best platform for news and views

ਕੈਪਟਨ ਅਮਰਿੰਦਰ ਸਿੰਘ ਵੱਲੋਂ ਉਦਯੋਗ ਅਤੇ ਨਿਵੇਸ਼ਕਾਰਾਂ ਲਈ ਪੰਜਾਬ ’ਚ ਸੁਰੱਖਿਅਤ ਤੇ ਸਥਿਰ ਮਾਹੌਲ ਦਾ ਵਾਅਦਾ

Please Click here for Share This News

ਐਸ.ਏ.ਐਸ.ਨਗਰ(ਮੋਹਾਲੀ), 5 ਦਸੰਬਰ:
ਨਿਵੇਸ਼ ਅਤੇ ਵਿਕਾਸ ਲਈ ਉਦਯੋਗ ਨੂੰ ਸੁਰੱਖਿਅਤ ਤੇ ਸਥਿਰ ਮਾਹੌਲ ਮੁਹੱਈਆ ਕਰਵਾਉਣ ਲਈ ਆਪਣੀ ਸਰਕਾਰ ਦੀ ਦਿ੍ਰੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਾਕਿਸਤਾਨ ਦੇ ਨਾਲ-ਨਾਲ ਸਮਾਜ ਵਿਰੋਧੀ ਅਨਸਰਾਂ ਨੂੰ ਸੂਬੇ ਨੂੰ ਅਸਥਿਰ ਕਰਨ ਦੀ ਕਿਸੇ ਵੀ ਕੋਸ਼ਿਸ਼ ਕੀਤੇ ਜਾਣ ਵਿਰੁੱਧ ਸਖ਼ਤ ਤਾੜਨਾ ਕੀਤੀ ਹੈ।
ਉਦਯੋਗ ਨੂੰ ਵਿਕਾਸ ਲਈ ਬਹੁਤ ਹੀ ਸੁਖਾਵਾਂ ਮਾਹੌਲ ਪ੍ਰਦਾਨ ਕਰਦੇ ਪੰਜਾਬ ਦੇ ਸ਼ਾਂਤਮਈ ਹਾਲਾਤ ਵਿੱਚ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਗੁਆਂਢੀ ਮੁਲਕ ਅਤੇ ਕਿਸੇ ਵੀ ਗੈਂਗਸਟਰ ਜਾਂ ਗੁੰਡਿਆਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ,‘‘ਸੁਧਰ ਜਾਓ ਜਾਂ ਫਿਰ ਨਤੀਜੇ ਭੁਗਤਨ ਲਈ ਤਿਆਰ ਰਹੋ।’’
‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ-2019’ ਦੇ ਪਹਿਲੇ ਦਿਨ ਮੁੱਖ ਸੈਸ਼ਨ ਦੌਰਾਨ ਵਿਚਾਰ-ਚਰਚਾ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਪੰਜਾਬ ਪੁਲਿਸ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਹੋਈਆਂ ਹਨ ਕਿ ਕਿਸੇ ਵੀ ਅੰਦਰੂਨੀ ਜਾਂ ਬਾਹਰੀ ਖ਼ਤਰੇ ਨਾਲ ਕਰੜੇ ਹੱਥੀਂ ਨਿਪਟਿਆ ਜਾਵੇ। ਪਾਕਿਸਤਾਨ ਵੱਲੋਂ ਪੰਜਾਬ ਵਿੱਚ ਗੜਬੜ ਪੈਦਾ ਕਰਨ ਦੀਆਂ ਹਾਲ ਹੀ ਵਿੱਚ ਕੀਤੀਆਂ ਕੋਸ਼ਿਸ਼ਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਇਨਾਂ ਮਨਸੂਬਿਆਂ ਨੂੰ ਕੁਚਲ ਕੇ ਰੱਖ ਦਿੱਤਾ। ਆਈ.ਐਸ.ਆਈ. ਦੀ ਸ਼ਹਿ ਨਾਲ ਸੂਬੇ ਵਿੱਚ ਵੱਖ-ਵੱਖ ਗਰੁੱਪਾਂ ਦੀ ਘੁਸਪੈਠ ਦੀਆਂ ਪਾਕਿਸਤਾਨ ਫੌਜ ਦੀਆਂ ਕੋਸ਼ਿਸ਼ਾਂ ਨੂੰ ਵੀ ਪੁਲਿਸ ਨੇ ਮੂੰਹ ਤੋੜਵਾਂ ਜਵਾਬ ਦਿੱਤਾ।
ਮੁੱਖ ਮੰਤਰੀ ਨੇ ਕਿਹਾ,‘‘ਪਾਕਿਸਤਾਨ ਦੀਆਂ ਆਪਣੀਆਂ ਸਮੱਸਿਆਵਾਂ ਹਨ ਪਰ ਇਨਾਂ ਸਮੱਸਿਆਵਾਂ ਨੂੰ ਮੈਂ ਆਪਣੀਆਂ ਸਮੱਸਿਆਵਾਂ ਨਹੀਂ ਬਣਨ ਦੇਵਾਂਗਾ।’’ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਪੁਲਿਸ ਨੇ 28 ਅੱਤਵਾਦੀ ਗਿਰੋਹਾਂ ਦਾ ਪਰਦਾ ਫਾਸ਼ ਕੀਤਾ ਅਤੇ ਆਈ.ਐਸ.ਆਈ. ਦੀ ਸ਼ਹਿ ਪ੍ਰਾਪਤ 100 ਤੋਂ ਵੱਧ ਅੱਤਵਾਦੀਆਂ ਨੂੰ ਗਿ੍ਰਫਤਾਰ ਕੀਤਾ ਗਿਆ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦਾ ਮੰਨਣਾ ਹੈ ਕਿ ਇਮਰਾਨ ਖਾਨ ਸ਼ਾਂਤੀ ਚਾਹੁੰਦੇ ਹਨ ਪਰ ਸ੍ਰੀ ਖਾਨ ਵੱਲੋਂ ਸ਼ਾਂਤੀ ਲਈ ਚੁੱਕੇ ਜਾਣ ਵਾਲੇ ਕਿਸੇ ਵੀ ਕਦਮ ਵਿੱਚ ਪਾਕਿਸਤਾਨੀ ਫੌਜ ਰੋੜੇ ਅਟਕਾ ਦਿੰਦੀ ਹੈ ਕਿਉਂ ਫੌਜ ਆਪਣੀ ਚੌਧਰ ਕਾਇਮ ਰੱਖਣਾ ਚਾਹੁੰਦੀ ਹੈ। ਉਨਾਂ ਕਿਹਾ ਕਿ ਪਾਕਿਸਤਾਨ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਉਨਾਂ ਨੇ ਆਪਣੇ ਤੌਰ-ਤਰੀਕੇ ਨਾ ਬਦਲੇ ਤਾਂ ਉਹ ਬਰਬਾਦ ਹੋ ਜਾਣਗੇ। ਉਨਾਂ ਕਿਹਾ ਕਿ ਜੇਕਰ ਪਾਕਿਸਤਾਨ ਨੇ ਆਪਣੇ ਲੋਕਾਂ ਦਾ ਢਿੱਡ ਭਰਨਾ ਹੈ ਅਤੇ ਆਪਣੇ ਮੁਲਕ ਨੂੰ ਬਚਾਉਣਾ ਹੈ ਤਾਂ ਪਾਕਿਸਤਾਨ ਦੀ ਫੌਜ ਨੂੰ ਮਿਲਵਰਤਨ ਤੇ ਸਹਿਯੋਗ ਦਾ ਰਾਹ ਫੜਣਾ ਪਵੇਗਾ।
ਗੈਂਗਸਟਰਾਂ ਨੂੰ ਵੀ ਸਖ਼ਤ ਚਿਤਾਵਨੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੈਂਗਸਟਰਵਾਦ ਨੂੰ ਖ਼ਤਮ ਕਰਨਾ ਉਨਾਂ ਦੀ ਸਰਕਾਰ ਦੀ ਮੁੱਖ ਤਰਜੀਹ ਹੈ। ਉਨਾਂ ਤਾੜਨਾ ਕਰਦਿਆਂ ਕਿਹਾ ਕਿ ਗੈਂਗਸਟਰ ਤੇ ਗੁੰਡੇ ਜਾਂ ਤਾਂ ਹਥਿਆਰ ਸੁੱਟ ਦੇਣ ਨਹੀਂ ਤਾਂ ਫਿਰ ਉਨਾਂ ਨੂੰ ਨਤੀਜੇ ਭੁਗਤਨੇ ਪੈਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਜਿੱਥੇ ਅਜਿਹੇ ਅਨਸਰਾਂ ਨਾਲ ਕਰੜੇ ਹੱਥੀਂ ਨਿਪਟਿਆ, ਉੱਥੇ ਹੀ ਟਰੱਕ ਯੂਨੀਅਨਾਂ ਦਾ ਵੀ ਖਾਤਮਾ ਕਰ ਦਿੱਤਾ ਤਾਂ ਕਿ ਉਦਯੋਗਿਕ ਗਤੀਵਿਧੀਆਂ ਲਈ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੀ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ ਤਾਂ ਜੋਂ ਔਰਤਾਂ ਉਦਯੋਗਾਂ ਵਿੱਚ ਨੌਕਰੀਆਂ ਖਾਸਕਰ ਰਾਤ ਦੇ ਸਮੇਂ ਦੀਆਂ ਸ਼ਿਫਟਾਂ ਦੌਰਾਨ ਵੀ ਕੰਮ ਕਰ ਸਕਣ। ਉਨਾਂ ਕਿਹਾ ਕਿ ਕੋਈ ਵੀ ਔਰਤ ਨਾ ਸਿਰਫ਼ ਰਾਤ ਵੇਲੇ ਸੁਰੱਖਿਅਤ ਘਰ ਪਹੁੰਚਣ ਲਈ ਪੁਲਿਸ ਨੂੰ ਬੁਲਾ ਸਕਦੀ ਹੈ, ਸਗੋਂ ਜੇਕਰ ਉਹ ਦਿਨ ਵੇਲੇ ਵੀ ਕਿਸੇ ਤਰਾਂ ਦੀ ਅਸੁਰੱਖਿਆ ਜਾਂ ਖ਼ਤਰਾ ਮਹਿਸੂਸ ਕਰਦੀ ਹੈ ਤਾਂ ਉਹ ਦਿਨ ਵੇਲੇ ਵੀ ਪੁਲਿਸ ਦੀ ਸਹਾਇਤਾ ਲੈ ਸਕਦੀ ਹੈ।
ਸੂਬੇ ਦੀ ਤਰੱਕੀ ਲਈ ਉਦਯੋਗਿਕ ਵਿਕਾਸ ਨੂੰ ਮਹੱਤਵਪੂਰਨ ਸੈਕਟਰ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਉਦਯੋਗ ਦੀ ਸਹੂਲਤ ਲਈ ਉਨਾਂ ਦੀ ਸਰਕਾਰ ਵੱਲੋਂ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਨਅਤ ਅਤੇ ਨਿਵੇਸ਼ਕਾਂ ਨੂੰ ਢੁੱਕਵਾਂ ਮਾਹੌਲ ਮੁਹੱਈਆ ਕਰਵਾਉਣ ’ਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ ਤਾਂ ਕਿ ਪੰਜਾਬ ਨਿਵੇਸ਼ ਪੱਖੋਂ ਤਰਜੀਹੀ ਟਿਕਾਣੇ ਵਜੋਂ ਉਭਰੇ। ਉਨਾਂ ਕਿਹਾ ਕਿ ਸਾਲ 2017 ਵਿੱਚ ਲਿਆਂਦੀ ਉਦਯੋਗਿਕ ਨੀਤੀ ਨੇ ਉਸ ਤੋਂ ਪਹਿਲਾਂ ਦੀ ਨੀਤੀ ਵਿਚਲੀਆਂ ਕਈ ਕਮਜ਼ੋਰੀਆਂ ਨੂੰ ਦੂਰ ਕੀਤਾ। ਉਨਾਂ ਕਿਹਾ ਕਿ ਕਾਰੋਬਾਰ ਨੂੰ ਸੁਖਾਲਾ ਬਣਾਉਣ ਲਈ ਸਿੰਗਲ ਵਿੰਡੋ ਕਲੀਅਰੈਂਸ, ਆਨ ਲਾਈਨ ਅਰਜ਼ੀਆਂ ਤੇ ਪ੍ਰਵਾਨਗੀਆਂ, ਉਦਯੋਗਾਂ ਲਈ ਬਿਜਲੀ ’ਤੇ ਸਬਸਿਡੀ, ਵਪਾਰ ਤੇ ਸਨਅਤ ਨਾਲ ਸਬੰਧਤ ਮੁੱਖ ਕਾਨੂੰਨਾਂ ਵਿੱਚ ਸੋਧ ਦੇ ਨਾਲ-ਨਾਲ ਜਲ ਨੇਮਬੰਦੀ ਵਰਗੀਆਂ ਸਹੂਲਤਾਂ ਨਿਵੇਸ਼ਕਾਰਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ। ਉਨਾਂ ਕਿਹਾ ਕਿ ਸੂਬੇ ਦੀ ਪੜੀ ਲਿਖੀ ਤੇ ਸਮਰਪਿਤ ਮਾਨਵ ਸ਼ਕਤੀ ਉਦਯੋਗ ਲਈ ਵੱਡਾ ਸਰਮਾਇਆ ਹੈ।
ਅਨਾਜ ਦੇ ਵਾਧੂ ਉਤਪਾਦਨ ਨਾਲ ਪੰਜਾਬ ਲਈ ਖੇਤੀਬਾੜੀ ਹੁਣ ਹੰਢਣਸਾਰ ਨਾ ਹੋਣ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਲੋਕਾਂ ਨੂੰ ਖੇਤੀਬਾੜੀ ਤੋਂ ਉਦਯੋਗ ਵੱਲ ਲਿਆਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਸਨਅਤੀ ਸੈਕਟਰ ਰੁਜ਼ਗਾਰ ਦੇ ਸਹੀ ਮੌਕੇ ਮੁਹੱਈਆ ਕਰਵਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਦੂਜੇ ਮੁਲਕਾਂ ਵੱਲ ਜਾਣ ਨੂੰ ਠੱਲ ਪਾਉਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਪਣੇ ਪੱਧਰ ’ਤੇ ਨੌਜਵਾਨਾਂ ਲਈ ਹੁਨਰ ਵਿਕਾਸ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ ਤਾਂ ਜੋ ਰੁਜ਼ਗਾਰ ਲਈ ਵੱਧ ਤੋਂ ਵੱਧ ਮੌਕੇ ਪੈਦਾ ਹੋ ਸਕਣ।
ਮੁੱਖ ਮੰਤਰੀ ਨੇ ਉਦਯੋਗ ਨੂੰ ਨਿਰੰਤਰਤਾ ਮੁਹੱਈਆ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਕਿ ਉਨਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਜਾਂ ਪਹਿਲੇ ਪ੍ਰੋਜੈਕਟਾਂ ਦਾ ਵਿਸਥਾਰ ਕਰਨ ਲਈ ਉਤਸ਼ਾਹਤ ਕੀਤਾ ਜਾ ਸਕੇ। ਉਨਾਂ ਕਿਹਾ ਕਿ ਇਸ ਲਈ ਇਹ ਜ਼ਰੂਰੀ ਹੈ ਕਿ ਵਿਰੋਧੀਆਂ ਨਾਲ ਸਿਆਸੀ ਬਦਲਾਖੋਰੀ ਦਾ ਰਵੱਈਆ ਨਾ ਅਪਣਾਇਆ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਪਾਰਟੀ ਸੱਤਾ ਵਿੱਚ ਆਵੇ ਤਾਂ ਉਦਯੋਗ ਲਈ ਉਹੀ ਨੀਤੀ ਅਮਲ ਵਿੱਚ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਿਕ ਵਿਕਾਸ ਲਈ ਸਾਜ਼ਗਾਰ ਮਾਹੌਲ ਮੁਹੱਈਆ ਕਰਵਾਉਣ ਲਈ ਸਥਿਰਤਾ ਸਭ ਤੋਂ ਜ਼ਰੂਰੀ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਪੰਜਾਬ ਵਿੱਚ ਆਉਣ ਵਾਲੀ ਅਗਲੀ ਸਰਕਾਰ ਵੀ ਇਸੇ ਰਾਹ ’ਤੇ ਚੱਲੇਗੀ।
ਪਰਾਲੀ ਸਾੜਣ ਨਾਲ ਹਵਾ ਪ੍ਰਦੂਸ਼ਣ ਹੋਣ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਆਪਣੇ ਸਟੈਂਡ ਨੂੰ ਦੁਹਰਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਸਮੱਸਿਆ ਦਾ ਪੱਕਾ ਹੱਲ ਲੱਭਣ ਦੇ ਯਤਨ ਕਰਨੇ ਚਾਹੀਦੇ ਹਨ। ਉਨਾਂ ਨੇ ਪਰਾਲੀ ਸਾੜਣ ਦੇ ਰੁਝਾਨ ਨੂੰ ਖ਼ਤਮ ਕਰਨ ਲਈ ਫਸਲ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਕੇਂਦਰ ਸਰਕਾਰ ਵੱਲੋਂ 100 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਵੱਖਰੇ ਤੌਰ ’ਤੇ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਉਨਾਂ ਨੇ ਇਸ ਸਮੱਸਿਆ ਨੂੰ ਮੁਕਾਉਣ ਲਈ  ਲੰਮੇ ਸਮੇਂ ਵਿੱਚ ਫਸਲੀ ਵਿਭਿੰਨਤਾ ਦੀ ਅਹਿਮੀਅਤ ਨੂੰ ਵੀ ਦਰਸਾਇਆ। ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੀ ਅਗਲੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਕੋਲ ਫਿਰ ਇਸ ਮੁੱਦੇ ਨੂੰ ਉਠਾਉਣਗੇ। ਉਨਾਂ ਕਿਹਾ ਕਿ ਜੇਕਰ ਇਸ ਨੂੰ ਕਿਸਾਨਾਂ ਲਈ ਫਾਇਦੇਮੰਦ ਬਣਾ ਦੇਣ ਤਾਂ ਯਕੀਨਨ ਤੌਰ ’ਤੇ ਕਿਸਾਨ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਬਾਕੀ ਫਸਲਾਂ ਨੂੰ ਵੀ ਅਪਣਾ ਲੈਣਗੇ ਕਿਉਂ ਜੋ ਕਿਸਾਨਾਂ ਨੇ 60ਵੇਂ ਦਹਾਕੇ ਦੌਰਾਨ ਵੀ ਇਸੇ ਤਰਾਂ ਝੋਨੇ ਦਾ ਉਤਪਾਦਨ ਕਰਨਾ ਸ਼ੁਰੂ ਕਰ ਦਿੱਤਾ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹਾ ਕਰਨਾ ਵੀ ਜ਼ਰੂਰੀ ਹੈ ਅਤੇ ਕਣਕ ਤੇ ਝੋਨੇ ਦੇ ਵਾਧੂ ਉਤਪਾਦਨ ਨਾਲ ਸੂਬੇ ’ਤੇ ਆਰਥਿਕ ਬੋਝ ਪੈ ਰਿਹਾ ਹੈ ਕਿਉਂਕਿ ਭਾਰਤੀ ਖੁਰਾਕ ਨਿਗਮ ਵੱਲੋਂ ਸਮੇਂ ਸਿਰ ਅਨਾਜ ਚੁੱਕਿਆ ਨਹੀਂ ਜਾਂਦਾ। ਉਨਾਂ ਕਿਹਾ ਕਿ ਹੋਰ ਸੂਬਿਆਂ ਵਾਂਗ ਪੰਜਾਬ ਨੂੰ ਜੀ.ਐਸ.ਟੀ. ਦਾ ਹਿੱਸਾ ਸਮੇਂ ਸਿਰ ਨਾ ਮਿਲਣ ਕਰ ਕੇ ਵਿੱਤੀ ਸਮੱਸਿਆਵਾਂ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਉਨਾਂ ਦੇ ਸੂਬੇ ਨੂੰ ਅਗਸਤ, 2019 ਤੋਂ ਜੀ.ਐਸ.ਟੀ. ਦਾ ਹਿੱਸਾ ਨਹੀਂ ਮਿਲਿਆ ਜੋ 6000 ਕਰੋੜ ਰੁਪਏ ਬਣਦਾ ਹੈ। ਉਨਾਂ ਕਿਹਾ ਕਿ ਜੀ.ਐਸ.ਟੀ. ਦੇ ਲਾਗੂ ਹੋਣ ਨਾਲ ਸੂਬਾ ਮਾਲੀਆ ਉਤਪਾਦਨ ਵਾਲੇ ਸਾਰੇ ਵਸੀਲੇ ਕੇਂਦਰ ਸਰਕਾਰ ਦੇ ਹੱਥਾਂ ਵਿੱਚ ਸੌਂਪ ਦਿੰਦਾ ਹੈ ਜਿਸ ਕਾਰਨ ਸੂਬਿਆਂ ਲਈ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ।
ਸੂਬੇ ਵਿੱਚ ਨਸ਼ਿਆਂ ਤੇ ਕੈਂਸਰ ਦੀਆਂ ਸਮੱਸਿਆਵਾਂ ’ਤੇ ਨਿਵੇਸ਼ਕਾਰਾਂ ਦੀਆਂ ਚਿੰਤਾਵਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਨਸ਼ਿਆਂ ਦੀ ਅਲਾਮਤ ਨਾਲ ਸਿੱਝਣ ਲਈ ਵੱਡੇ ਕਦਮ ਚੁੱਕੇ ਹਨ ਅਤੇ ਹਜ਼ਾਰਾਂ ਤਸਕਰਾਂ ਤੇ ਸਮਗਲਰਾਂ ਨੂੰ ਗਿ੍ਰਫਤਾਰ ਕਰ ਕੇ ਜੇਲਾਂ ਵਿੱਚ ਬੰਦ ਕੀਤਾ। ਬੇਸ਼ੱਕ ਨਸ਼ਿਆਂ ਦੇ ਕਾਰੋਬਾਰ ਵਿੱਚ ਪੈਸਾ ਹੋਣ ਕਰਕੇ ਇਹ ਸਮੱਸਿਆ ਮਿਟੇਗੀ ਨਹੀਂ ਪਰ ਮੁੱਖ ਮੰਤਰੀ ਨੇ ਵਾਅਦਾ ਕੀਤਾ ਕਿ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਦੇ ਸਮੇਂ ਤੋਂ ਲੈ ਕੇ ਇਸ ਨੂੰ ਕਾਬੂ ਹੇਠ ਕੀਤਾ ਗਿਆ ਤੇ ਇਸ ਨਾਲ ਸਖ਼ਤੀ ਨਾਲ ਨਿਪਟਿਆ ਜਾ ਰਿਹਾ ਹੈ।
ਸੂਬੇ ਵਿੱਚ ਵੱਡੀ ਗਿਣਤੀ ’ਚ ਕੈਂਸਰ ਦੇ ਮਾਮਲੇ ਹੋਣ ’ਤੇ ਚਿੰਤਾ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੰਕੜੇ ਇਹ ਸਿੱਧ ਕਰਦੇ ਹਨ ਕਿ ਬਾਕੀ ਸੂਬਿਆਂ ਨਾਲੋਂ ਇਹ ਗਿਣਤੀ ਘੱਟ ਹੈ। ਉਨਾਂ ਕਿਹਾ ਕਿ ਬੀਕਾਨੇਰ ਨੂੰ ਜਾਂਦੀ ਕੈਂਸਰ ਟਰੇਨ ਕਰਕੇ ਪੰਜਾਬ ਦੇ ਕੈਂਸਰ ਕੇਸ ਵਿਆਪਕ ਰੂਪ ਵਿੱਚ ਸਾਹਮਣੇ ਆਏ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਸੂਬੇ ਵਿੱਚ ਕੈਂਸਰ ਦੇ ਮਰੀਜ਼ਾਂ ਨੂੰ ਇਲਾਜ ਮੁਹੱਈਆ ਕਰਵਾ ਰਹੀ ਹੈ ਤਾਂ ਜੋ ਉਨਾਂ ਨੂੰ ਇਸ ਵਾਸਤੇ ਰਾਜਸਥਾਨ ਜਾਂ ਹੋਰ ਸੂਬਿਆਂ ਵਿੱਚ ਨਾ ਜਾਣਾ ਪਵੇ।
ਵਿਚਾਰ-ਚਰਚਾ ਦੇ ਅਖ਼ੀਰ ਵਿੱਚ ਇਸ ਸੈਸ਼ਨ ਦਾ ਸੰਚਾਲਨ ਕਰਨ ਵਾਲੇ ਐਨ.ਡੀ. ਟੀ.ਵੀ. ਦੇ ਕੋ-ਚੇਅਰਮੈਨ ਪ੍ਰਨੌਏ ਰੌਇ ਨੇ ਮੁੱਖ ਮੰਤਰੀ ਨੂੰ ਸੂਬੇ ਬਾਰੇ ਅਤੇ ਇਸ ਦੀਆਂ ਸਮੱਸਿਆਵਾਂ ਬਾਰੇ ਪੂਰੀ ਜਾਣਕਾਰੀ ਹੋਣ ਲਈ ਉਨਾਂ ਨੂੰ ਵਧਾਈ ਵੀ ਦਿੱਤੀ।

Please Click here for Share This News

Leave a Reply

Your email address will not be published. Required fields are marked *