
ਜਲੰਧਰ : ਪੰਜਾਬ ‘ਚ ਪਿਛਲੇ ਕਈ ਦਹਾਕਿਆਂ ਤੋਂ ਰਿਸ਼ਤੇਦਾਰ ਹੀ ਰਾਜ ਕਰਦੇ ਆ ਰਹੇ ਹਨ। ਹਾਲਾਤ ਇਹ ਹਨ ਕਿ ਆਮ ਆਦਮੀ ਦੀ ਜਗ੍ਹਾ ਸਿਆਸੀ ਪਾਰਟੀਆਂ ਪਰਿਵਾਰ ਦੇ ਲੋਕਾਂ ਨੂੰ ਹੀ ਤਵੱਜੋ ਦੇ ਰਹੀਆਂ ਹਨ। ਭਾਵੇਂ ਅਕਾਲੀ ਦਲ ਤੇ ਕਾਂਗਰਸ ਇਕ-ਦੂਜੇ ‘ਤੇ ਪਰਿਵਾਰਵਾਦ ਨੂੰ ਹੱਲਾਸ਼ੇਰੀ ਦੇਣ ਦੇ ਦੋਸ਼ ਲਾਉਂਦੇ ਆ ਰਹੇ ਹਨ ਪਰ ਅਸਲ ‘ਚ ਇਹ ਦੋਵੇਂ ਪਾਰਟੀਆਂ ਹੀ ਪਰਿਵਾਰਵਾਦ ਨੂੰ ਵਾਧਾ ਦੇਣ ‘ਚ ਇਕ-ਦੂਜੇ ਤੋਂ ਮੋਹਰੇ ਹਨ। ਹਾਲ ਹੀ ‘ਚ ਵੰਡੀਆਂ ਗਈਆਂ ਟਿਕਟਾਂ ਤੋਂ ਅਜਿਹਾ ਲੱਗਦਾ ਹੈ ਜਿਵੇਂ ਹੋਰ ਕੋਈ ਆਮ ਵਿਅਕਤੀ ਇਨ੍ਹਾਂ ਪਾਰਟੀਆਂ ਲਈ ਚੋਣ ਲੜਨ ਦੇ ਕਾਬਲ ਨਹੀਂ। ਇੰਨਾ ਹੀ ਨਹੀਂ ਇਨ੍ਹਾਂ ਪਾਰਟੀਆਂ ਦੇ ਨੇਤਾਵਾਂ ਅਤੇ ਸੰਬੰਧਤ ਲੋਕਾਂ ਦੇ ਕਾਰੋਬਾਰ ਹੀ ਜ਼ਿਆਦਾ ਵਧੇ -ਫੁਲੇ ਹਨ। ਇਸ ਵਾਰ ਅਕਾਲੀ ਦਲ ਨੇ ਡੇਢ ਦਰਜਨ ਤੇ ਕਾਂਗਰਸ ਨੇ ਇਕ ਦਰਜਨ ਅਜਿਹੇ ਉਮੀਦਵਾਰ ਚੋਣ ਅਖਾੜੇ ‘ਚ ਉਤਾਰੇ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਮੰਤਰੀ, ਵਿਧਾਇਕ ਰਹੇ ਹਨ ਅਤੇ ਉਨ੍ਹਾਂ ਦਾ ਲੰਬੇ ਸਮੇਂ ਤੋਂ ਇਨ੍ਹਾਂ ਸੀਟਾਂ ‘ਤੇ ਕਬਜ਼ਾ ਹੈ।
ਅਕਾਲੀ ਦਲ ਨੇ ਨਵੇਂ ਚਿਹਰਿਆਂ ਦੇ ਨਾਂ ‘ਤੇ ਪਰਿਵਾਰਾਂ ‘ਚ ਵੰਡੇ ਟਿਕਟ
ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਹਲਕਾ ਭੁੱਚੋ ਤੋਂ ਉਮੀਦਵਾਰ ਮਲੋਟ ਦਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਮਲੋਟ ਤੋਂ ਵਿਧਾਇਕ ਰਹੇ ਸੁਜਾਨ ਸਿੰਘ ਦੇ ਪੁੱਤਰ ਹਨ। ਮੋਗਾ ਤੋਂ ਗਠਜੋੜ ਦੇ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਦੇ ਪਿਤਾ ਤੋਤਾ ਸਿੰਘ ਕੈਬਨਿਟ ਮੰਤਰੀ ਹਨ। ਪੱਟੀ ਤੋਂ ਅਕਾਲੀ ਦਲ ਦੇ ਉਮੀਦਵਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਾਬਕਾ ਕਾਂਗਰਸੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੋਤੇ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਹਨ।
ਮਜੀਠਾ ਤੋਂ ਬਿਕਰਮ ਮਜੀਠੀਆ ਸੁਖਬੀਰ ਬਾਦਲ ਦੇ ਸਾਲੇ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਦੇ ਭਰਾ ਹਨ। ਉੱਥੇ ਹੀ ਭੁਲੱਥ ਤੋਂ ਉਮੀਦਵਾਰ ਯੁਵਰਾਜ ਭੁਪਿੰਦਰ ਸਿੰਘ ਸਾਬਕਾ ਮੰਤਰੀ ਬੀਬੀ ਜਾਗੀਰ ਕੌਰ ਦੇ ਦਾਮਾਦ ਹਨ। ਲਹਿਰਾਗਾਗਾ ਤੋਂ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਹਨ। ਇੰਨਾ ਹੀ ਨਹੀਂ ਸੁਖਦੇਵ ਸਿੰਘ ਢੀਂਡਸਾ ਦੇ ਦਾਮਾਦ ਨੂੰ ਵੀ ਟਿਕਟ ਦਿੱਤੀ ਗਈ ਹੈ। ਕੋਟਕਪੁਰਾ ਹਲਕੇ ਦੇ ਉਮੀਦਵਾਰ ਮਨਤਾਰ ਸਿੰਘ ਬਰਾੜ ਮੰਤਰੀ ਜਸਵਿੰਦਰ ਸਿੰਘ ਬਰਾੜ ਦੇ ਪੁੱਤਰ ਹਨ। ਅਜਨਾਲਾ ਤੋਂ ਅਮਰਪਾਲ ਸਿੰਘ ਬੋਨੀ ਸਾਬਕਾ ਸਾਂਸਦ ਰਤਨ ਸਿੰਘ ਅਜਨਾਲਾ ਦੇ ਪੁੱਤਰ ਹਨ। ਇਸੇ ਤਰ੍ਹਾਂ ਅਕਾਲੀ ਦਲ ਨੇ ਸ਼ਾਮ ਚੌਰਾਸੀ ਤੋਂ ਵਿਧਾਇਕ ਅਰਜਨ ਸਿੰਘ ਮਾਨ ਦੀ ਪੁੱਤਰੀ ਮਹਿੰਦਰ ਕੌਰ ਜੋਸ਼, ਗੁਰੂ ਹਰਸਹਾਏ ਤੋਂ ਸਾਬਕਾ ਸੰਸਦ ਮੈਂਬਰ ਜ਼ੋਰਾ ਸਿੰਘ ਮਾਨ ਦੇ ਪੁੱਤਰ ਵਰਦੇਵ ਸਿੰਘ ਮਾਨ, ਖਡੂਰ ਸਾਹਿਬ ਤੋਂ ਸੰਸਦ ਮੈਂਬਰ ਤੇ ਕੈਬਨਿਟ ਮੰਤਰੀ ਰਹੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਪੁੱਤਰ ਰਵਿੰਦਰ ਸਿੰਘ ਬ੍ਰਹਮਪੁਰਾ, ਚਮਕੌਰ ਸਾਹਿਬ ਤੋਂ ਸਾਬਕਾ ਸੰਸਦ ਮੈਂਬਰ ਪਰਮਜੀਤ ਗੁਲਸ਼ਨ ਦੇ ਪਤੀ ਜਸਟਿਸ ਨਿਰਮਲ ਸਿੰਘ, ਸਨੌਰ ਵਿਧਾਨ ਸਭਾ ਹਲਕੇ ਤੋਂ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਪੁੱਤਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਅਕਾਲੀ ਦਲ ਨੇ ਕਈ ਹੋਰ ਹਲਕਿਆਂ ‘ਚ ਵੀ ਰਿਸ਼ਤੇਦਾਰ ਨੂੰ ਹੀ ਤਵੱਜੋ ਦਿੱਤੀ ਹੈ।
ਕਾਂਗਰਸ ਨੇ ਵੀ ਰਿਸ਼ਤੇਦਾਰ ਕੀਤੇ ਖੁਸ਼
ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਨੂੰਹ ਕਰਨ ਬਰਾੜ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਟਿਕਟ ਦਿੱਤੀ ਹੈ। ਅਬੋਹਰ ਤੋਂ ਸਾਬਕਾ ਸਪੀਕਰ ਬਲਰਾਮ ਜਾਖੜ ਦੇ ਪੁੱਤਰ ਸੁਨੀਲ ਜਾਖੜ, ਕਰਤਾਰਪੁਰ ਤੋਂ ਸਾਬਕਾ ਮੰਤਰੀ ਚੌਧਰੀ ਜਗਜੀਤ ਦੇ ਪੁੱਤਰ ਸੁਰਿੰਦਰ ਸਿੰਘ, ਖੇਮਕਰਨ ਤੋਂ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਦੇ ਪੁੱਤਰ ਸੁਖਪਾਲ ਸਿੰਘ ਭੁੱਲਰ, ਕਾਦੀਆਂ ਤੋਂ ਸਾਂਸਦ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫਤਿਹਜੰਗ ਸਿੰਘ ਬਾਜਵਾ, ਸੰਗਰੂਰ ਤੋਂ ਸਾਬਕਾ ਸੰਸਦ ਮੈਂਬਰ ਸੰਤ ਰਾਮ ਸਿੰਗਲਾ ਦੇ ਪੁੱਤਰ ਵਿਜੈਇੰਦਰ ਸਿੰਗਲਾ, ਜੰਡਿਆਲਾ ਤੋਂ ਸਾਬਕਾ ਮੰਤਰੀ ਸਰਦੂਲ ਸਿੰਘ ਦੇ ਪੁੱਤਰ ਸੁਖਵਿੰਦਰ ਸਿੰਘ ਅਤੇ ਮੁਕੇਰੀਆਂ ਤੋਂ ਸਾਬਕਾ ਮੰਤਰੀ ਕੇਵਲ ਕ੍ਰਿਸ਼ਨ ਦੇ ਪੁੱਤਰ ਰਜਨੀਸ਼ ਕੁਮਾਰ ਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਹੀ ਕਾਂਗਰਸ ਨੇ ਖੰਨਾ ਤੋਂ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਸਿੰਘ ਕੋਟਲੀ ਨੂੰ ਉਮੀਦਵਾਰ ਬਣਾਇਆ ਹੈ।
(this report published by jagbani. we are thankful to this institution)