ਰਾਏਕੋਟ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਅੰਦਰ ਸ਼ਰਾਬ ‘ਤੇ ਪੂਰੀ ਤਰ੍ਹਾਂ ਮਨਾਹੀ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਪੰਜਾਬ ਲਈ ਐਕਸਾਈਜ਼ ਆਮਦਨ ਦਾ ਇਕੋ ਇਕ ਵੱਡਾ ਸਾਧਨ ਹੈ, ਲੇਕਿਨ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਸੂਬੇ ‘ਚ ਬਾਦਲ ਸ਼ਾਸਨ ‘ਚ ਫੱਲ ਫੁੱਲ ਰਹੇ ਸ਼ਰਾਬ ਦੇ ਨਜ਼ਾਇਜ ਵਪਾਰ ਤੇ ਸ਼ਰਾਬ ਮਾਫੀਆ ਦਾ ਅੰਤ ਕਰੇਗੀ।
ਪਬਲਿਕ ਰੈਲੀ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਪੰਜਾਬ ਅੰਦਰ ਉਦਯੋਗਾਂ ਨੂੰ ਮੁੜ ਖੜ੍ਹਾ ਕਰਨ ਨੂੰ ਲੈ ਕੇ ਉਨ੍ਹਾਂ ਦੀ ਪਾਰਟੀ ਦੀ ਵਚਨਬੱਧਤਾ ਨੂੰ ਦੁਹਰਾਇਆ ਤੇ ਕਿਹਾ ਕਿ ਉਦਯੋਗਾਂ ਨੂੰ ਉਤਸਾਹਿਤ ਕਰਨ ਲਈ ਉਚਿਤ ਰੇਟਾਂ ‘ਤੇ ਜ਼ਮੀਨ ਮੁਹੱਈਆ ਕਰਵਾਉਣ ਵਾਸਤੇ ਇਕ ਲੈਂਡ ਪੂਲ ਬਣਾਇਆ ਜਾਵੇਗਾ।
ਕੈਪਟਨ ਅਮਰਿੰਦਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਹਰੇਕ ਪਰਿਵਾਰ ‘ਚੋਂ ਇਕ ਮੈਂਬਰ ਨੂੰ ਨੌਕਰੀ ਦੇਣ ਸਬੰਧੀ ਉਨ੍ਹਾਂ ਦਾ ਵਾਅਦਾ ਪਵਿੱਤਰ ਹੈ ਤੇ ਇਸ ਟੀਚੇ ਦੀ ਪੂਰਤੀ ਖਾਤਿਰ ਲੋੜੀਂਦੀਆਂ 15-20 ਲੱਖ ਨੌਕਰੀਆਂ ਨੂੰ ਉਦਯੋਗਾਂ ਨੂੰ ਮੁੜ ਖੜ੍ਹਾ ਕਰਕੇ ਪੈਦਾ ਕੀਤਾ ਜਾਵੇਗਾ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਬਤੌਰ ਮੁੱਖ ਮੰਤਰੀ ਆਪਣੇ ਪਿਛਲੇ ਕਾਰਜਕਾਲ ਦੌਰਾਨ ਉਹ 20 ਲੱਖ ਨੌਕਰੀਆਂ ਪੈਦਾ ਕਰਨ ਵਾਸਤੇ ਮੈਗਾ ਸਕੀਮਾਂ ਲੈ ਕੇ ਆਏ ਸਨ, ਜਿਨ੍ਹਾਂ ਨੂੰ ਬਾਦਲਾਂ ਨੇ ਸੱਤਾ ‘ਚ ਆਉਣ ਤੋਂ ਬਾਅਦ ਬੰਦ ਕਰ ਦਿੱਤਾ।
ਪ੍ਰਦੇਸ ਕਾਂਗਰਸ ਪ੍ਰਧਾਨ ਨੇ ਦੁਹਰਾਇਆ ਕਿ ਠੇਕੇ ‘ਤੇ ਰੱਖੇ ਸਾਰੇ ਮੁਲਾਜ਼ਮਾਂ ਨੂੰ ਅਗਲੀ ਕਾਂਗਰਸ ਸਰਕਾਰ ਪੱਕਾ ਕਰੇਗੀ ਤੇ ਸੂਬੇ ਦੇ ਲੋਕਾਂ ਲਈ ਚੱਲ ਰਹੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਨੂੰ ਅੱਗੇ ਵੀ ਜ਼ਾਰੀ ਰੱਖਿਆ ਜਾਵੇਗਾ।
ਇਕ ਸਵਾਲ ਦੇ ਜਵਾਬ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਟਿਕਟਾਂ ‘ਚ ਕੁਝ ਦੇਰੀ ਹੋਣ ਦੇ ਬਾਵਜੂਦ ਉਮੀਦਵਾਰਾਂ ਕੋਲ ਪ੍ਰਚਾਰ ਵਾਸਤੇ ਲੋੜੀਂਦਾ ਸਮਾਂ ਹੈ। ਨਵਜੋਤ ਸਿੰਘ ਸਿੱਧੂ ਦੇ ਸ਼ਾਮਿਲ ਹੋਣ ‘ਤੇ, ਉਨ੍ਹਾਂ ਨੇ ਇਕ ਵਾਰ ਫਿਰ ਤੋਂ ਸਾਫ ਕੀਤਾ ਕਿ ਵੀਰਵਾਰ ਨੂੰ ਰਾਹੁਲ ਗਾਂਧੀ ਨਾਲ ਮਿੱਲੇ ਸਾਬਕਾ ਕ੍ਰਿਕੇਟਰ ਕੋਈ ਵੀ ਸ਼ਰਤ ਰੱਖੇ ਬਗੈਰ ਜ਼ਲਦੀ ਹੀ ਪਾਰਟੀ ‘ਚ ਸ਼ਾਮਿਲ ਹੋਣਗੇ।
ਇਸੇ ਤਰ੍ਹਾਂ, ਆਤਮ ਨਗਰ ਤੋਂ ਕਮਲਜੀਤ ਸਿੰਘ ਕੜਵਲ ਦੀ ਉਮੀਦਵਾਰੀ ਦਾ ਵਿਰੋਧ ਹੋਣ ਨੂੰ ਲੈ ਕੇ ਪੁੱਛੇ ਜਾਣ ‘ਤੇ, ਕੈਪਟਨ ਅਮਰਿੰਦਰ ਨੇ ਕਿਹਾ ਕਿ ਬੈਂਸਾਂ ਨੂੰ ਟੱਕਰ ਦੇਣ ਲਈ ਉਹ ਬਹੁਤ ਹੀ ਉਚਿਤ ਤੇ ਜਿੱਤਣ ਲਾਇਕ ਉਮੀਦਵਾਰ ਹਨ, ਜਿਹੜੇ ਬੈਂਸਾਂ ਦੇ ਸਿਆਸੀ ਸਲਾਹਕਾਰ ਹੋਇਆ ਕਰਦੇ ਸਨ।