
ਚੰਡੀਗੜ੍ਹ : ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਹੈ ਕਿ ਉਹ ਪੰਜਾਬੀਆਂ ਨੂੰ ਦੱਸੇ ਕਿ ਉਸ ਦੀ ਪਾਰਟੀ ਨੇ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਿਆਸੀ ਸ਼ਰਨ ਕਿਉਂ ਦਿੱਤੀ ਸੀ?
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼ ਬਾਦਲ ਨੇ ਕਿਹਾ ਕਿ ਬਰਗਾੜੀ ਬੇਅਦਬੀ ਕਾਂਡ ‘ਚ ਦੋਸ਼ੀ ਪਾਏ ਗਏ ਭਰਾ ਰੁਪਿੰਦਰ ਅਤੇ ਜਸਵਿੰਦਰ ਨਾ ਸਿਰਫ ਆਪ ਦਾ ਸਮਰਥਨ ਕਰ ਰਹੇ ਹਨ, ਸਗੋ ਵੋਟਰਾਂ ਨੂੰ ਲੁਭਾਉਣ ਲਈ ਉਹਨਾਂ ਨੂੰ ਆਪ ਦੀਆਂ ਸਟੇਜਾਂ ਉੱਤੇ ਵੀ ਬੁਲਾਇਆ ਗਿਆ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਕਹਿੰਦਾ ਹੈ ਕਿ ਜੇਕਰ ਆਪ ਸੱਤਾ ਵਿਚ ਆ ਗਈ ਤਾਂ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਤਾਂ ਫਿਰ ਉਹ ਉਹਨਾਂ ਭਰਾਵਾਂ ਦਾ ਸਮਰਥਨ ਕਿਉਂ ਕਰ ਰਿਹਾ ਹੈ, ਜਿਹੜੇ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਵਜੋਂ ਪਛਾਣੇ ਗਏ ਹਨ? ਇਸ ਤੋਂ ਸਪੱਸ਼ਟ ਹੈ ਕਿ ਕੇਜਰੀਵਾਲ ਵੱਖਵਾਦੀਆਂ ਨਾਲ ਮਿਲਿਆ ਹੋਇਆ ਹੈ, ਇਸ ਲਈ ਉਸ ਨੇ ਰੁਪਿੰਦਰ ਅਤੇ ਜਸਵਿੰਦਰ ਦਾ ਸਮਰਥਨ ਕੀਤਾ ਹੈ।
ਸ਼ ਬਾਦਲ ਨੇ ਕਿਹਾ ਕਿ ਕੇਜਰੀਵਾਲ ਖਾਲਿਸਤਾਨ ਕਮਾਂਡੋ ਫੋਰਸ ਦੇ ਅੱਤਵਾਦੀ ਗੁਰਿੰਦਰ ਸਿੰਘ ਘਾਲੀ ਦਾ ਵੀ ਸਮਰਥਨ ਕਰ ਰਿਹਾ ਹੈ ਅਤੇ ਇੱਥੋਂ ਤਕ ਦਾਅਵਾ ਕਰਦਾ ਹੈ ਕਿ ਉਸ ਖਿਲਾਫ ਕੋਈ ਕੇਸ ਨਹੀਂ ਹੈ। ਉਹਨਾਂ ਕਿਹਾ ਕਿ ਘਾਲੀ ਸਿਰਫ ਗੰਭੀਰ ਅਪਰਾਧਾਂ ਵਿਚ ਹੀ ਸ਼ਾਮਿਲ ਨਹੀਂ ਹੈ, ਉਸ ਉੱਤੇ ਮੌਜੂਦਾ ਸਮੇਂ ਅੰਮ੍ਰਿਤਸਰ ਵਿਚ ਕਿਸੇ ਔਰਤ ਉੱਤੇ ਹਮਲਾ ਕਰਨ ਦਾ ਵੀ ਮਾਮਲਾ ਵੀ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਕੇਜਰੀਵਾਲ ਅਜਿਹੇ ਅੱਤਵਾਦੀ ਦੀ ਵਕਾਲਤ ਕਰ ਰਿਹਾ ਹੈ, ਜਿਸ ਨੇ ਪੰਜਾਬ ਵਿਚ ਗੜਬੜ ਕਰਵਾਉਣ ਲਈ ਮੰਦਿਰਾਂ ਵਿਚ ਗਊਆਂ ਦੀ ਕੱਟੀਆਂ ਪੂਛਾਂ ਸੁੱਟੀਆਂ ਸਨ।
ਕੇਜਰੀਵਾਲ ਨੂੰ ਝੂਠਾ ਕਰਾਰ ਦਿੰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਤੁਸੀਂ ਸਾਫ ਝੂਠ ਬੋਲ ਕੇ ਦੂਜਿਆਂ ਉੱਤੇ ਦੋਸ਼ ਲਾਉਣ ਦੀ ਕੋਸ਼ਿæਸ਼ ਕਰ ਸਕਦੇ ਹੋ, ਪਰ ਲੋਕ ਹੁਣ ਤੁਹਾਡਾ ਯਕੀਨ ਨਹੀਂ ਕਰਦੇ। ਉਹਨਾਂ ਨੇ ਤੁਹਾਨੂੰ ਕਈ ਵਾਰ ਝੂਠ ਬੋਲਦਿਆਂ ਫੜ ਲਿਆ ਹੈ। ਹੁਣ ਤੁਹਾਨੂੰ ਲੋਕਾਂ ਨੂੰ ਦੱਸਣਾ ਪਵੇਗਾ ਕਿ ਤੁਸੀਂ ਪੰਜਾਬ ਦੀ ਸ਼ਾਂਤੀ ਭੰਗ ਕਰਨ ਲਈ ਕਿAੁਂ ਵੱਖਵਾਦੀਆਂ ਨਾਲ ਗਠਜੋੜ ਕਰ ਰਹੇ ਹੋ? ਜੇਕਰ ਤੁਸੀਂ ਜੁਆਬ ਨਾ ਦਿੱਤਾ ਤਾਂ ਸਾਬਿਤ ਹੋ ਜਾਵੇਗਾ ਕਿ ਤੁਸੀਂ ਵੱਖਵਾਦੀਆਂ ਅਤੇ ਉਹਨਾਂ ਦੇ ਹਮਦਰਦਾਂ ਦਾ ਸਮਰਥਨ ਲੈਣ ਲਈ ਪੰਜਾਬ ਨੂੰ ਮੁੜ ਹਿੰਸਾ ਦੀ ਅੱਗ ਵਿਚ ਧੱਕਣਾ ਚਾਹੁੰਦੇ ਹੋ।
ਸ਼ ਬਾਦਲ ਨੇ ਕਿਹਾ ਕਿ ਕੇਜਰੀਵਾਲ ਲਈ ਤਾਂ ਰਾਸ਼ਟਰੀ ਏਕਤਾ ਵੀ ਕੋਈ ਮਾਇਨੇ ਨਹੀਂ ਰੱਖਦੀ। ਇਸ ਦੇ ਉਲਟ ਮੁੱਖ ਮੰਤਰੀ ਸ਼ ਪਰਕਾਸ਼ ਸਿੰਘ ਬਾਦਲ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਦਾ ਮੁਜੱਸਮਾ ਹਨ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਰੀਆਂ ਵੱਖਵਾਦੀ ਤਾਕਤਾਂ ਨੂੰ ਨਕਾਰ ਕੇ ਬਾਦਲ ਸਾਹਿਬ ਦੇ ਹੱਥ ਮਜ਼ਬੂਤ ਕਰਨ, ਜਿਹੜੇ ਤਰੱਕੀ ਦੇ ਰਾਹ ਉੱਤੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲੇ ਹਨ।
ਸ਼ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਆਪ ਦੇ ਨਾਂਹਪੱਖੀ ਚੋਣ -ਪ੍ਰਚਾਰ ਦੇ ਉਲਟ ਅਕਾਲੀ-ਭਾਜਪਾ ਨੇ ਆਪਣੇ ਵਿਕਾਸ ਕਾਰਜਾਂ ਦੀ ਗੱਲ ਕਰਦੇ ਹੋਏ ਹਾਂ-ਪੱਖੀ ਚੋਣ ਮੁਹਿੰਮ ਚਲਾਈ ਹੈ। ਅਸੀਂ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ। ਮੈਂ ਪੰਜਾਬੀਆਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਅਸੀਂ ਇਸ ਵਾਰ ਕਿਸਾਨਾਂ ਦੇ ਕਰਜ਼ੇ ਮਾਫ ਕਰਨ, ਕਣਕ ਅਤੇ ਝੋਨੇ ਉੱਤੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ , ਬੇਘਰੇ ਲੋਕਾਂ ਨੂੰ ਪੱਕੇ ਮਕਾਨ ਬਣਾਉਣ ਅਤੇ ਰਿਆਇਤੀ ਦਰਾਂ ਉੱਤੇ ਖੰਡ ਅਤੇ ਘਿਓ ਦੇਣ ਦੇ ਸਾਰੇ ਵਾਅਦੇ ਪੂਰੇ ਕਰਾਂਗੇ।