best platform for news and views

ਕੈਪਟਨ  ਤੇ ਸਿੱਧੂ ਨੇ ਮਿਲਕੇ ਬਾਦਲਾਂ ਨੂੰ ਲਾਏ ਰਗੜੇ

Please Click here for Share This News

ਰਾਜਨ ਮਾਨ
ਅੰਮ੍ਰਿਤਸਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ‘ਚ ਸ਼ਾਮਲ ਹੋਏ ਨਵਜੋਤ ਸਿੰਘ ਸਿੱਧੂ ਸਟਾਰ ਪ੍ਰਚਾਰਕ ਨੇ ਪਲੇਠੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਕ ਦੂਸਰੇ ਦੀਆਂ ਤਾਰੀਫਾਂ ਦੇ ਪੁੱਲ ਬੰਨਦੇ ਹੋਏ ਬਾਦਲਾਂ ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਪੰਜਾਬ ਦੇ ਲੋਕ ਦੋ ਤਿਹਾਈ ਬਹੁਮਤ ਨਾਲ ਕਾਂਗਰਸ ਦੀ ਸਰਕਾਰ ਬਣਾਉਣਗੇ। ਕਿਸੇ ਸਮੇਂ ਦੇ ਰਾਜਸੀ ਵਿਰੋਧੀ ਰਹੇ ਕੈਪਟਨ-ਸਿੱਧੂ ਨੇ ਲੰਬੀ ‘ਚ ਪ੍ਰਕਾਸ਼ ਸਿੰਘ ਬਾਦਲ ਤੇ ਜਲਾਲਾਬਾਦ ਵਿਚ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਨੂੰ ਕਰਾਰੀ ਹਾਰ ਦੇਣ ਦੇ ਦਾਅਵੇ ਕੀਤੇ। ਸਭ ਮਤਭੇਦਾਂ ਦੀਆਂ ਖਬਰਾਂ ਨੂੰ ਰੱਦ ਕਰਦਿਆਂ ਕੈਪਟਨ ਨੇ ਸਿੱਧੂ ਨੂੰ ਆਪਣਾ ਬੇਟਾ ਕਰਾਰ ਦਿੰਦਿਆਂ ਕਿਹਾ ਕਿ ਉਸ ਦੇ ਪਿਤਾ ਜੀ ਨਾਲ ਮੇਰੇ ਗੂੜੇ ਸਬੰਧ ਸਨ। ਸਿੱਧੂ ਨੂੰ ਮੈਂ ਬਹੁਤ ਛੋਟੇ ਹੁੰਦੇ ਤੋਂ ਜਾਣਦਾ ਹਾਂ ਅਤੇ ਸਾਡੀ ਆਪਸੀ ਪਰਿਵਾਰਿਕ ਸਾਂਝ ਬੜੀ ਗੂੜੀ ਹੈ। ਕੈਪਟਨ ਨੇ ਆਪਣੇ ਸਿਆਸੀ ਅੰਦਾਜ ‘ਚ ਅਕਾਲੀਆਂ ਨੂੰ ਰਗੜੇ ਲਾਉਦਿਆਂ ਕਿਹਾ ਕਿ ਇੰਨ੍ਹਾਂ ਪੰਜਾਬ ਵਿਚ ਗੰਦ ਪਾਇਆ ਹੈ। ਪੱਤਰਕਾਰਾਂ ਜਦ ਕੈਪਟਨ ਦਾ ਡਾਇਲਾਗ ਖੂੰਡਾ ਚੇਤਾ ਕਰਵਾਇਆ ਤਾਂ ਉਨ੍ਹਾਂ ਕਿਹਾ ਕਿ ਇਸ ਵਾਰੀ ਬਾਦਲਾਂ ਨੂੰ ਠੋਕਣਾ ਹੈ ਭਾਵ ਸਿਆਸੀ ਮੈਦਾਨ ‘ਚ ਚਿੱਤ ਕਰਨਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਹ ਦੋਸ਼ ਰੱਦ ਕੀਤਾ ਕਿ ਉਨ੍ਹਾਂ ਦਾ ਬਾਦਲਾਂ ਨਾਲ ਕੋਈ ਸਿਆਸੀ ਮੈਚ ਫਿਕਸ ਹੋਇਆ ਹੈ। ਕੈਪਟਨ ਮੁਤਾਬਕ ਬਾਦਲਾਂ ਨੇ ਪੰਜਾਬ ਪੱਲੇ ਕੁਝ ਨਹੀ ਛੱਡਿਆ। ਬਾਦਲ ਸਨਅਤਕਾਰਾਂ ਤੋਂ ਪੈਸੇ ਲੈਂਦੇ ਰਹੇ ਹਨ। ਕੈਪਟਨ ਨੇ ‘ਆਪ’ ਬਾਰੇ ਕਿਹਾ ਕਿ ਉਸ ਦਾ ਪੰਜਾਬ ‘ਚ ਭੋਗ ਪੈ ਗਿਆ ਹੈ ਤੇ ਅਕਾਲੀਆਂ, ਭਾਜਪਾਈਆਂ ਦਾ ਵੀ ਪੈਣ ਵਾਲਾ ਹੈ। ਅਕਾਲੀ ਭਾਜਪਾ 10 ਜਾਂ ਵੱਧ ਤੋਂ ਵੱਧ 20 ਸੀਟਾਂ ਖੜਨਗੇ। ਡਰੱਗਜ ਮੱਸਲੇ ਤੇ ਕੈਪਟਨ ਨੇ ਕਿਹਾ ਕਿ ਮਜੀਠੀਆ, ਭੋਲਾ, ਔਲਖ ਮਾਮਲੇ ਦੀ ਮੁੜ ਜਾਂਚ ਹੋਵੇਗੀ। ਕੈਪਟਨ ਨੇ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਕਿ ਉਹ ਪੰਜਾਬ ਭਰ ‘ਚ ਕਾਂਗਰਸ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ। ਸਿੱਧੂ ਨੇ ਕਿਹਾ ਕਿ ਉਹ ਲੰਬੀ ਵੀ ਜਾਣਗੇ। ਲੋਕ ਸਭਾ ਸੀਟ ਲਈ ਕਾਂਗਰਸੀ ਉਮੀਦਵਾਰ ਬਾਰੇ ਉਨ੍ਹਾਂ ਕਿਹਾ ਕਿ ਗੁਰਜੀਤ ਸਿੰਘ ਔਜਲਾ ਡੇਢ ਲੱਖ ਵੋਟ ਨਾਲ ਜਿੱਤਣਗੇ। ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਰਾਹੁਲ ਗਾਂਧੀ ਆਉਣਗੇ। ਪ੍ਰੀਅੰਕਾ ਗਾਂਧੀ ਪੰਜਾਬ ‘ਚ ਚੋਣ ਪ੍ਰਚਾਰ ਲਈ ਨਹੀ ਆਵੇਗੀ। ਕੈਪਟਨ ਅਮਰਿੰਦਰ ਸਿੰਘ ਵਿਰੁੱਧ ਪਟਿਆਲਾ ਤੋਂ ਚੋਣ ਲੜ ਰਹੇ ਜਨਰਲ ਜੇ ਜੇ ਸਿੰਘ ਬਾਰੇ ਕਿਹਾ ਕਿ ਮੈਂ ਉਸ ਨੂੰ ਜਰਨੈਲ ਨਹੀ ਮੰਨਦਾ। ਇਸ  ਮੌਕੇ ‘ਆਪ’ ਦੇ ਮੀਡੀਆ ਜ਼ੋਨ ਇੰਚਾਰਜ ਗੁਰਭੇਜ ਸਿੰਘ ਸੰਧੂ ਨੇ ਕਾਂਗਰਸ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਕੈਪਟਨ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ‘ਆਪ’ ਤੇ ਭਾਜਪਾ ਆਗੂ ਕਾਂਗਰਸ ‘ਚ ਵੱਡੀ ਗਿÎਣਤੀ ਵਿਚ ਸ਼ਾਮਲ ਹੋ ਰਹੇ ਹਨ। ਕੈਪਟਨ ਨੇ ਕਿਹਾ ਕਿ ਨੋਟਬੰਦੀ ਕਾਰਨ ਗਰੀਬਾਂ ਦਾ ਖਾਤਮਾ ਹੋ ਗਿਆ ਹੈ। ਕੈਪਟਨ ਨੇ ਕੇਜਰੀਵਾਲ ਨੂੰ ਕਮਲਾ ਆਦਮੀ ਕਰਾਰ ਦਿੰਦਿਆਂ ਕਿਹਾ ਕਿ ਉਹ ਕਮਲੀਆਂ ਮਾਰਦਾ ਹੈ। ਇਸ ਮੌਕੇ ਪੰਜਾਬ ਮਾਮਲਿਆਂ ਦੀ ਇੰਚਾਰਜ਼ ਆਸ਼ਾ ਕੁਮਾਰੀ, ਗੁਰਜੀਤ ਸਿੰਘ ਔਜਲਾ, ਲਾਲੀ ਮਜੀਠੀਆ, ਸਵਿੰਦਰ ਸਿੰਘ ਕੱਥੂਨੰਗਲ, ਭਗਵੰਤਪਾਲ ਸਿੰਘ ਸੱਚਰ, ਹਰਜਿੰਦਰ ਸਿੰਘ ਸਾਂਘਣਾ, ਹਰਪ੍ਰਤਾਪ ਸਿੰਘ ਅਜਨਾਲਾ ਆਦਿ ਆਗੂ ਵੱਡੀ ਗਿਣਤੀ ‘ਚ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *