best platform for news and views

ਕੁੱਝ ਪਰਿਵਾਰਾਂ ਤੱਕ ਸੀਮਿਤ ਹੁੰਦੀ ਜਾ ਰਹੀ ਪੰਜਾਬ ਦੀ ਸਿਆਸਤ

Please Click here for Share This News
ਹਮੀਰ ਸਿੰਘ 

ਚੰਡੀਗੜ੍ਹ : ਸਿਆਸਤ ਦੇ ਵਪਾਰਕ ਮੋੜ ਲੈਣ ਨਾਲ ਇਸ ਵਿੱਚ ਆਗੂਆਂ ਦੇ ਪਰਿਵਾਰਾਂ ਦੀ ਦਿਲਚਸਪੀ ਤੇ ਦਖ਼ਲ ਦੋਹੇਂ ਵੱਧ ਗਏ ਹਨ। ਜਮਹੂਰੀ ਪ੍ਰਬੰਧ ਦੇ ਬਾਵਜੂਦ ਅਜਿਹਾ ਤਾਣਾ ਬਾਣਾ ਬੁਣਿਆ ਜਾ ਚੁੱਕਾ ਹੈ ਕਿ ਸਿਆਸਤ ਦੀ ਇਹ ਖੇਡ ਕੁਝ ਪਰਿਵਾਰਾਂ ਤੱਕ ਸੀਮਤ ਹੁੰਦੀ ਜਾ ਰਹੀ ਹੈ। ਪੁੱਤਰਾਂ, ਪਤਨੀਆਂ ਅਤੇ ਭਤੀਜਿਆਂ ਤੋਂ ਬਾਅਦ ਜਵਾਈਆਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਸੱਤਾ ਦੀ ‘ਮਲ਼ਾਈ’ ਵਿੱਚ ਹਿੱਸੇਦਾਰ ਬਣਾਉਣ ਦਾ ਰੁਝਾਨ ਟਿਕਟਾਂ ਦੀ ਵੰਡ ਤੋਂ ਹੀ ਦਿਖਾਈ ਦੇਣ ਲੱਗ ਪੈਂਦਾ ਹੈ। ਵਿਧਾਨ ਸਭਾ ਚੋਣਾਂ 2017 ਵਿੱਚ ਪਰਿਵਾਰਵਾਦ ਉੱਤੇ ਸੁਆਲ ਤਾਂ ਉੱਠ ਰਹੇ ਹਨ, ਪਰ ਜਵਾਈਆਂ, ਸਾਢੂਆਂ ਅਤੇ ਕੁੜਮਾਂ ਦਾ ਬੋਲਬਾਲਾ ਹਾਲੇ ਵੀ ਕਾਇਮ ਹੈ।
ਰਵਾਇਤੀ ਪਾਰਟੀਆਂ ਦੇ ਵੱਡੇ ਆਗੂਆਂ ਦੀਆਂ ਰਿਸ਼ਤੇਦਾਰੀਆਂ ਦੀਆਂ ਤੰਦਾਂ ਤਾਂ ਬਹੁਤ ਨੇੜਿਓਂ ਜੁੜੀਆਂ ਹੋਈਆਂ ਹਨ। ਬਦਲੇ ਹੋਏ ਮਾਹੌਲ ਅੰਦਰ ਕਾਂਗਰਸ ਨੇ ਪਹਿਲੀਵਾਰ ਇੱਕ ਪਰਿਵਾਰ ’ਚੋਂ ਇੱਕ ਨੂੰ ਹੀ ਟਿਕਟ ਦੇਣ ਦੇ ਅਸੂਲ ਨਾਲ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੇ ਜਵਾਈ ਬਿਕਰਮ ਸਿੰਘ ਬਾਜਵਾ ਟਿਕਟ ਤੋਂ ਵਾਂਝੇ ਰਹਿ ਗਏ ਹਨ। ਅਕਾਲੀ ਦਲ ਵਿੱਚ ਪੁਰਾਣੇ ਆਗੂਆਂ ਦੇ ਜਵਾਈਆਂ ਦਾ ਦਬਦਬਾ ਬਰਕਰਾਰ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੋਤਰੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਹਨ। ਕੈਰੋਂ ਪਰਿਵਾਰ ਕਾਂਗਰਸੀ ਸੀ ਅਤੇ ਦੋਹੇਂ ਮੁੱਖ ਮੰਤਰੀਆਂ ਵਿੱਚ ਰਿਸ਼ਤੇਦਾਰੀ ਪੈਣ ਤੋਂ ਬਾਅਦ 1997 ਵਿੱਚ ਆਦੇਸ਼ ਪ੍ਰਤਾਪ ਲਗਾਤਾਰ ਪੱਟੀ ਸੀਟ ਤੋਂ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜਦੇ ਆ ਰਹੇ ਹਨ। ਇਸ ਮੌਕੇ ਉਹ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਹਨ।
ਪਾਰਟੀ ਦੀ ਕਮਾਨ ਆਪਣੇ ਪੁੱਤਰ ਸੁਖਬੀਰ ਬਾਦਲ ਨੂੰ ਸੰਭਾਲਣ ਅਤੇ ਹੋਰ ਪੁਰਾਣੇ ਆਗੂਆਂ ਦੇ ਬੱਚਿਆਂ ਨੂੰ  ਸੁਖਬੀਰ ਦੀ ਅਗਵਾਈ ਵਿੱਚ ਕਤਾਰਬੰਦ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਨੇ ਦੂਸਰੇ ਆਗੂਆਂ ਦੇ ਬੱਚਿਆਂ ਨੂੰ ਵੀ ਵਿਧਾਨ ਸਭਾ ਚੋਣਾਂ ਦੌਰਾਨ ਟਿਕਟਾਂ ਨਾਲ ਨਿਵਾਜਿਆ ਸੀ। ਪੁੱਤਰਾਂ ਤੋਂ ਬਾਅਦ ਇਹ ਵਾਰੀ ਹੁਣ ਜਵਾਈਆਂ ਤੱਕ ਪੁੱਜ ਚੁੱਕੀ ਹੈ।
ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਜਵਾਈ ਕੈਪਟਨ ਤੇਜਿੰਦਰ ਪਾਲ ਸਿੰਘ ਸਿੱਧੂ ਨੂੰ ਮੁਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਬਣਾਇਆ ਗਿਆ ਹੈ। ਇਸਤਰੀ ਅਕਾਲੀ ਦਲ ਦੀ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਜਗੀਰ ਕੌਰ ਨੇ ਆਪਣੇ ਜਵਾਈ ਭੁਪਿੰਦਰ ਸਿੰਘ ਨੂੰ ਭੁੱਲਥ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰਵਾ ਦਿੱਤਾ ਹੈ। ਬੀਬੀ ਜਗੀਰ ਕੌਰ ਉੱਤੇ ਆਪਣੀ ਵੱਡੀ ਧੀ ਨੂੰ ਕਥਿਤ ਤੌਰ ’ਤੇ ਕਤਲ ਕਰਨ ਦਾ ਕੇਸ ਚੱਲ ਰਿਹਾ ਹੈ। ਉਹ ਇੱਕ ਕੇਸ ਵਿੱਚ ਸਜ਼ਾ ਹੋਣ ਕਰ ਕੇ ਚੋਣ ਨਹੀਂ ਲੜ ਸਕਦੇ।
ਮੌੜ ਮੰਡੀ ਤੋਂ ਚੋਣ ਲੜ ਰਹੇ ਪੀਡਬਲਿਊਡੀ ਮੰਤਰੀ ਜਨਮੇਜਾ ਸਿੰਘ ਸੇਖੋਂ ਵੀ ਪ੍ਰਕਾਸ਼ ਸਿੰਘ ਬਾਦਲ ਦੀ ਚਚੇਰੀ ਭੈਣ ਦੇ ਪਰਿਵਾਰ ਵਿੱਚ ਵਿਆਹੇ ਹੋਏ ਹਨ। ਪੰਜਾਬ ਦੀ ਸਿਆਸਤ ਵਿੱਚ ਦੋ ਸਾਢੂ ਵੀ ਹਮੇਸ਼ਾਂ ਚਰਚਾ ਦਾ ਵਿਸ਼ਾ ਬਣੇ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪਟਿਆਲਾ (ਸ਼ਹਿਰੀ) ਤੋਂ ਉਮੀਦਵਾਰ ਹਨ। ਉਨ੍ਹਾਂ ਦੇ ਸਾਢੂ ਸਿਮਰਨਜੀਤ ਸਿੰਘ ਮਾਨ ਨੇ ਬਰਨਾਲਾ ਅਤੇ ਅਮਰਗੜ੍ਹ ਦੋ ਹਲਕਿਆਂ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦਾ ਪੁੱਤਰ ਈਮਾਨ ਸਿੰਘ ਮਾਨ ਵੀ ਚੋਣ ਮੈਦਾਨ ਵਿੱਚ ਹੈ।
ਦਿੜ੍ਹਬਾ ਤੋਂ ਵਿਧਾਇਕ ਰਹੇ ਸੁਰਜੀਤ ਸਿੰਘ ਧੀਮਾਨ ਨੇ ਆਜ਼ਾਦ ਜਿੱਤ ਕੇ ਅਤੇ ਮੁੜ ਕਾਂਗਰਸ ਦੀ ਟਿਕਟ ਉੱਤੇ ਚੋਣ ਲੜ ਕੇ ਆਪਣੀ ਤਾਕਤ ਦਿਖਾ ਦਿੱਤੀ ਸੀ। ਇਸ ਵਾਰ ਸ੍ਰੀ ਧੀਮਾਨ ਖ਼ੁਦ ਚੋਣ ਨਹੀਂ ਲੜਨਾ ਚਾਹੁੰਦੇ ਸਨ, ਪਰ ਕਾਂਗਰਸ ਨੇ ਸ੍ਰੀ ਧੀਮਾਨ ਨੂੰ ਮੁੜ ਅਮਰਗੜ੍ਹ ਤੋਂ ਚੋਣ ਲੜਾਉਣ ਦਾ ਫ਼ੈਸਲਾ ਕਰ ਲਿਆ ਹੈ। ਸੁਰਜੀਤ ਸਿੰਘ ਧੀਮਾਨ ਦੇ ਪੁੱਤਰ ਦਾ ਵਿਆਹ ਪ੍ਰੀਤ ਕੰਬਾਈਨ ਅਤੇ ਟਰੈਕਟਰ ਨਿਰਮਾਤਾ ਹਰੀ ਸਿੰਘ ਦੀ ਧੀ ਨਾਲ ਹੋਇਆ ਹੈ। ਪ੍ਰੀਤ ਕੰਬਾਈਨ ਵੱਲੋਂ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਕਰਵਾਏ ਜਾਣ ਵਾਲੇ ਵਿਸ਼ਵ ਕਬੱਡੀ ਕੱਪ ਵਿੱਚ ਚੰਗੀ ਮਦਦ ਕੀਤੀ ਜਾਂਦੀ ਹੈ। ਸੁਖਬੀਰ ਬਾਦਲ ਨੇ ਧੂਰੀ ਵਿਧਾਨ ਸਭਾ ਸੀਟ ਤੋਂ ਹਰੀ ਸਿੰਘ ਪ੍ਰੀਤ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਉਮੀਦਵਾਰ ਐਲਾਨ ਦਿੱਤਾ ਹੈ।

(we are thankful to punjabi tribune)

Please Click here for Share This News

Leave a Reply

Your email address will not be published.