best platform for news and views

ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਨਾਲ ਸਾਂਤੀ ਅਤੇ ਦੋਸਤੀ ਦਾ ਸੱਦਾ, ਇਹ ਵੀ ਸਪੱਸ਼ਟ ਕੀਤਾ ਕਿ ਭਾਰਤ ਆਈ.ਐਸ.ਆਈ ਤੋਂ ਸਮਰਥਨ ਹਾਸਲ ਐਸ.ਐਫ.ਜੇ. ਨੂੰ ਦੇਸ਼ ਦੀ ਸਥਿਰਤਾ ਨੂੰ ਭੰਗ ਕਰਨ ਦੀ ਆਗਿਆ ਨਹੀਂ ਦੇਵੇਗਾ

Please Click here for Share This News

ਬਰਮਿੰਘਮ (ਯੂ.ਕੇ.), 25 ਨਵੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਵੇਂ ਗੁਆਂਢੀ ਦੇਸ਼ਾਂ ਭਾਰਤ ਤੇ ਪਾਕਿਸਤਾਨ ਦੀ ਖੁਸ਼ਹਾਲੀ ਅਤੇ ਵਿਕਾਸ ਲਈ ਪਾਕਿਸਤਾਨ ਨਾਲ ਸਾਂਤੀ ਅਤੇ ਦੋਸਤੀ ਦੀ ਜ਼ੋਰਦਾਰ ਵਕਾਲਤ ਕੀਤੀ ਅਤੇ ਅਤੇ ਨਾਲ ਹੀ ਸਪੱਸ਼ਟ ਕਰਦਿਆਂ ਕਿਹਾ ਕਿ ਭਾਰਤ ਆਈ.ਐਸ.ਆਈ. ਤੋਂ ਸਮਰਥਨ ਹਾਸਲ ਸਿੱਖਸ ਫਾਰ ਜਸਟਿਸ (ਐਸ.ਐਫ.ਜੇ.) ਨੂੰ ਦੇਸ਼ ਦੀ ਅਖੰਡਤਾ ਅਤੇ ਸਥਿਰਤਾ ਨੂੰ ਭੰਗ ਕਰਨ ਦੀ ਆਗਿਆ ਨਹੀਂ ਦੇਵੇਗਾ।
ਮੁੱਖ ਮੰਤਰੀ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਰੱਖੇ ਵਿਸ਼ੇਸ਼ ਸਮਾਗਮ ਦੌਰਾਨ ਪਰਵਾਸੀ ਭਾਰਤੀਆਂ ਨੂੰ ਸੰਬੋਧਨ ਕਰ ਰਹੇ ਸਨ।
ਮੀਡੀਆ ਕਰਮੀਆਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਨੇ ਕਿਹਾ ਕਿ ਐਸ.ਐਫ.ਜੇ. ਇਕ ਕੱਟੜ ਅਤਿਵਾਦੀ ਗਰੁੱਪ ਸੀ, ਜਿਸ ਦੀ ਮੁਹਿੰਮ ਦਾ ਕੋਈ ਵਿਚਾਰਧਾਰਕ ਅਧਾਰ ਨਹੀਂ ਸੀ, ਅਤੇ ਇਸ ਨਾਲ ਇਸੇ ਤਰ੍ਹਾਂ ਪੇਸ਼ ਆਉਣਾ ਚਾਹੀਦਾ ਸੀ।
ਐਸ.ਐਫ.ਜੇ. ਦੇ ਅਖੌਤੀ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ, ਜੋ ਕਿ ਪਾਕਿਸਤਾਨ ਦੇ ਆਈ.ਐਸ.ਆਈ. ਦੇ ਦਿਸ਼ਾ ਨਿਰਦੇਸ਼ਾਂ ਹੇਠ ਕੰਮ ਕਰ ਰਿਹਾ ਹੈ, ਨੂੰ ਧੋਖੇਬਾਜ ਦੱਸਦਿਆਂ, ਮੁੱਖ ਮੰਤਰੀ ਨੇ ਕਿਹਾ ਕਿ ਪੰਨੂ ਦਾ ਇੱਕੋ-ਇੱਕ ਮਕਸਦ ਆਈ.ਐਸ.ਆਈ. ਦੇ ਏਜੰਡੇ ਨੂੰ ਅੱਗੇ ਵਧਾਉਣਾ ਅਤੇ ਸਿੱਖਾਂ ਤੇ ਭਾਰਤ ਨੂੰ ਵੰਡਣਾ ਹੈ। ਪਿਛਲੇ ਕੁਝ ਸਾਲਾਂ ਦੌਰਾਨ ਵੱਡੇ ਪੱਧਰ ‘ਤੇ ਗ੍ਰਿਫਤਾਰੀਆਂ ਅਤੇ ਹਥਿਆਰ ਜ਼ਬਤ ਕਰਨ ਦੇ ਨਾਲ-ਨਾਲ ਪੰਜਾਬ ਵਿੱਚ ਨਾਕਾਮ ਕੀਤੇ ਗਏ ਅਤਿਵਾਦੀ ਗਰੁੱਪਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਐਸ.ਐਫ.ਜੇ. ਦੇ ਮਨਸੂਬੇ ਜੱਗ ਜ਼ਾਹਰ ਹੋਏ ਹਨ ਪਰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੋਵੇਂ ਇਸ ਨਾਲ ਕਰੜੇ ਹੱਥੀਂ ਨਜਿੱਠ ਰਹੀਆਂ ਹਨ।
ਇਸ ਤੋਂ ਪਹਿਲਾ ਪਰਵਾਸੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਆਲਮੀ ਸਮੱਸਿਆਵਾਂ ਦੇ ਸਮੂਹਿਕ ਹੱਲ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਨੁਸਾਰ ਸਾਂਤੀ ਦੇ ਪਾਸਾਰ ਲਈ ਗੁਆਂਢੀ ਮੁਲਕਾਂ ਨਾਲ ਦੋਸਤਾਨਾ ਸਬੰਧ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਜ਼ੋਰ ਦਿੰਦਿਆਂ ਇਹ ਗੱਲ ਆਖੀ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਨੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਸੀ ਅਤੇ ਹੁਣ ਸਮਾਂ ਆ ਗਿਆ ਹੈ ਕਿ ਉਹ ਬੀਤੇ ਸਮੇਂ ਨੂੰ ਭੁੱਲ ਕੇ ਦੋਸਤੀ ਦੀ ਭਾਵਨਾ ਨਾਲ ਅੱਗੇ ਵਧਦਿਆਂ ਆਪਣੀ ਤਰੱਕੀ ਨੂੰ ਯਕੀਨੀ ਬਣਾਉਣ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘ਪਰਮਾਤਮਾ ਇੱਕ ਹੈ’ ਦੇ ਫਲਸਫੇ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਭਵਿੱਖ ਦੀ ਰੱਖਿਆ ਅਤੇ ਪੰਜਾਬ ਅਤੇ ਇਸ ਦੇ ਲੋਕਾਂ ਦੇ ਵਿਕਾਸ ਲਈ ਧਰਮ ਅਤੇ ਜਾਤ ਤੋਂ ਉਪਰ ਉੱਠਣ ਦੀ ਲੋੜ ‘ਤੇ ਜ਼ੋਰ ਦਿੱਤਾ। ਪ੍ਰਦੂਸ਼ਣ ਅਤੇ ਪਾਣੀ ਦੀ ਘਾਟ ਵਰਗੀਆਂ ਵਿਸ਼ਵਵਿਆਪੀ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ 550 ਸਾਲ ਪਹਿਲਾਂ ਸੰਕੇਤ ਕੀਤਾ ਸੀ, ਉਹ ਹੁਣ ਹੋ ਰਿਹਾ ਹੈ। ਗੁਰੂ ਸਾਹਿਬ ਨੇ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਦੋਸਤੀ ਅਤੇ ਏਕਤਾ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਆਉਣ ਵਾਲੀ ਲਈ ਪੀੜੀ ਲਈ ਉਸਾਰੂ ਭਵਿੱਖ ਦੀ ਸਿਰਜਣਾ ਲਈ ਕਾਰਜ ਕਰਨ ਲਈ ਕਿਹਾ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨਾਂ ਦੀ ਸਰਕਾਰ ਮਹਾਨ ਗੁਰੂ ਦੇ ਸੰਦੇਸ਼ ਨੂੰ ਫੈਲਾਉਣ ਲਈ 550ਵੇਂ ਪ੍ਰਕਾਸ ਪੁਰਬ ਸਮਾਗਮਾਂ ਨੂੰ ਇਕ ਹੋਰ ਸਾਲ ਜਾਰੀ ਰੱਖੇਗੀ ਜਿਨਾਂ ‘ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ’ ਦੀ ਵਿਚਾਰਧਾਰਾ ਰਾਹੀਂ ਕੁਦਰਤ ਦੀ ਰਾਖੀ ਦੀ ਮਹੱਤਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਇਰਾਨ ਦੀ ਇਕ ਯੂਨੀਵਰਸਿਚੀ ਸਮੇਤ 11 ਯੂਨੀਵਰਸਿਟੀਆਂ ਵਿੱਚ ਇੱਕ ਗੁਰੂ ਨਾਨਕ ਚੇਅਰ ਸਥਾਪਤ ਕਰਨ ਦਾ ਫੈਸਲਾ, ਗੁਰੂ ਜੀ ਦੀਆਂ ਉਦਾਸੀਆਂ ਅਤੇ ਫਲਸਫਿਆਂ ਦੀ ਖੋਜ ਕਰਨਾ ਹੈ ਤਾਂ ਜੋ ਮਨੁੱਖਤਾ ਦੇ ਭਲੇ ਲਈ ਇਸ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਚਾਰ ਕੀਤਾ ਜਾ ਸਕੇ।
ਮੁੱਖ ਮੰਤਰੀ ਨੇ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਸਮਰੱਥ ਬਣਾਉਣ ਲਈ ਪਰਵਾਸੀ ਭਾਰਤੀਆਂ ਦੇ ਸਹਿਯੋਗ ਦੀ ਮੰਗ ਕੀਤੀ ਅਤੇ ਸੂਬੇ ਨੂੰ ਜ਼ਿਆਦਾ ਪਾਣੀ ਦੀ ਖਪਤ ਵਾਲੀ ਝੋਨੇ ਦੀ ਫਸਲ ਨੂੰ ਛੁਟਕਾਰਾ ਦਿਵਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਕੈਪਟਨ ਅਮਰਿੰਦਰ ਨੇ ਕਿਹਾ ਕਿ ਭਾਰਤੀਆਂ ਖਾਸਕਰ ਸਿੱਖ ਭਾਈਚਾਰੇ ਨੇ ਜਿਸ ਵੀ ਦੇਸ ਵਿੱਚ ਵਾਸ ਕੀਤਾ ਹੈ, ਉਸ ਦੇਸ ਦੇ ਵਿਕਾਸ ਵਿਚ ਯੋਗਦਾਨ ਪਾਉਣ ਲਈ ਸਖਤ ਮਿਹਨਤ ਕੀਤੀ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਨਾਲ ਦੁਬਾਰਾ ਜੁੜਨ ਅਤੇ ਉਨਾਂ ਨੂੰ ਪੰਜਾਬ ਦੇ ਆਰਥਿਕ ਵਿਚ ਨਿਵੇਸ਼ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤਿੰਨ ਵਾਰ ਵੰਡਿਆ ਜਾ ਚੁੱਕਾ ਸੀ ਅਤੇ ਇਸ ਨਾਲ ਕੀਮਤੀ ਸਰੋਤ ਅਤੇ ਸਨਅਤ ਖਤਮ ਹੋ ਗਈ ਸੀ ਜਿਸ ਨੂੰ ਪੰਜਾਬੀਆਂ ਨੇ ਆਪਣੀ ਸਖਤ ਮਿਹਨਤ ਨਾਲ ਮੁੜ ਸੁਰਜੀਤ ਕੀਤਾ, ਹਾਲਾਂਕਿ  ਸੂਬੇ ਨੂੰ ਬਚਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਹੋਰ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਉਨ੍ਹਾਂ ਪਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ, “ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਤੁਹਾਡਾ ਪਿਛੋਕੜ ਕੀ ਹੈ ਅਤੇ ਤੁਹਾਨੂੰ ਪੰਜਾਬ ਦੀ ਤਰੱਕੀ ਲਈ ਕਿਸੇ ਵੀ ਢੰਗ ਨਾਲ ਯੋਗਦਾਨ ਦੇਣਾ ਚਾਹੀਦਾ ਹੈ।”
ਮੁੱਖ ਮੰਤਰੀ ਨੇ ਬਰਤਾਨੀਆ ਵਿਚਲੇ ਭਾਰਤੀਆਂ ਨੂੰ 5-6 ਦਸੰਬਰ ਨੂੰ ਮੁਹਾਲੀ ਵਿਖੇ ਕਰਵਾਏ ਜਾ ਰਹੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਲਈ ਸੱਦਾ ਦਿੱਤਾ ਤਾਂ ਜੋ ਆਰਥਿਕ ਤਰੱਕੀ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸੂਬੇ ਨੂੰ ਖੇਤੀਬਾੜੀ ਤੋਂ ਉਦਯੋਗ ਵੱਲ ਲਿਜਾਉਣ ਵਿੱਚ ਸਹਾਇਤਾ ਕੀਤੀ ਜਾ ਸਕੇ।
ਇਸ ਗੱਲ ਦਾ ਜ਼ਿਕਰ ਕਰਦਿਆਂ ਕਿ ਪੰਜਾਬ ਝੋਨੇ ਅਤੇ ਕਣਕ ਦੀਆਂ ਫਸਲਾਂ ਦੇ ਭੰਡਾਰਨ ਦੀਆਂ ਸਮੱਸਿਆ ਨਾਲ ਜੂਝ ਰਿਹਾ ਹੈ, ਉਨ੍ਹਾਂ ਕਿਹਾ ਕਿ ਸੂਬੇ ਨੂੰ ਫਸਲੀ ਚੱਕਰ ਵਿੱਚੋਂ ਨਿਕਲ ਕੇ ਸਨਅਤੀ ਰਾਜ ਬਣਨ ਲਈ ਨਿਵੇਸ਼ ਦੀ ਲੋੜ ਹੈ। ਪਰਵਾਸੀ ਭਾਰਤੀਆਂ ਨੂੰ ਸੂਬੇ ਅਤੇ ਇਸਦੀ ਆਉਣ ਵਾਲੀ ਪੀੜੀ ਦੀ ਸੁਰੱਖਿਆ ਲਈ ਇਨ੍ਹਾਂ ਯਤਨਾਂ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਸਰਕਾਰ ਸਾਰੇ ਪਰਵਾਸੀ ਭਾਰਤੀਆਂ ਦੇ ਸਵਾਲ ਜਵਾਬ ਅਤੇ ਉਨ੍ਹਾਂ ਨੂੰ ਪੰਜਾਬ ਵਿੱਚ ਨਿਵੇਸ਼ ਦੀ ਸਹੂਲਤ ਲਈ ਡਿਪਟੀ ਪ੍ਰਮੁੱਖ ਸਕੱਤਰ ਦੇ ਅਹੁਦੇ ‘ਤੇ ਮੁੱਖ ਮੰਤਰੀ ਦਫਤਰ ਵਿੱਚ ਇੱਕ ਅਧਿਕਾਰੀ ਨਿਯੁਕਤ ਕਰੇਗੀ।
ਕਰਤਾਰਪੁਰ ਲਾਂਘੇ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਬਿਹਤਰ ਸੰਬੰਧਾਂ ਦੀ ਸ਼ੁਰੂਆਤ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਕੀਤੀ ਕਿ ਇਹ ਕਦਮ ‘ਖੁੱਲ੍ਹੇ ਦਰਸ਼ਨ ਦੀਦਾਰ’ ਦੀ ਮੰਗ ਕਰਨ ਵਾਲੇ ਭਾਰਤੀਆਂ ਲਈ ਪਾਕਿਸਤਾਨ ਵਿੱਚ ਹੋਰ ਮਹੱਤਵਪੂਰਣ ਧਾਰਮਿਕ ਅਸਥਾਨਾਂ ਵਿਖੇ ਨਤਮਸਤਕ ਹੋਣ ਦਾ ਰਾਹ ਪੱਧਰਾ ਕਰੇਗਾ। ਮੁੱਖ ਮੰਤਰੀ ਨੇ ਕਰਤਾਰਪੁਰ ਨਾਲ ਆਪਣੇ ਪਰਿਵਾਰ ਦੀ ਸਾਂਝ ਨੂੰ ਯਾਦ ਕੀਤਾ ਜਿਸ ਦਾ ਉਨ੍ਹਾਂ ਦੇ ਦਾਦਾ ਜੀ (ਮਹਾਰਾਜਾ ਭੁਪਿੰਦਰ ਸਿੰਘ) ਨੇ 1927 ਵਿਚ ਹੜ੍ਹਾਂ ਨਾਲ ਨੁਕਸਾਨੇ ਜਾਣ ਤੋਂ ਬਾਅਦ ਦੁਬਾਰਾ ਨਿਰਮਾਣ ਕਰਵਾਇਆ ਸੀ।
ਇਸ ਇਤਿਹਾਸਕ ਪਹਿਲਕਦਮੀ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੋਵਾਂ ਦਾ ਧੰਨਵਾਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਹਾਜ਼ਰੀਨ ਨਾਲ ਇਕ ਗੱਲ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜ਼ੀਰੋ ਪੁਆਇੰਟ ਤੋਂ ਕਰਤਾਰਪੁਰ ਸਾਹਿਬ ਗੁਰਦੁਆਰੇ ਤੱਕ ਦੀ ਬੱਸ ਯਾਤਰਾ ਦੌਰਾਨ ਇਮਰਾਨ ਨਾਲ ਕ੍ਰਿਕਟ ਉਤੇ ਦਿਲਚਸਪ ਗੱਲਬਾਤ ਕੀਤੀ।
ਪੱਤਰਕਾਰਾਂ ਨਾਲ ਆਪਣੀ ਗੈਰ ਰਸਮੀ ਗੱਲਬਾਤ ਵਿੱਚ ਮੁੱਖ ਮੰਤਰੀ ਨੇ ਪਾਸਪੋਰਟ ਸ਼ਰਤ ਅਤੇ ਕਰਤਾਰਪੁਰ ਲਾਂਘੇ ਰਾਹੀਂ ਯਾਤਰਾ ਲਈ 20 ਡਾਲਰ ਫੀਸ ਮੁਆਫ ਕਰਨ ਦੀ ਮੰਗ ਦੁਹਰਾਈ ਅਤੇ ਕਿਹਾ ਕਿ ਭਾਰਤ ਨੇ ਸਰਹੱਦ ਪਾਰ ਤੋਂ ਅਜਮੇਰ ਸ਼ਰੀਫ ਅਤੇ ਨਿਜ਼ਾਮੂਦੀਨ ਦਰਗਾਹ ਆਦਿ ਦੇ ਦਰਸ਼ਨਾਂ ਲਈ ਆਉਣ ਵਾਲੇ ਸਰਧਾਲੂਆਂ ਉੱਤੇ ਕਦੇ ਕੋਈ ਅਜਿਹਾ ਟੈਕਸ ਨਹੀਂ ਲਗਾਇਆ ਸੀ।
ਯਾਦਗਾਰੀ ਸਮਾਗਮ ਦੌਰਾਨਟ ਮੁੱਖ ਮੰਤਰੀ ਨੇ ਯੂ.ਕੇ. ਵਿੱਚ ਵਸਦੇ ਕਈ ਨਾਮਵਰ ਪਰਵਾਸੀ ਭਾਰਤੀਆਂ ਨੂੰ ਸਨਮਾਨਿਤ ਕੀਤਾ।
ਇਸ ਤੋਂ ਪਹਿਲਾਂ ਯੂ.ਕੇ. ਵਿੱਚ ਭਾਰਤ ਦੇ ਹਾਈ ਕਮਿਸ਼ਨਰ ਰੁਚੀ ਘਣਸ਼ਿਆਮ ਨੇ ਕਿਹਾ ਕਿ ਦੁਨੀਆਂ ਨੂੰ ਦਰਪੇਸ਼ ਅਤਿਵਾਦ ਅਤੇ ਫੁੱਟ ਪਾਉਣ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਦੀ ਪਹਿਲਾਂ ਨਾਲੋਂ ਵੀ ਜ਼ਿਆਦਾ ਪ੍ਰਸੰਗਿਕਤਾ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਕਰਵਾਏ ਜਾ ਰਹੇ ਸਮਾਗਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਯੂ.ਕੇ. ਵਿੱਚ ਵੀ ਇਹ ਸਮਾਗਮ ਵੱਡੇ ਪੱਧਰ ‘ਤੇ ਕਰਵਾਏ ਜਾ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਕਰਤਾਰਪੁਰ ਗੁਰਦੁਆਰੇ ਦੀ ਹੱਥੀਂ ਪੇਂਟ ਕੀਤੀ ਤਸਵੀਰ ਵੀ ਭੇਟ ਕੀਤੀ।
ਇਸ ਮੌਕੇ ਬਰਮਿੰਘਮ ਦੇ ਲਾਰਡ ਬਿਸ਼ਪ ਦੇ ਇੱਕ ਨੁਮਾਇੰਦੇ ਨੇ ਮੁੱਖ ਮੰਤਰੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਤਿਕਾਰ ਵਜੋਂ ਤਿਆਰ ਕੀਤੀ ਇੱਕ ਵਿਸ਼ੇਸ਼ ਤਖਤੀ ਵੀ ਭੇਟ ਕੀਤੀ।

Please Click here for Share This News

Leave a Reply

Your email address will not be published. Required fields are marked *