕਾਂ ਦੇ ਹਜ਼ਾਰਾਂ ਰੁਪਏ ਦੇ ਗ਼ਲਤ (ਨਜਾਇਜ਼) ਬਿਜਲੀ ਦੇ ਬਿੱਲ ਆ ਰਹੇ ਹਨ, ਬਿਜਲੀ ਅੰਦੋਲਨ ਰਾਹੀ ਸਾਡੀ ਪਾਰਟੀ ਨੇ ਕੈਪਟਨ ਦੀ ਸਰਕਾਰ ਨਾਲ ਲੜ ਕੇ ਉਨ੍ਹਾਂ ਦੇ ਬਿੱਲ ਠੀਕ ਕਰਵਾਏ ਹਨ।
ਭਗਵੰਤ ਮਾਨ ਨੇ ਕਿਹਾ ਕਿ ਇਸ ਚੋਣ ਵਿੱਚ ਤੁਸੀਂ ਝਾੜੂ ਨੂੰ ਵੋਟ ਪਾਓ, ਆਪਣੇ ਰਿਸ਼ਤੇਦਾਰਾਂ ਦੀ ਵੀ ਵੋਟ ਪਵਾਓ ਅਤੇ ਸਾਡੇ ਹੱਥ ਮਜ਼ਬੂਤ ਕਰੋ। ਅਸੀਂ ਕੈਪਟਨ ਦੀ ਸਰਕਾਰ ਉੱਤੇ ਦਬਾਅ ਪਾ ਕੇ ਤੁਹਾਡੇ ਸਾਰੇ ਕੰਮ ਕਰਵਾਵਾਂਗੇ।

Please Click here for Share This News

Leave a Reply

Your email address will not be published. Required fields are marked *